ਨਵੀਂ ਦਿੱਲੀਂ ਟੀਮ ਇੰਡੀਆ ਦੇ ਸਟਾਰ ਰਵਿੰਦਰ ਜਡੇਜਾ ਵਿਜੇ ਹਜ਼ਾਰੇ ਟਰਾਫ਼ੀ ‘ਚ ਸ਼ਾਨਦਾਰ ਸੈਂਕੜਾ ਜੜ ਕੇ ਚਰਚਾ ‘ਚ ਆ ਗਏ ਹਨ। ਜਡੇਜਾ ਨੇ ਝਾਰਖੰਡ ਦੇ ਖਿਲਾਫ਼ ਖੇਡਦੇ ਹੋਏ 116 ਗੇਂਦਾਂ ‘ਚ 113 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ‘ਚ 7 ਚੌਕੇ ਅਤੇ 4 ਛੱਕੇ ਸ਼ਾਮਲ ਹਨ। ਜਡੇਜਾ ਦਾ ਲਿਸਟ ਏ ਕ੍ਰਿਕਟ ‘ਚ ਇਹ ਦੂਜਾ ਸੈਂਕੜਾ ਵੀ ਹੈ। ਜਡੇਜਾ ਦੇ ਸੈਂਕੜੇ ਦੇ ਦਮ ‘ਤੇ ਸੌਰਾਸ਼ਟਰ ਦੀ ਟੀਮ ਨੇ 329 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਝਾਰਖੰਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਜਡੇਜਾ ਪਿਛਲੇ ਕੁਝ ਸਮੇਂ ਤੋਂ ਵਨਡੇ ਟੀਮ ਤੋਂ ਬਾਹਰ ਚਲ ਰਹੇ ਹਨ। ਅਜਿਹੇ ‘ਚ ਵਿਜੇ ਹਜ਼ਾਰੇ ਟਰਾਫ਼ੀ ‘ਚ ਸੈਂਕੜੇ ਵਾਲੀ ਪਾਰੀ ਖੇਡ ਕੇ ਉਨ੍ਹਾਂ ਨੇ ਟੀਮ ‘ਚ ਵਾਪਸੀ ਦੀ ਦਾਅਵੇਦਾਰੀ ਮਜ਼ਬੂਤ ਕੀਤੀ ਹੈ। ਇਸ ਪਾਰੀ ਦੇ ਬਾਅਦ ਜਡੇਜਾ ਨੇ ਕਿਹਾ ਕਿ ਉਹ ਆਪਣੀ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ‘ਚ ਵੀ ਟੀਮ ਦੇ ਲਈ ਯੋਗਦਾਨ ਦੇਣਾ ਚਾਹੁੰਦੇ ਹਨ।
ਇਕ ਇੰਟਰਵਿਊ ‘ਚ ਜਡੇਜਾ ਨੇ ਕਿਹਾ, ”ਧੋਨੀ ਭਰਾ ਨੇ ਮੈਨੂੰ ਉਪਰ ਬੱਲੇਬਾਜ਼ੀ ਕਰਨ ਦੀ ਸਲਾਹ ਦਿੱਤੀ ਹੈ ਅਤੇ ਸ਼ਾਇਦ ਆਈ.ਪੀ.ਐੱਲ. ‘ਚ ਵੀ ਟੀਮ ਦੇ ਲਈ ਮੈਂ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰ ਸਕਦਾ ਹਾਂ।” ਜਡੇਜਾ ਆਈ.ਪੀ.ਐੱਲ. ਸੀਜ਼ਨ-11 ‘ਚ ਚੇਨਈ ਸੁਪਰਕਿੰਗਸ ਵੱਲੋਂ ਖੇਡਦੇ ਨਜ਼ਰ ਆਉਣਗੇ। ਦੋ ਸਾਲ ਬਾਅਦ ਆਈ.ਪੀ.ਐੱਲ. ‘ਚ ਵਾਪਸੀ ਕਰ ਰਹੀ ਸੀ.