ਨਵੀਂ ਦਿੱਲੀ – ਕਾਕਰੋਚ ਜਨਤਾ ਪਾਰਟੀ (CJP) ਨੇ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘੀ ਸਮੀਖਿਆ (ਐੱਸ. ਆਈ. ਆਰ.) ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪਹਿਲੀ ਨਵੰਬਰ ਨੂੰ ਹੋਣ ਵਾਲੀ ‘ਇੰਡੀਆ’ ਗੱਠਜੋੜ ਦੀ ਰੈਲੀ ਨੂੰ ਬੁੱਧਵਾਰ ਨੂੰ ਸਮਰਥਨ ਦਿੱਤਾ। ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਐੱਸ. ਆਈ. ਆਰ. ਪ੍ਰਕਿਰਿਆ ਦੌਰਾਨ ਯੋਗ ਵੋਟਰਾਂ ਦੇ ਨਾਂ ਵੋਟਰ ਸੂਚੀ ਵਿਚੋਂ ਹਟਾਏ ਜਾਣ ਸਬੰਧੀ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਹਨ। CJP ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਇਸ ਸਿਧਾਂਤ ਨੂੰ ਕਮਜ਼ੋਰ ਕਰ ਰਿਹਾ ਹੈ ਕਿ ਜਨਤਾ ਆਪਣੀ ਸਰਕਾਰ ਚੁਣੇ, ਨਾ ਕਿ ਸਰਕਾਰ ਆਪਣੇ ਵੋਟਰਾਂ ਨੂੰ ਚੁਣੇ।
ਉਸ ਨੇ ਕਿਹਾ,“ਐੱਸ. ਆਈ. ਆਰ. ਰਾਹੀਂ ਇਸ ਸਿਧਾਂਤ ਨੂੰ ਕਮਜ਼ੋਰ ਕਰ ਕੇ ਗਿਆਨੇਸ਼ ਕੁਮਾਰ ਨੇ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਲੋੜੀਂਦਾ ਭਰੋਸਾ ਗੁਆ ਦਿੱਤਾ ਹੈ। ਇਸ ਲਈ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਤੇ ਆਜ਼ਾਦੀ ਬਹਾਲ ਕਰਨ ਲਈ ਉਨ੍ਹਾਂ ਦਾ ਅਸਤੀਫ਼ਾ ਜ਼ਰੂਰੀ ਹੈ।” ਸੰਵਿਧਾਨ ਸਭਾ ਵੱਲੋਂ ਸਾਰੇ ਬਾਲਗਾਂ ਨੂੰ ਵੋਟ ਦਾ ਅਧਿਕਾਰ ਦੇਣ ਦੀ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਪਾਰਟੀ ਨੇ ਕਿਹਾ ਕਿ ਡਾ. ਬੀ. ਆਰ. ਅੰਬੇਡਕਰ, ਜਵਾਹਰ ਲਾਲ ਨਹਿਰੂ ਅਤੇ ਸੰਵਿਧਾਨ ਬਣਾਉਣ ਵਾਲੀਆਂ ਹੋਰ ਸ਼ਖ਼ਸੀਅਤਾਂ ਨੇ ਜਨਤਾ ’ਤੇ ਭਰੋਸਾ ਜਤਾਇਆ ਸੀ, ਜਦੋਂਕਿ ਉਸ ਸਮੇਂ ਲੱਖਾਂ ਭਾਰਤੀਆਂ ਨੇ ਕਦੇ ਵੀ ਚੋਣਾਂ ਵਿਚ ਹਿੱਸਾ ਨਹੀਂ ਲਿਆ ਸੀ।















