ਨਵੀਂ ਦਿੱਲੀ— ਉੱਤਰ ਪ੍ਰਦੇਸ਼ ਪੁਲਸ ਨੇ ਕਮਲੇਸ਼ ਤਿਵਾੜੀ ਕਤਲਕਾਂਡ ‘ਚ ਇਸਤੇਮਾਲ ਹੋਇਆ ਚਾਕੂ 2 ਦਿਨ ਪਹਿਲਾਂ ਬਰਾਮਦ ਕੀਤਾ ਸੀ। ਕਮਲੇਸ਼ ਤਿਵਾੜੀ ਦੀ ਪੋਸਟਮਾਰਟਮ ਰਿਪੋਰਟ ‘ਚ ਉਨ੍ਹਾਂ ‘ਤੇ 15 ਵਾਰ ਚਾਕੂਆਂ ਨਾਲ ਵਾਰ ਕਰਨ ਅਤੇ ਇਕ ਗੋਲੀ ਮਾਰਨ ਦੀ ਗੱਲ ਸਾਹਮਣੇ ਆਈ ਸੀ। ਇਸ ਰਿਪੋਰਟ ‘ਚ ਗਲਾ ਵੱਢਣ ਦੇ 2 ਡੂੰਘੇ ਜ਼ਖਮ ਦੀ ਵੀ ਗੱਲ ਕਹੀ ਗਈ ਹੈ। 15 ਵਾਰ ਚਾਕੂਆਂ ਨਾਲ ਵਾਰ ਸਿਰਫ਼ 10 ਸੈਂਟੀਮੀਟਰ ਦੇ ਅੰਦਰ ਜਬੜੇ ਤੋਂ ਲੈ ਕੇ ਛਾਤੀ ਤੱਕ ਕੀਤੇ ਗਏ ਹਨ।
ਹੋਟਲ ‘ਚੋਂ ਹੋਏ ਸਨ ਦੋਸ਼ੀਆਂ ਦੇ ਕੱਪੜੇ ਬਰਾਮਦ
ਜ਼ਿਕਰਯੋਗ ਹੈ ਕਿ ਕਮਲੇਸ਼ ਤਿਵਾੜੀ ਦੀ ਛਾਤੀ, ਜਬੜੇ ‘ਤੇ ਚਾਕੂਆਂ ਨਾਲ ਕਈ ਵਾਰ ਕਰਨ ਤੋਂ ਬਾਅਦ ਗਲਾ ਵੀ ਵੱਢਿਆ ਗਿਆ। ਨਾਲ ਹੀ ਪਿੱਠ ‘ਤੇ ਵੀ ਚਾਕੂਆਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦੇ ਚਿਹਰੇ ‘ਤੇ ਇਕ ਗੋਲੀ ਮਾਰੀ ਗਈ ਹੈ। ਸਿਰ ਦੇ ਪਿੱਛੇ ਹਿੱਸੇ ‘ਚ 32 ਬੋਰ ਦੀ ਇਕ ਗੋਲੀ ਫਸੀ ਮਿਲੀ। ਬੀਤੇ ਸ਼ਨੀਵਾਰ ਨੂੰ ਲਖਨਊ ਪੁਲਸ ਨੇ ਕੈਸਰਬਾਗ ਦੇ ਹੋਟਲ ਤੋਂ ਦੋਹਾਂ ਦੋਸ਼ੀਆਂ ਦੇ ਕੱਪੜੇ ਬਰਾਮਦ ਕੀਤੇ ਸਨ। ਉਸੇ ਦਿਨ ਸ਼ਾਮ ਨੂੰ ਪੁਲਸ ਨੇ ਕਤਲ ‘ਚ ਇਸਤੇਮਾਲ ਹੋਇਆ ਚਾਕੂ ਵੀ ਬਰਾਮਦ ਕੀਤਾ ਸੀ। ਐਤਵਾਰ ਨੂੰ ਗੁਜਰਾਤ ਏ.ਟੀ.ਐੱਸ. ਨੇ ਖੁਲਾਸਾ ਕੀਤਾ ਸੀ ਕਿ ਕਤਲ ਦਾ ਦੋਸ਼ੀ ਅਸ਼ਫਾਕ ਫੇਸਬੁੱਕ ‘ਤੇ ਰੋਹਿਤ ਸੋਲੰਕੀ ਨਾਂ ਦੀ ਇਕ ਫਰਜ਼ੀ ਆਈ.ਡੀ. ਬਣਾ ਕੇ ਕਮਲੇਸ਼ ਤਿਵਾੜੀ ਨਾਲ ਚੈੱਟ ਕਰਦਾ ਸੀ। ਰੋਹਿਤ ਸੋਲੰਕੀ ਦੀ ਫਰਜ਼ੀ ਆਈ.ਡੀ. ਦੇ ਸਹਾਰੇ ਹੀ ਅਸ਼ਫਾਕ ਕਮਲੇਸ਼ ਤਿਵਾੜੀ ਨਾਲ ਜੁੜਿਆ ਸੀ। ਕਮਲੇਸ਼ ਤਿਵਾੜੀ ਦੀ ਪਾਰਟੀ ‘ਚ ਸ਼ਾਮਲ ਹੋਣ ਦੇ ਬਹਾਨੇ ਉਹ ਉਨ੍ਹਾਂ ਨੂੰ ਮਿਲਣ ਆਇਆ ਸੀ।
ਬੀਤੇ ਸ਼ੁੱਕਰਵਾਰ ਹੋਇਆ ਸੀ ਕਤਲ
ਜ਼ਿਕਰਯੋਗ ਹੈ ਕਿ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦਾ ਕਤਲ ਬੀਤੇ ਸ਼ੁੱਕਰਵਾਰ ਨੂੰ ਲਖਨਊ ਸਥਿਤ ਉਨ੍ਹਾਂ ਦੇ ਘਰ ‘ਚ ਕਰ ਦਿੱਤਾ ਗਿਆ ਸੀ। ਲਖਨਊ ਪੁਲਸ ਨੇ ਐਤਵਾਰ ਨੂੰ ਨਾਕਾ ਇਲਾਕੇ ਦੇ ਇਕ ਹੋਟਲ ਤੋਂ ਦੋਸ਼ੀਆਂ ਦੇ ਖੂਨ ਨਾਲ ਲਿੱਬੜੇ ਭਗਵਾ ਕੱਪੜੇ ਬਰਾਮਦ ਕੀਤੇ ਸਨ। ਹਾਲਾਂਕਿ ਵਾਰਦਾਤ ਦੇ 5 ਦਿਨ ਬਾਅਦ ਵੀ ਕਮਲੇਸ਼ ਤਿਵਾੜੀ ਦਾ ਕਾਤਲ ਹੁਣ ਫਰਾਰ ਹੈ।














