ਆਜ਼ਮ ਖਾਨ ਦੀ ਯੂਨੀਵਰਸਿਟੀ ‘ਤੇ ਛਾਪਾ, ਭਾਰੀ ਪੁਲਸ ਫੋਰਸ ਮੌਜੂਦ

ਰਾਮਪੁਰ— ਸਪਾ ਸੰਸਦ ਮੈਂਬਰ ਆਜ਼ਮ ਖਾਨ ਦੇ ਡਰੀਮ ਪ੍ਰਾਜੈਕਟ ਮੁਹੰਮਦ ਜੌਹਰ ਅਲੀ ਯੂਨੀਵਰਸਿਟੀ ‘ਤੇ ਮੰਗਲਵਾਰ ਦੁਪਹਿਰ ਪੁਲਸ ਦਾ ਛਾਪਾ ਪਿਆ। ਖਬਰ ਹੈ ਕਿ ਪੁਲਸ ਯੂਨੀਵਰਸਿਟੀ ‘ਚ ਜ਼ਮੀਨ ਦੀ ਪੈਮਾਇਸ਼ (ਮੀਟਰਿੰਗ) ਕਰਨ ਗਈ ਹੈ। ਇਸ ਦੌਰਾਨ ਪੁਲਸ ਨੇ ਯੂਨੀਵਰਸਿਟੀ ਦੀ ਲਾਇਬਰੇਰੀ ‘ਚ ਜਾ ਕੇ ਵੀ ਜਾਂਚ ਕੀਤੀ। ਛਾਪੇ ਦੌਰਾਨ ਪੱਤਰਕਾਰਾਂ ਅਤੇ ਮੀਡੀਆਕਰਮਚਾਰੀਆਂ ਨੂੰ ਵੀ ਕੈਂਪ ਦੇ ਅੰਦਰ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਕੈਂਪ ਦੇ ਬਾਹਰ ਭਾਰੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਹੈ। ਆਸ ਹੈ ਕਿ ਬਾਹਰ ਆਉਣ ਤੋਂ ਬਾਅਦ ਪੁਲਸ ਅਧਿਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰ ਕੇ ਮਾਮਲੇ ਦੀ ਪੂਰੀ ਜਾਣਕਾਰੀ ਦੇਣਗੇ।
ਜ਼ਿਕਰਯੋਗ ਹੈ ਕਿ ਜੌਹਰ ਯੂਨੀਵਰਸਿਟੀ ‘ਚ ਇਹ ਛਾਪਾ ਉਸ ਸਮੇਂ ਪਿਆ ਹੈ, ਜਦੋਂ ਪਹਿਲਾਂ ਤੋਂ ਹੀ ਆਜ਼ਮ ਖਾਨ ਜ਼ਮੀਨ ਕਬਜ਼ਾਉਣ ਦੇ ਮਾਮਲੇ ‘ਚ ਕਈ ਕੇਸਾਂ ‘ਚ ਘਿਰੇ ਹੋਏ ਹਨ। ਆਜ਼ਮ ਖਾਨ ‘ਤੇ ਪਹਿਲਾਂ ਤੋਂ ਹੀ ਅਜੀਮਨਗਰ ਥਾਣੇ ‘ਚ ਜ਼ਮੀਨ ਹੜਪਨ ਨੂੰ ਲੈ ਕੇ ਕੁੱਲ 27 ਮੁਕੱਦਮੇ ਦਰਜ ਹਨ। ਛਾਪਾ ਮਾਰਨ ਲਈ ਯੂਨੀਵਰਸਿਟੀ ‘ਚ ਭਾਰੀ ਪੁਲਸ ਫੋਰਸ ਪਹੁੰਚੀ ਹੈ। ਮੌਕੇ ‘ਤੇ ਕਈ ਪੁਲਸ ਗੱਡੀਆਂ ਲੱਗੀਆਂ ਹੋਈਆਂ ਹਨ, ਨਾਲ ਹੀ ਕਈ ਪੁਲਸ ਅਧਿਕਾਰੀ ਯੂਨੀਵਰਸਿਟੀ ਗੇਟ ‘ਤੇ ਵੀ ਤਾਇਨਾਤ ਹਨ। ਅਚਾਨਕ ਪਏ ਛਾਪੇ ਨਾਲ ਪੂਰੇ ਇਲਾਕੇ ਦਾ ਮਾਹੌਲ ਗੰਭੀਰ ਬਣਿਆ ਹੋਇਆ ਹੈ।