ਕੈਨਬਰਾ : ਫੇਸਬੁੱਕ ਅਤੇ ‘ਨਿਊਜ਼ ਕੌਰਪ’ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਵਿਚ ਖ਼ਬਰਾਂ ਲਈ ਭੁਗਤਾਨ ਕਰਨ ਲਈ ਨਵਾਂ ਸਮਝੌਤਾ ਕਰਨ ਦੀ ਘੋਸ਼ਣਾ ਕੀਤੀ। ਆਸਟ੍ਰੇਲੀਆ ਦੀ ਸੰਸਦ ਨੇ ਕਰੀਬ ਤਿੰਨ ਹਫ਼ਤੇ ਪਹਿਲਾਂ ਇਕ ਕਾਨੂੰਨ ਪਾਸ ਕੀਤਾ ਸੀ, ਜਿਸ ਦੇ ਤਹਿਤ ਡਿਜੀਟਲ ਕੰਪਨੀਆਂ ਵੱਲੋਂ ਖ਼ਬਰਾਂ ਦਿਖਾਉਣ ਲਈ ਭੁਗਤਾਨ ਕਰਨਾ ਲਾਜ਼ਮੀ ਹੋ ਗਿਆ ਹੈ।
ਨਿਊਯਾਰਕ ਸਥਿਤ ‘ਨਿਊਜ਼ ਕੌਰਪ’ ਵਿਸ਼ੇਸ਼ ਤੌਰ ‘ਤੇ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਿਚ ਖ਼ਬਰਾਂ ਦਿੰਦਾ ਹੈ। ਉਸ ਨੇ ਕਿਹਾ ਕਿ ਉਸ ਨੇ ਫੇਸਬੁੱਕ ਨਾਲ ਕਈ ਸਾਲਾਂ ਦਾ ਇਕ ਸਮਝੌਤਾ ਕੀਤਾ ਹੈ। ਇਹ ਸਮਝੌਤਾ ਗੂਗਲ ਨਾਲ ਪਿਛਲੇ ਮਹੀਨੇ ਕੀਤੇ ਗਏ ਸਮਝੌਤੇ ਨਾਲ ਮੇਲ ਖਾਂਦਾ ਹੈ। ਨਿਊਜ਼ ਕੌਰਪ ਨੇ ਇਕ ਬਿਆਨ ਵਿਚ ਕਿਹਾ ਕਿ ‘ਸਕਾਈ ਨਿਊਜ਼ ਆਸਟ੍ਰੇਲੀਆ’, ਨਿਊਜ਼ ਕੌਰਪ ਆਸਟ੍ਰੇਲੀਆ ਦੀ ਸਹਾਇਕ ਕੰਪਨੀ ਹੈ ਅਤੇ ਉਸ ਨੇ ਵੀ ਇਕ ਨਵਾਂ ਸਮਝੌਤਾ ਕੀਤਾ ਹੈ ਜੋ ਮੌਜੂਦਾ ਫੇਸਬੁੱਕ ਸਮਝੌਤੇ ‘ਤੇ ਆਧਾਰਿਤ ਹੈ।
ਇਸ ਤੋਂ ਪਹਿਲਾਂ ਫੇਸਬੁੱਕ ਨੇ ਤਿੰਨ ਸੁਤੰਤਰ ਸਮਾਚਾਰ ਸੰਸਥਾਵਾਂ, ‘ਪ੍ਰਾਈਵੇਟ ਮੀਡੀਆ’, ‘ਸਵਾਟਜ਼ ਮੀਡੀਆ’ ਅਤੇ ‘ਸੋਲਸਟਿਕ ਮੀਡੀਆ’ ਨਾਲ ਸਮਝੌਤੇ ਦੇ ਪੱਤਰਾਂ ‘ਤੇ ਦਸਤਖ਼ਤ ਕੀਤੇ ਸਨ। ਫੇਸਬੁੱਕ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਵਪਾਰਕ ਸਮਝੌਤੇ ਦੇ ਬਾਰੇ ਅਗਲੇ 60 ਦਿਨਾਂ ਵਿਚ ਪੂਰਨ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣਗੇ।