ਨਾਗਪੁਰ: ਕੌਮਾਂਤਰੀ ਕ੍ਰਿਕਟ ‘ਚ ਸ਼ਾਨਦਾਰ ਵਾਪਸੀ ਤੋਂ ਬਾਅਦ ਅਨੁਭਵੀ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਉਮਰ ਨੂੰ ਲੈਕੇ ਆਲੋਚਨਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੈਅ ਹਾਸਲ ਕਰਨ ਲਈ ਸਿਰਫ਼ ਇਕ ਅਭਿਆਸ ਮੈਚ ਦੀ ਜ਼ਰੂਰਤ ਹੈ। ਨਹਿਰਾ ਨੇ ਐਤਵਾਰ ਨੂੰ ਇੰਗਲੈਂਡ ਖਿਲਾਫ਼ ਦੂਜੇ ਟੀ-20 ਮੈਚ ‘ਚ ਲਗਾਤਾਰ ਦੋ ਗੇਂਦਾ ‘ਤੇ ਵਿਕਟ ਲਏ ਅਤੇ ਬਾਅਦ ‘ਚ ਇਕ ਵਿਕਟ ਹੋਰ ਝਟਕਾਇਆ। ਭਾਰਤ ਨੇ ਇਹ ਮੈਚ ਪੰਜ ਦੌੜਾ ਨਾਲ ਜਿੱਤ ਲਿਆ।
ਨਹਿਰਾ ਨੇ ਕਿਹਾ ਕਿ ਮੈਂ 50 ਓਵਰ ਖੇਡਾਂ ਜਾਂ ਟੀ-20 ਜਾਂ ਫ਼ਿਰ ਨੈੱਟ ‘ਤੇ ਇਕ ਸਟੰਪ ਦੇ ਸਾਹਮਣੇ ਹੀ ਗੇਂਦਬਾਜ਼ੀ ਕਿਉਂ ਨਾ ਕਰ ਰਿਹਾ ਹੋਵਾਂ, ਮੇਰੇ ਅਭਿਆਸ ‘ਚ ਕੋਈ ਕਮੀ ਨਹੀਂ ਹੈ । ਮੈਨੂੰ ਲੈਅ ਹਾਸਲ ਕਰਨ ਦੇ ਲਈ ਬਸ ਇਕ ਮੈਚ ਦੀ ਜ਼ਰੂਰਤ ਹੁੰਦੀ ਹੈ। ਨਹਿਰਾ ਨੇ ਭਾਰਤ ‘ਚ 2016’ਚ ਹੋਏ ਟੀ-20 ਵਿਸ਼ਵ ਕੱਪ ਅਤੇ ਆਈ. ਪੀ. ਐੱਲ ਖੇਡਿਆ ਸੀ, ਜਿਸਤੋਂ ਬਾਅਦ ਉਨ੍ਹਾਂ ਨੂੰ ਗੋਡੇ ਦੇ ਆਪਰੇਸ਼ਨ ਕਾਰਨ ਬਰੇਕ ਲੈਣੀ ਪਈ।
ਉਨ੍ਹਾਂ ਨੇ ਕਿਹਾ ਕਿ ਮੈਂ ਅਜੇ ਤੱਕ ਘਰੇਲੂ ਕ੍ਰਿਕਟ ਖੇਡਾਂਗਾ ਅਤੇ ਫ਼ਿਰ ਆਈ.ਪੀ.ਐੱਲ ਵੀ ਹੋਣਾ ਹੈ, ਮੇਰਾ ਮੰਨਣਾ ਹੈ ਕਿ ਗੇਂਦਬਾਜ਼ ਅਤੇ ਬੱਲੇਬਾਜ਼ ਦੇ ਲਈ ਮੈਚ ਅਭਿਆਸ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਜਾਂ ਮਹਿੰਦਰ ਸਿੰਘ ਧੋਨੀ ਵਰਗੇ ਖਿਡਾਰੀ ਜੋ ਕਿ ਫ਼ਿਲਹਾਲ ਟੈਸਟ ਕ੍ਰਿਕਟ ਨਹੀਂ ਖੇਡ ਰਹੇ, ਸਾਨੂੰ ਘਰੇਲੂ ਕ੍ਰਿਕਟ ਖੇਡਣਾ ਹੋਵੇਗਾ ਅਤੇ ਆਖਰ ‘ਚ ਅਨੁਭਵ ਮਾਇਨੇ ਰੱਖਦਾ ਹੈ। ਨਹਿਰਾ ਨੇ ਇਸ ਗੱਲ ਨੂੰ ਖਾਰਜ਼ ਕੀਤਾ ਕਿ ਉਮਰ ਉਨ੍ਹਾਂ ਦੇ ਅੱਗੇ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਮਰ ਸਿਰਫ਼ ਇਕ ਗਿਣਤੀ ਹੈ ਅਤੇ ਫ਼ਿੱਟ ਰਹਿਣ ਤੱਕ ਖੇਡਦਾ ਰਹਾਂਗਾ।












