
ਪੰਜਾਬੀ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲੀ ਨਿਮਰਤ ਖਹਿਰਾ ਨੇ ਸਾਫ਼-ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ ‘ਚ ਖ਼ਾਸ ਪਛਾਣ ਬਣਾਈ। ਨਿਮਰਤ ਖਹਿਰਾ ਨੇ ਬੀਤੇ ਹਫ਼ਤੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਉਸ ਦੇ ਜਨਮਦਿਨ ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਸਨ। ਸੋਸ਼ਲ ਮੀਡੀਆ ‘ਤੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਸੀ। ਨਿਮਰਤ ਖਹਿਰਾ ਦੇ ਸੋਸ਼ਲ ਮੀਡੀਆ ਐਕਾਊਂਟ ‘ਤੇ ਲੋਕ ਲਗਤਾਰ ਕੌਮੈਂਟ ਕਰ ਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਸਨ। ਨਿਮਰਤ ਖਹਿਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ ‘ਚ 1992 ‘ਚ ਹੋਇਆ ਸੀ। ਉਸ ਦਾ ਪੂਰਾ ਨਾਂ ਨਿਮਰਤਪਾਲ ਕੌਰ ਖਹਿਰਾ ਹੈ।
ਨਿਮਰਤ ਖਹਿਰਾ ਨੇ ਹੁਣ ਤਕ ਜੋ ਵੀ ਗੀਤ ਸਰੋਤਿਆਂ ਦੀ ਝੋਲੀ ‘ਚ ਪਾਏ ਹਨ ਉਨ੍ਹਾਂ ‘ਚ ਉਸ ਨੇ ਸਭਿਆਚਾਰਕ ਗੀਤਾਂ ਦੀਆਂ ਲੜੀਆਂ ਨੂੰ ਪਿਰੋ ਕੇ ਪਾਇਆ ਹੈ। ਨਿਮਰਤ ਖਹਿਰਾ ਉਨ੍ਹਾਂ ਨਾਮੀ ਗਾਇਕਾਂ ‘ਚ ਮਸ਼ਹੂਰ ਹੈ ਜੋ ਸਾਫ਼-ਸੁਥਰੀ ਅਤੇ ਸਭਿਆਚਾਰਕ ਗਾਇਕੀ ਨਾਲ ਜਾਣੇ ਜਾਂਦੇ ਹਨ।
ਸਕੂਲ ਦੀ ਪੜ੍ਹਾਈ ਤੋਂ ਬਾਅਦ ਨਿਮਰਤ ਖਹਿਰਾ ਨੇ BA ਦੀ ਪੜ੍ਹਾਈ HMV ਕਾਲਜ ਜਲੰਧਰ ਤੋਂ ਪੂਰੀ ਕੀਤੀ। ਉਸ ਦਾ ਪਹਿਲਾ ਗੀਤ ਰੱਬ ਕਰ ਕੇ ਨਿਸ਼ਾਂਤ ਭੁੱਲਰ ਨਾਲ ਆਇਆ ਸੀ। ਦੂਜਾ ਗੀਤ ਐੱਸ. ਪੀ. ਦੇ ਰੈਂਕ ਵੀ ਹਿੱਟ ਗੀਤ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ, ਅਤੇ ਉਸ ਨੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ। ਸਾਲ 