‘ਕੇਜਰੀਵਾਲ ਵਿਦੇਸ਼ੀ ਏਜੰਟ, ਦੇਸ਼ ਤੇ ਦਿੱਲੀ ਲਈ ਖ਼ਤਰਾ’

5ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਜੇਪੀ ਦੇ ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਵਿਦੇਸ਼ੀ ਏਜੰਟ ਦੱਸਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੋਜ ਤਿਵਾੜੀ ਨੇ ਆਖਿਆ ਕਿ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਆਪਣੇ ਵਿਧਾਇਕਾਂ ਨੂੰ ਆਜ਼ਾਦੀ ਘੁਲਾਟੀਆ ਦੱਸਿਆ ਹੈ, ਇਸ ਲਈ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਮਨੋਜ ਤਿਵਾੜੀ ਨੇ ਕੇਜਰੀਵਾਲ ਉੱਤੇ ਪ੍ਰਧਾਨ ਮੰਤਰੀ ਨੂੰ ਗਾਲ਼ਾਂ ਕੱਢਣ ਤੇ ਸੰਵਿਧਾਨ ਦਾ ਅਪਮਾਣ ਕਰਨ ਦਾ ਦੋਸ਼ ਵੀ ਲਾਇਆ।
ਤਿਵਾੜੀ ਨੇ ‘ਆਪ’ ਪ੍ਰਤੀ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਆਖਿਆ ਕਿ ਇਹ ਦੁੱਖ ਦੀ ਗੱਲ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਜਿਹਾ ਵਿਅਕਤੀ ਹੈ ਜਿਸ ਦੇ ਵਿਧਾਇਕ ਆਪਣੀ ਪਤਨੀ ਨੂੰ ਕੁੱਟਦੇ ਹਨ, ਮਹਿਲਾਵਾਂ ਨਾਲ ਛੇੜਛਾੜ ਕਰਦੇ ਹਨ ਤੇ ਘੁਟਾਲੇ ਕਰਦੇ ਹਨ। ਉਨ੍ਹਾਂ ਆਖਿਆ ਇਸ ਸਭ ਦੇ ਬਾਵਜੂਦ ਕੇਜਰੀਵਾਲ ਨੂੰ ਆਪਣੇ ਵਿਧਾਇਕ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਿਖਾਈ ਦਿੰਦੇ ਹਨ। ਇਹ ਇਨ੍ਹਾਂ ਦੇਸ਼ ਭਗਤਾਂ ਦਾ ਅਪਮਾਣ ਹੈ।
ਉਨ੍ਹਾਂ ਆਖਿਆ ਕਿ ਦਿੱਲੀ ਵਿੱਚ ਸਰਕਾਰ ਨਾ ਚੱਲਣ ਦੇਣ ਦਾ ਦੋਸ਼ ਲਾ ਕੇ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਤਿਵਾੜੀ ਨੇ ਇਲਜ਼ਾਮ ਲਾਇਆ ਕਿ ਅਰਵਿੰਦ ਕੇਜਰੀਵਾਲ ਦੁਸ਼ਮਣ ਦੇਸ਼ ਦਾ ਏਜੰਟ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਕੇਜਰੀਵਾਲ ਦੇ ਕਿਸੇ ਵੀ ਸੰਵਿਧਾਨਕ ਅਹੁਦੇ ਉੱਤੇ ਰਹਿਣਾ ਦੇਸ਼ ਲਈ ਵੱਡਾ ਖ਼ਤਰਾ ਹੈ।
ਤਿਵਾੜੀ ਅਨੁਸਾਰ ਜਿਸ ਤਰੀਕੇ ਨਾਲ ਕੇਜਰੀਵਾਲ ਕੰਮ ਕਰ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਦਿੱਲੀ ਤੇ ਦੇਸ਼ ਦੋਵਾਂ ਲਈ ਖ਼ਤਰਨਾਕ ਹੈ। ਮਨੋਜ ਤਿਵਾੜੀ ਨੇ ਆਖਿਆ ਕਿ ਮਥੁਰਾ ਹਿੰਸਾ ਦਾ ਮਾਸਟਰ ਮਾਇੰਡ ਰਾਮ ਵਰਕਸ਼ ਯਾਦਵ ਤੇ ਕੇਜਰੀਵਾਲ ਵਿਚਾਲੇ ਸਮਾਨਤਾ ਹੈ। ਦੋਵੇਂ ਪੂਰੀ ਤਰ੍ਹਾਂ ਸੰਵਿਧਾਨ ਦੇ ਖ਼ਿਲਾਫ਼ ਹਨ।