ਕਾਕਰੋਚ ਪਾਰਟੀ ਨੂੰ ਮੁੰਬਈ ’ਚ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਮਿਲੀ

ਮੁੰਬਈ – ਮੁੰਬਈ ਪੁਲਸ ਨੇ ਕਾਕਰੋਚ ਜਨਤਾ ਪਾਰਟੀ (CJP) ਦੇ 2 ਅਕਤੂਬਰ ਨੂੰ ਸ਼ਿਵਾਜੀ ਪਾਰਕ ’ਚ ਹੋਣ ਵਾਲੇ ਪ੍ਰਦਰਸ਼ਨ ਨੂੰ ਇਜਾਜ਼ਤ ਨਹੀਂ ਦਿੱਤੀ। ਇਹ ਪ੍ਰਦਰਸ਼ਨ ਚੋਣ ਕਮਿਸ਼ਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਹੋਣਾ ਸੀ। ਪੁਲਸ ਨੇ ਹਾਈ ਕੋਰਟ ਦੇ ਹੁਕਮਾਂ, ਬੀ. ਐੱਮ. ਸੀ. ਦੀ ਇਜਾਜ਼ਤ ਨਾ ਹੋਣ ਅਤੇ ਟ੍ਰੈਫਿਕ ਪ੍ਰਭਾਵਿਤ ਹੋਣ ਦੇ ਖਦਸ਼ੇ ਦਾ ਹਵਾਲਾ ਦਿੱਤਾ। ਪੁਲਸ ਨੇ ਇਹ ਵੀ ਕਿਹਾ ਕਿ ਸ਼ਿਵਾਜੀ ਪਾਰਕ ਸਾਈਲੈਂਸ ਜ਼ੋਨ ’ਚ ਆਉਂਦਾ ਹੈ ਅਤੇ ਇਸ ਦੇ ਆਸ-ਪਾਸ ਰਿਹਾਇਸ਼ੀ ਇਲਾਕੇ ਹਨ।
ਪ੍ਰਦਰਸ਼ਨ ਨਾਲ ਟ੍ਰੈਫਿਕ ਜਾਮ ਅਤੇ ਆਸ-ਪਾਸ ਦੇ ਹਸਪਤਾਲਾਂ ਤੱਕ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਪ੍ਰਬੰਧਕਾਂ ਨੂੰ ਮੁੰਬਈ ’ਚ ਕਿਸੇ ਦੂਜੇ ਸਥਾਨ ਦਾ ਬਦਲ ਤਲਾਸ਼ਣ ਦੀ ਸਲਾਹ ਦਿੱਤੀ ਗਈ ਹੈ। ਓਧਰ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਕਿ ਨਾਗਰਿਕਾਂ ਦੀ ਆਵਾਜ਼ ਦਬਾਉਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਪ੍ਰਵਾਨਯੋਗ ਨਹੀਂ ਹਨ। ਜੇਕਰ ਸਾਨੂੰ ਪ੍ਰਦਰਸ਼ਨ ਕਰਨ ਦੇ ਅਧਿਕਾਰ ਤੋਂ ਵਾਂਝਾ ਕੀਤਾ ਗਿਆ, ਤਾਂ CJP ਗਾਂਧੀ ਜਯੰਤੀ ਦੇ ਦਿਨ ਮੁੰਬਈ ’ਚ ਜੇਲ ਭਰੋ ਅੰਦੋਲਨ ਸ਼ੁਰੂ ਕਰੇਗੀ। CJP ਨੇ 24 ਸਤੰਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ 48 ਘੰਟਿਆਂ ’ਚ ਅਸਤੀਫਾ ਦੇਣ ਦਾ ਅਲਟੀਮੇਟਮ ਦਿੱਤਾ ਸੀ। ਪਾਰਟੀ ਨੇ ਕਿਹਾ ਕਿ ਜੇਕਰ ਉਨ੍ਹਾਂ ਅਸਤੀਫਾ ਨਾ ਦਿੱਤਾ ਤਾਂ ਦੇਸ਼ ਭਰ ’ਚ ਅੰਦੋਲਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਦਿੱਲੀ ’ਚ ਪ੍ਰਦਰਸ਼ਨ ਕਰਨਗੇ।