2012 ‘ਚ ਕਰਵਾਏ ਗਏ ਸ਼ੋਅ ਵੌਇਸ ਔਫ਼ ਪੰਜਾਬ ‘ਚ ਭਾਗ ਲੈ ਕੇ ਵੌਇਸ ਔਫ਼ ਪੰਜਾਬ ਦਾ ਖ਼ਿਤਾਬ ਜਿੱਤਿਆ। ਉਸ ਤੋਂ ਬਾਅਦ ਹੀ ਉਸ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ। ਯੂਥ ਫ਼ੈਸਟੀਵਲਾਂ ‘ਚ ਵੀ ਉਹ ਭਾਗ ਲੈਂਦੀ ਸੀ। ਉਸ ਨੂੰ ਗਾਇਕੀ ਤੋਂ ਇਲਾਵਾ ਜਿੰਮ ਅਤੇ ਪੜ੍ਹਨ, ਯੋਗਾ ਅਤੇ ਅਦਾਕਾਰੀ ਦਾ ਸ਼ੌਕ ਹੈ। ਕੌਰ ਬੀ ਅਤੇ ਦਿਲਜੀਤ ਦੋਸਾਂਝ, ਗੈਰੀ ਸੰਧੂ ਉਸ ਦੇ ਪਸੰਦੀਦਾ ਕਲਾਕਾਰ ਹਨ। ਪੀਲਾ ਰੰਗ ਉਸ ਨੂੰ ਬਹੁਤ ਪਸੰਦ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਨਿਮਰਤ ਖਹਿਰਾ ਦੀ ਜ਼ਿੰਦਗੀ ‘ਚ ਬੇਹੱਦ ਬੁਰਾ ਪਲ ਕਿਹੜਾ ਸੀ।
ਦਰਅਸਲ ਨਿਮਰਤ ਖਹਿਰਾ ਨੇ ਸਕੂਲ ‘ਚ ਜਦੋਂ ਉਹ ਅੱਠਵੀਂ ਜਾਂ ਸੱਤਵੀਂ ਜਮਾਤ ‘ਚ ਪੜ੍ਹਦੀ ਸੀ ਤਾਂ ਸਕੂਲ ‘ਚ ਕੋਈ ਪ੍ਰੋਗਰਾਮ ਹੋ ਰਿਹਾ ਸੀ ਅਤੇ ਉਹ ਵੀ ਪਰਫ਼ੌਰਮ ਕਰਨ ਲਈ ਗਈ, ਪਰ ਜਿਉਂ ਹੀ ਉਸ ਨੇ ਮਾਈਕ ਫ਼ੜ੍ਹਿਆ ਤਾਂ ਕਿਸੇ ਨੇ ਉਸ ਤੋਂ ਮਾਈਕ ਖੋਹ ਲਿਆ ਅਤੇ ਇਸ ਕਾਰਨ ਉਸ ਦੇ ਬਾਲ ਮਨ ‘ਤੇ ਡੂੰਘੀ ਸੱਟ ਵੱਜੀ। ਉਸ ਤੋਂ ਬਾਅਦ ਹੀ ਨਿਮਰਤ ਨੇ ਫ਼ੈਸਲਾ ਕਰ ਲਿਆ ਕਿ ਉਹ ਗਾਇਕੀ ਦੇ ਖ਼ੇਤਰ ‘ਚ ਹੀ ਕੁੱਝ ਕਰ ਕੇ ਦਿਖਾਏਗੀ। ਫ਼ਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਨਿਮਰਤ ਖਹਿਰਾ ਨੂੰ ਆਪਣੀ ਜ਼ਿੰਦਗੀ ‘ਚ ਅਸਲੀ ਪਛਾਣ ਗੀਤ ਇਸ਼ਕ ਕਚਹਿਰੀ ਰਾਹੀਂ ਮਿਲੀ ਸੀ। ਇਸ ਗੀਤ ਤੋਂ ਇਲਾਵਾ ਉਹ ਸੈਲਿਊਟ ਵੱਜਦੇ, ਰੌਹਬ ਰੱਖਦੀ, ਤਾਂ ਵੀ ਚੰਗਾ ਲੱਗਦਾ, ਅੱਖਰ, ਡੇ. ਜੇ. ਵਾਲਿਆ, ਲਕੀਰਾਂ, ਗਾਨੀ, ਵੇਖ ਨੱਚਦੀ, ਦੀਦਾਰ, ਰੂਲ ਬ੍ਰੇਕਰ ਵਰਗੇ ਗੀਤਾਂ ਨਾਲ ਲੋਕਾਂ ਦੀਆਂ ਧੜਕਨਾਂ ਨੂੰ ਛੂਹਿਆ ਅਤੇ ਆਪਣੇ ਲਈ ਇੱਕ ਮੁਕਾਮ ਬਣਾਇਆ।











