ਚੁਕੰਦਰ ਇੱਕ ਅਜਿਹਾ ਫ਼ਲ ਹੈ ਜੋ ਹਰ ਮੌਸਮ ‘ਚ ਆਸਾਨੀ ਨਾਲ ਮਿਲ ਜਾਂਦਾ ਹੈ। ਜ਼ਿਆਦਾਤਰ ਲੋਕ ਸ਼ਰੀਰ ‘ਚ ਖ਼ੂਨ ਦੀ ਕਮੀ ਪੂਰੀ ਕਰਨ ਲਈ ਇਸ ਦਾ ਸੇਵਨ ਕਰਦੇ ਹਨ, ਪਰ ਖੂਨ ਵਧਾਉਣ ਤੋਂ ਇਲਾਵਾ ਚੁਕੰਦਰ ਖਾਣ ਨਾਲ ਵਾਲਾਂ ਦੀ ਚਮਕ ਵਧਣ ਸਮੇਤ ਸ਼ਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਵੀ ਮਿਲਦੇ ਹਨ। ਵਾਇਟਾਮਿਨਜ਼, ਖਨਿਜ, ਪੋਟੈਸ਼ੀਅਮ, ਫ਼ਾਸਫ਼ੋਰਸ, ਕੈਲਸ਼ੀਅਮ, ਸਲਫ਼ਰ, ਕਲੋਰੀਨ ਅਤੇ ਆਇਰਨ ਵਰਗੇ ਤੱਤਾਂ ਨਾਲ ਭਰਪੂਰ ਚੁਕੰਦਰ ਦਾ ਸੇਵਨ ਹੈਲਦੀ ਹਾਰਟ, ਡਾਇਬਟੀਜ਼ ਅਤੇ ਭਾਰ ਘਟਾਉਣ ‘ਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਤੁਸੀਂ ਚਮਕਦਾਰ ਸਕਿਨ ਵੀ ਪਾ ਸਕਦੇ ਹੋ। ਇਸ ਹਫ਼ਤੇ ਅਸੀਂ ਤੁਹਾਨੂੰ ਚੁਕੰਦਰ ਖਾਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਕਬਜ਼ ਨੂੰ ਕਰੇ ਦੂਰ – ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਾਜਰ ਅਤੇ ਚੁਕੰਦਰ ਦਾ ਰਸ ਮਿਲਾ ਕੇ ਦਿਨ ‘ਚ ਦੋ ਵਾਰ ਪੀਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੋ ਜਾਵੇਗੀ।
ਭਾਰ ਘਟਾਉਣ ‘ਚ ਸਹਾਇਕ – ਚੁਕੰਦਰ ‘ਚ ਐਂਟੀਔਕਸੀਡੈਂਟਸ ਭਰਪੂਰ ਮਾਤਰਾ ‘ਚ ਹੁੰਦੇ ਹਨ ਅਤੇ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਕਰ ਕੇ ਇਸ ਦਾ ਸੇਵਨ ਕਰਨ ਨਾਲ ਨਾ ਸਿਰਫ਼ ਭਾਰ ਘੱਟ ਹੁੰਦਾ ਹੈ ਸਗੋਂ ਕੰਟਰੋਲ ‘ਚ ਵੀ ਰਹਿੰਦਾ ਹੈ।
ਬਲੱਡ ਪ੍ਰੈਸ਼ਰ ਰੱਖੇ ਕੰਟਰੋਲ – ਚੁਕੰਦਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਵੀ ਸਹਾਇਕ ਹੁੰਦੀ ਹੈ। ਇਸ ਦੇ ਸੇਵਨ ਨਾਲ ਸ਼ਰੀਰ ‘ਚ ਐਨਰਜੀ ਦਾ ਪੱਧਰ ਵਧਦਾ ਹੈ ਅਤੇ ਥਕਾਨ ਦੂਰ ਹੁੰਦੀ ਹੈ।
