‘ਆਪ’ ਕਾਂਗਰਸ ਦੀ ‘ਬੀ’ ਨਹੀਂ ਸਗੋਂ ਲੋਕਾਂ ਦੀ ‘ਏ’ ਟੀਮ ਹੈ : ਭਗਵੰਤ ਮਾਨ

Image Courtesy :jagbani(punjabkesar)

ਚੰਡੀਗੜ੍ਹ : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਾਦਲ ਪਰਿਵਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਹਰਸਿਮਰਤ ਦੀ ਕੁਰਸੀ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਭਗਵੰਤ ਨੇ ਸੁਖਬੀਰ ‘ਤੇ ਵਰ੍ਹਦੇ ਹੋਏ ਕਿਹਾ ਕਿ ਹੁਣ ਸੁਖਬੀਰ ਬਾਦਲ ਨੂੰ ਇਕ ਚੀਜ਼ ਚੁਨਣੀ ਪਵੇਗੀ, ਜਾਂ ਸੁਖਬੀਰ ਕਿਸਾਨੀ ਚੁਣ ਲੈਣ ਜਾਂ ਹਰਸਿਮਰਤ ਦੀ ਕੁਰਸੀ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਚਾਹੁੰਦੇ ਹਨ ਕਿ ਕਿਸਾਨੀ ਵੀ ਸਾਡੇ ਥੱਲੇ ਰਹੇ ਅਤੇ ਕੁਰਸੀ ਵੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨ ਵਿਰੋਧੀ ਹੈ, ਇਸ ਦਾ ਖੁਲਾਸਾ ਹੋ ਚੁੱਕਾ ਹੈ। ਸੁਖਬੀਰ ਬਾਦਲ ਵਲੋਂ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਨਹੀਂ ਸਗੋਂ ਲੋਕਾਂ ਦੀ ਏ ਟੀਮ ਹੈ, ਜਿਹੜੀ ਜਨਤਾ ਦੇ ਹੱਕਾਂ ਲਈ ਲੜਦੀ ਰਹੇਗੀ।
‘ਆਪ’ ਪ੍ਰਧਾਨ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਤਾਂ ਪਤਾ ਹੈ ਉਹ ਕਦੇ ਕੁੱਝ ਆਖ ਦਿੰਦੇ ਹਨ ਅਤੇ ਕਦੇ ਕੁੱਝ ਪਰ ਹਰਸਿਮਰਤ ਬਾਦਲ ਨੂੰ ਤਾਂ ਆਪਣਾ ਸਟੈਂਡ ਸਪੱਸ਼ਟ ਕਰਨ ਚਾਹੀਦਾ ਹੈ। ਮਾਨ ਨੇ ਕਿਹਾ ਕਿ ਜਦੋਂ ਅਸੀਂ ਬਠਿੰਡਾ ਥਰਮਲ ਪਲਾਂਟ ਦਾ ਵਿਰੋਧ ਕੀਤਾ ਤਾਂ ਸਾਨੂੰ ਕਦੇ ਕਾਂਗਰਸ ਬੀ ਅਤੇ ਕਦੇ ਸੀ ਟੀਮ ਕਿਹਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਨਾ ਤਾਂ ਕਿਸੇ ਦੀ ਬੀ ਟੀਮ ਹਾਂ ਅਤੇ ਨਾਂ ਹੀ ਸੀ। ਉਨ੍ਹਾਂ ਸਪੱਸ਼ਟ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੇ ਹੱਕ ਮੰਗਣ ਵਾਲੀ ਪੰਜਾਬ ਦੀ ਏ ਟੀਮ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦੇ ਲੋਕਾਂ ਦੇ ਹੱਕਾਂ ‘ਤੇ ਡਾਕਾ ਵੱਜੇਗਾ ਆਮ ਆਦਮੀ ਪਾਰਟੀ ਉੱਥੇ ਮੌਜੂਦ ਹੋਵੇਗੀ। ਮਾਨ ਨੇ ਕਿਹਾ ਕਿ ਅਸੀਂ ਸੋਮਵਾਰ ਤੋਂ ਹਰ ਹਲਕੇ ‘ਚ ਸੁਖਬੀਰ ਬਾਦਲ ਦੇ ਪੁਤਲੇ ਫੂਕਣ ਦੀ ਮੁਹਿੰਮ ਸ਼ੁਰੂ ਕਰ ਰਹੇ ਹਾਂ।

News Credit :jagbani(punjabkesar)