ਐੱਸ.ਕੇ. ਦੀ ਟੀਮ ਨੇ ਜਡੇਜਾ ਨੂੰ ਰਿਟੇਨ ਕੀਤਾ ਹੈ। ਜਡੇਜਾ ਨੇ ਕਿਹਾ, ”ਮੇਰੇ ‘ਚ ਇਕ ਸੰਪੂਰਨ ਬੱਲੇਬਾਜ਼ ਦਾ ਗੁਣ ਹੈ ਅਤੇ ਹੁਣ ਮੈਂ ਇਕ ਪਾਰਟ ਟਾਈਮ ਬੱਲੇਬਾਜ਼ ਨਹੀਂ ਸਗੋਂ ਟੀਮ ‘ਚ ਨਿਯਮਿਤ ਬੱਲੇਬਾਜ਼ ਦੇ ਤੌਰ ‘ਤੇ ਖੁਦ ਨੂੰ ਢਾਲਣ ਦੀ ਕੋਸ਼ਿਸ਼ ਕਰਾਂਗਾ। ਹੁਣ ਮੈਂ ਟੀਮ ਲਈ ਵੱਡੀ ਪਾਰੀ ਖੇਡਣਾ ਚਾਹੁੰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਅੰਤ ‘ਚ ਆ ਕੇ ਮੈਂ 10 ਜਾਂ 20 ਦੌੜਾਂ ਦੀ ਪਾਰੀ ਖੇਡਾਂ। ਟੀਮ ਲਈ ਮੈਂ ਇਕ ਮੁੱਖ ਬੱਲੇਬਾਜ਼ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਕਿ ਮੈਂ ਝਾਰਖੰਡ ਦੇ ਖਿਲਾਫ਼ ਕੀਤਾ ਹੈ।”
ਜਡੇਜਾ ਭਾਰਤੀ ਟੀਮ ਦੇ ਬਿਹਤਰੀਨ ਆਲਰਾਊਂਡਰ ‘ਚੋਂ ਇਕ ਹਨ। ਜਡੇਜਾ ਨਾ ਸਿਰਫ਼ ਆਪਣੀ ਗੇਂਦਬਾਜ਼ੀ ਨਾਲ ਸਗੋਂ ਬੱਲੇਬਾਜ਼ੀ ਨਾਲ ਵੀ ਟੀਮ ਦੇ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ। ਅਜਿਹੇ ‘ਚ ਆਈ.ਪੀ.ਐੱਲ. ‘ਚ ਜਡੇਜਾ ਸੀ.ਐੱਸ.ਕੇ. ਲਈ ਇਕ ਅਹਿਮ ਕਿਰਦਾਰ ‘ਚ ਨਜ਼ਰ ਆ ਸਕਦੇ ਹਨ। ਜਡੇਜਾ ਟੀਮ ਲਈ 35 ਟੈਸਟ, 136 ਵਨਡੇ ਅਤੇ 40 ਟੀ-20 ਮੈਚ ਖੇਡ ਚੁੱਕੇ ਹਨ। ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਜਡੇਜਾ ਨੇ ਟੈਸਟ ‘ਚ 1176 ਅਤੇ ਵਨਡੇ ‘ਚ 1914 ਦੌੜਾਂ ਬਣਾਈਆਂ ਹਨ ਜਦਕਿ ਟੀ-20 ‘ਚ 116 ਦੌੜਾਂ ਜੋੜੀਆਂ ਹਨ। ਜਦਕਿ ਗੇਂਦਬਾਜ਼ੀ ‘ਚ ਜਡੇਜਾ ਨੇ ਟੈਸਟ ਕ੍ਰਿਕਟ ‘ਚ 165 ਅਤੇ ਵਨਡੇ ‘ਚ 155 ਵਿਕਟ ਆਪਣੇ ਨਾਂ ਕੀਤਾ ਹੈ ਜਦਕਿ ਟੀ-20 ‘ਚ 31 ਵਿਕਟ ਝਟਕਾਏ ਹਨ।