ਤਨਾਅ ਨੂੰ ਰੱਖੇ ਦੂਰ – ਚੁਕੰਦਰ ‘ਚ ਨਾਈਟ੍ਰੇਟ ਹੁੰਦਾ ਹੈ ਜਿਸ ਨਾਲ ਦਿਮਾਗ਼ ‘ਚ ਖ਼ੂਨ ਦਾ ਸੰਚਾਲਨ ਅਤੇ ਔਕਸੀਜਨ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਦਿਮਾਗ਼ ਤੇਜ਼ ਹੁੰਦਾ ਹੈ ਸਗੋਂ ਤਨਾਅ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।
ਦਿਲ ਨੂੰ ਰੱਖੇ ਸਿਹਤਮੰਦ – ਚੁਕੰਦਰ ‘ਚ ਪਾਏ ਜਾਣ ਵਾਲਾ ਨਾਈਟ੍ਰੇਟ ਨਾਮਕ ਰਸਾਇਣ ਖ਼ੂਨ ਦੇ ਦਬਾਅ ਨੂੰ ਘੱਟ ਕਰਦਾ ਹੈ ਅਤੇ ਇਸ ‘ਚ ਮੌਜੂਦ ਬਿਊਟੇਨ ਨਾਂ ਦਾ ਤੱਤ ਖ਼ੂਨ ਨੂੰ ਜੰਮਣ ਤੋਂ ਰੋਕਦਾ ਹੈ। ਇਸ ਨਾਲ ਤੁਸੀਂ ਦਿਲ ਦੇ ਰੋਗ, ਹਾਈਪਰਟੈਨਸ਼ਨ, ਸਟਰੋਕ ਅਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦੂਰ ਰੱਖ ਸਕਦੇ ਹੋ।
ਡਾਇਬਟੀਜ਼ ‘ਚ ਫ਼ਾਇਦੇਮੰਦ – ਡਾਇਬਟੀਜ਼ ਦੇ ਰੋਗੀਆਂ ਲਈ ਚੁਕੰਦਰ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਸਹਾਇਕ ਹੁੰਦਾ ਹੈ।
ਹੱਡੀਆਂ ਲਈ ਫ਼ਾਇਦੇਮੰਦ – ਚੁਕੰਦਰ ਦੇ ਪੱਤਿਆਂ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋਕਿ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਲਾਹੇਵੰਦ ਹੁੰਦਾ ਹੈ।
ਗਰਭਵਤੀ ਔਰਤਾਂ ਲਈ ਫ਼ਾਇਦੇਮੰਦ – ਗਰਭਵਤੀ ਔਰਤਾਂ ਲਈ ਚੁਕੰਦਰ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦਾ ਹੈ ਕਿਉਂਕਿ ਇਹ ਖੂਨ ‘ਚ ਹੀਮੋਗਲੋਬਿਨ ਵਧਾਉਣ ‘ਚ ਮਦਦ ਕਰਦਾ ਹੈ। ਗਰਭਵਤੀ ਮਹਿਲਾ ਨੂੰ ਸ਼ਰੀਰ ‘ਚ ਆਇਰਨ ਦੀ ਮਾਤਰਾ ਵਧਾਉਣ ਲਈ ਚੁਕੰਦਰ ਦਾ ਰਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਚੁਕੰਦਰ ਦੇਵੇ ਚਮਕਦਾਰ ਸਕਿਨ – ਇੱਕ ਚੱਮਚ ਚੁਕੰਦਰ ਦੇ ਪੇਸਟ ‘ਚ ਇੱਕ ਚਮਚ ਮੌਇਸਚਰਾਈਜ਼ਿੰਗ ਕ੍ਰੀਮ ਚੰਗੀ ਤਰ੍ਹਾਂ ਮਿਕਸ ਕਰ ਕੇ ਲਗਾਓ। ਇਸ ਨਾਲ ਚਿਹਰਾ ਸਾਫ਼, ਫ਼ਰੈਸ਼ ਅਤੇ ਚਮਕਦਾਰ ਦਿੱਸਣ ਲੱਗੇਗਾ।
