ਅੱਤਵਾਦੀ ਗੁਰਪਤਵੰਤ ਪੰਨੂ ਨੂੰ ਰਵਨੀਤ ਬਿੱਟੂ ਦਾ ਚੈਲੰਜ

ਲੁਧਿਆਣਾ : ਲੁਧਿਆਣਾ ਤੋਂ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਚੈਲੰਜ ਕੀਤਾ ਹੈ। ਬਿੱਟੂ ਨੇ ਕਿਹਾ ਹੈ ਕਿ ਜੇ ਪੰਨੂ ਵਿਚ ਹਿੰਮਤ ਹੈ ਤਾਂ ਉਹ ਕਾਇਰਾਨਾ ਹਰਕਤਾਂ ਛੱਡ ਕੇ ਸਾਹਮਣੇ ਆ ਕੇ ਗੱਲ ਕਰੇ। ਦਰਅਸਲ ਜਲੰਧਰ ’ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ’ਤੇ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਜਿਸ ਨੂੰ ਰਵਨੀਤ ਬਿੱਟੂ ਨੇ ਕਾਇਰਾਨਾ ਹਰਕਤ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਧਰਤੀ ਤੋਂ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ’ਤੇ ਸਾਂਸਦ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਪੰਨੂ ਨੂੰ ਸਾਹਮਣੇ ਆ ਕੇ ਗੱਲ ਕਰਨ ਦਾ ਚੈਲੇਂਜ ਕੀਤਾ।
ਦੋਰਾਹਾ ਵਿਖੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ’ਤੇ ਫੁੱਲ ਚੜ੍ਹਾਉਣ ਪਹੁੰਚੇ ਰਵਨੀਤ ਬਿੱਟੂ ਨੇ ਕਿਹਾ ਕਿ ਜਲੰਧਰ ਵਿਖੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਉਪਰ ਖਾਲਿਸਤਾਨ ਜਿੰਦਾਬਾਦ ਲਿਖਣਾ ਕਾਇਰਾਨਾ ਹਰਕਤ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ. ਪੀ. ਤੋਂ ਮੰਗ ਕੀਤੀ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ ਵਿਅਕਤੀਆਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਬਿੱਟੂ ਨੇ ਕਿਹਾ ਕਿ 31 ਅਗਸਤ ਨੂੰ ਬੇਅੰਤ ਸਿੰਘ ਦੀ ਬਰਸੀ ਘਰ-ਘਰ ਮਨਾਈ ਜਾਵੇਗੀ। ਜੇਕਰ ਕਿਸੇ ’ਚ ਹਿੰਮਤ ਹੈ ਤਾਂ ਰੋਕ ਕੇ ਦਿਖਾਵੇ।