ਅੰਮ੍ਰਿਤਸਰ ਏਅਰਪੋਰਟ ‘ਤੇ ਦੇਖੇ ਗਏ ਸ਼ੱਕੀ ਡਰੋਨਾਂ ਨੂੰ ਲੈ ਕੇ ਵੱਡਾ ਖੁਲਾਸਾ

ਅੰਮ੍ਰਿਤਸਰ- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਾਤ ਕਰੀਬ 10 ਵਜੇ ਰਨਵੇਅ ਨੇੜੇ ਡਰੋਨ ਵਰਗੀਆਂ ਸ਼ੱਕੀ ਚੀਜ਼ਾਂ ਉੱਡਦੀਆਂ ਦੇਖੀਆਂ ਗਈਆਂ। ਰਨਵੇਅ ਦੇ ਨੇੜੇ ਸ਼ੱਕੀ ਗਤੀਵਿਧੀ ਨਜ਼ਰ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਅਲਰਟ ਹੋ ਗਈਆਂ ਅਤੇ ਰਾਤ ਭਰ ਹਵਾਈ ਅੱਡੇ ‘ਤੇ ਹਾਈ ਅਲਰਟ ਜਾਰੀ ਰਿਹਾ। ਇਸ ਦੌਰਾਨ ਏਅਰ ਟ੍ਰੈਫਿਕ ਕੰਟਰੋਲ (ATC) ਨੇ ਤੁਰੰਤ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਆਉਣ ਵਾਲੀਆਂ 7 ਫਲਾਈਟਾਂ ਦੀ ਲੈਂਡਿੰਗ ਰੋਕ ਦਿੱਤੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਦੇ ਰੂਟ ਬਦਲ ਦਿੱਤੇ ਗਏ। ਇਸ ਦੌਰਾਨ ਪੁਲਸ ਵੱਲੋਂ ਮੌਕੇ ‘ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ।
ਇਸ ਸੰਬੰਧੀ ਜਦੋਂ ਥਾਣਾ ਰਾਜਾਸਾਂਸੀ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡਰੋਨ ਗਤੀਵਿਧੀ ਸਾਹਮਣੇ ਆਉਣ ਤੋਂ ਬਾਅਦ ਹਵਾਈ ਅੱਡੇ ਦੇ ਬਾਹਰਲੇ ਖੇਤਰ ਵਿਚ ਮੌਕੇ ’ਤੇ ਪਹੁੰਚ ਕੇ ਡਿਊਟੀ ਅਫਸਰ ਏ.ਐਸ.ਆਈ. ਨਿਰੰਜਨ ਸਿੰਘ ਵਲੋਂ ਜਾਂਚ ਕੀਤੀ ਗਈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਡਰੋਨ ਕਿਸੇ ਸ਼ੱਕੀ ਜਾਂ ਦੇਸ਼ ਵਿਰੋਧੀ ਗਤੀਵਿਧੀ ਦਾ ਹਿੱਸਾ ਨਹੀਂ ਸਨ। ਹਵਾਈ ਅੱਡੇ ਤੋਂ ਕੁਝ ਦੂਰੀ ’ਤੇ ਸਥਿਤ ਇਕ ਪਿੰਡ ਵਿਚ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਅਤੇ ਟੂਰਨਾਮੈਂਟ ਦੀ ਵੀਡੀਓਗ੍ਰਾਫੀ ਕਰਨ ਲਈ ਇਕ ਵਿਅਕਤੀ ਵਲੋਂ ਡਰੋਨ ਉਡਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਵਾਈ ਅੱਡੇ ਦੇ 8 ਕਿਲੋਮੀਟਰ ਦੇ ਦਾਇਰੇ ਵਿੱਚ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਟੂਰਨਾਮੈਂਟ ਦੀ ਵੀਡੀਓਗ੍ਰਾਫੀ ਲਈ ਡਰੋਨ ਉਡਾਏ ਜਾਣ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਪੁਲਸ ਵਲੋਂ ਇਸ ਮਾਮਲੇ ਦੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।