ਟੈਨਿੰਗ ਨੂੰ ਕਰੇ ਦੂਰ – ਇੱਕ
ਚੱਮਚ ਮੁਲਤਾਨੀ ਮਿੱਟੀ ‘ਚ 2-3 ਚੱਮਚ ਚੁਕੰਦਰ ਦਾ ਰਸ ਮਿਲਾ ਕੇ 10 ਮਿੰਟਾਂ ਤਕ ਚਿਹਰੇ ਅਤੇ ਗਰਦਨ ‘ਤੇ ਲਗਾਓ। ਫ਼ਿਰ ਹਲਕੇ ਹੱਥਾਂ ਦੇ ਨਾਲ ਮਸਾਜ ਕਰਨ ਤੋਂ ਬਾਅਦ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਟੈਨਿੰਗ ਦੀ ਸਮੱਸਿਆ ਦੂਰ ਹੁੰਦੀ ਹੈ।
ਵਾਲਾਂ ਲਈ ਫ਼ਾਇਦੇਮੰਦ – ਚੁਕੰਦਰ ਦੇ ਰਸ ਨੂੰ ਮਹਿੰਦੀ ‘ਚ ਮਿਲਾ ਕੇ ਲਗਾਉਣ ਨਾਲ ਨਾ ਸਿਰਫ਼ ਵਾਲਾਂ ‘ਚ ਚਮਕ ਆਉਂਦੀ ਹੈ ਸਗੋਂ ਵਾਲਾਂ ਨੂੰ ਕੁਦਰਤੀ ਹਾਈਲਾਈਟ ਵੀ ਕੀਤੇ ਜਾਂਦੇ ਹਨ।
ਸਿਕਰੀ ਤੋਂ ਦੇਵੇ ਛੁਟਕਾਰਾ – ਚੁਕੰਦਰ ਦੇ ਰਸ ‘ਚ ਸਿਰਕਾ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਸਿਰ ‘ਤੇ ਲਗਾਓ। ਫ਼ਿਰ ਸਵੇਰੇ ਉੱਠ ਕੇ ਵਾਲਾਂ ਨੂੰ ਧੋ ਲਵੋ। ਹਫ਼ਤੇ ‘ਚ ਦੋ ਵਾਰ ਅਜਿਹਾ ਕਰਨ ਨਾਲ ਵਾਲਾਂ ਦੀ ਸਿਕਰੀ ਦੂਰ ਹੋ ਜਾਵੇਗੀ।
ਬੁੱਲ੍ਹਾਂ ਨੂੰ ਬਣਾਓ ਮੁਲਾਇਮ ਅਤੇ ਗ਼ੁਲਾਬੀ – ਚੁਕੰਦਰ ਦੇ ਜੂਸ ਨੂੰ ਅੱਧੇ ਘੰਟੇ ਲਈ ਫ਼ਰਿੱਜ ‘ਚ ਰੱਖੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨਾਲ ਬੁੱਲਾਂ ‘ਤੇ ਲਗਾਓ ਅਤੇ ਸਵੇਰੇ ਉੱਠ ਕੇ ਗ਼ੁਲਾਬਜਲ ਨਾਲ ਸਾਫ਼ ਕਰ ਲਵੋ। ਅਜਿਹਾ ਕਰਨ ਦੇ ਨਾਲ ਫ਼ਟੇ ਹੋਏ ਬੁੱਲ੍ਹ ਸਹੀ ਹੋ ਜਾਣਗੇ ਅਤੇ ਕਾਲਾਪਨ ਵੀ ਦੂਰ ਹੋ ਜਾਵੇਗਾ।
ਡਾਰਕ ਸਰਕਲਜ਼ ਕਰੇ ਗ਼ਾਇਬ – ਇੱਕ ਚਮਚ ਦੇ ਰਸ ‘ਚ ਬਦਾਮ ਦੇ ਤੇਲ ਦੀਆਂ ਪੰਜ ਬੂੰਦਾਂ ਮਿਲਾ ਕੇ ਅੱਖਾਂ ਦੇ ਨੇੜੇ ਲਗਾਓ। ਫ਼ਿਰ ਉਂਗਲੀਆਂ ਦੀ ਮਦਦ ਨਾਲ ਹਲਕੇ ਹੱਥਾਂ ਨਾਲ ਪੰਜ ਮਿੰਟਾਂ ਤਕ ਅੱਖਾਂ ਨੇੜੇ ਮਸਾਜ ਕਰੋ। ਫ਼ਿਰ 30 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਵੋ। ਰੋਜ਼ਾਨਾ ਅਜਿਹਾ ਕਰਨ ਨਾਲ ਡਾਰਕ ਸਰਕਲਜ਼ ਗ਼ਾਇਬ ਹੋ ਜਾਣਗੇ।
ਸੂਰਜਵੰਸ਼ੀ










