
ਇਸਲਾਮਾਬਾਦ – ਕੋਰੋਨਾਵਾਇਰਸ ਵਿਚਾਲੇ ਹੁਣ ਕ੍ਰਿਕਟ ਦੀ ਵਾਪਸੀ ਹੋ ਚੁੱਕੀ ਹੈ। ਅਜਿਹੇ ‘ਚ ਕੌਮਾਂਤਰੀ ਕ੍ਰਿਕਟ ਦੇ ਨਾਲ T-20 ਲੀਗਜ਼ ਵੀ ਖੇਡੀਆਂ ਜਾ ਰਹੀਆਂ ਹਨ। ਸ਼੍ਰੀ ਲੰਕਾ ‘ਚ ਖੇਡੀ ਜਾ ਰਹੀ T-20 ਲੀਗ ਲੰਕਾ ਪ੍ਰੀਮੀਅਰ ਲੀਗ ਦੌਰਾਨ ਖਿਡਾਰੀਆਂ ਦੇ ਬੋਲ-ਕੁਬੋਲ ਹੁੰਦੇ ਦੇਖਣ ਨੂੰ ਮਿਲੇ। ਸੋਮਵਾਰ ਨੂੰ ਕੈਂਡੀ ਟਸਕਰਜ਼ ਅਤੇ ਗੇਲ ਗਲੇਡੀਏਟਰਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਅਫ਼ਗ਼ਾਨਿਸਤਾਨ ਦੇ ਨੌਜਵਾਨ ਕ੍ਰਿਕਟਰ ਨਵੀਨ-ਉਲ-ਹੱਕ ਮੁਹੰਮਦ ਆਮਿਰ ਨਾਲ ਬਦਸਲੂਕੀ ਕਰਦਾ ਨਜ਼ਰ ਆਇਆ ਜਿਸ ‘ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ।
ਮੈਚ ਦੇ ਦੌਰਾਨ 18ਵੇਂ ਓਵਰ ਦੀ ਚੌਥੀ ਗੇਂਦ ‘ਤੇ ਤੇਜ਼ ਗੇਂਦਬਾਜ਼ ਨਵੀਨ ਦੀ ਗੇਂਦ ‘ਤੇ ਆਮਿਰ ਨੇ ਬਾਊਂਡਰੀ ਲਗਾਈ। ਇਸ ‘ਤੇ ਅਗਲੀ ਗੇਂਦ ‘ਤੇ ਨਵੀਨ ਨੇ ਡੌਟ ਗੇਂਦ ਕਰਾਈ। ਇਸ ਦੌਰਾਨ ਅਫ਼ਗ਼ਾਨੀ ਖਿਡਾਰੀ ਆਮਿਰ ਨਾਲ ਬਦਤਮੀਜ਼ੀ ਕਰਦਾ ਦਿਖਾਈ ਦਿੱਤਾ। ਇਸ ਦੌਰਾਨ ਆਮਿਰ ਅਤੇ ਨਵੀਨ ਵਿਚਾਲੇ ਬਹਿਸ ਵੀ ਹੋਈ, ਪਰ ਇਹ ਮਸਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਆਖ਼ਰੀ ਓਵਰ ‘ਚ ਗਲੇਡੀਏਟਰਜ਼ ਦੇ ਕਪਤਾਨ ਅਫ਼ਰੀਦੀ ਨੇ ਨਵੀਨ ਨਾਲ ਗੱਲ ਕਰਨ ਦੀ ਸੋਚੀ।
ਟਸਕਰਜ਼ ਦੀ ਜਿੱਤ ‘ਤੇ ਅਫ਼ਰੀਦੀ ਹਸਦੇ ਹੋਏ ਖਿਡਾਰੀਆਂ ਨੂੰ ਵਧਾਈ ਦੇ ਰਹੇ ਸਨ, ਪਰ ਜਦੋਂ ਉਹ ਨਵੀਨ ਦੇ ਕੋਲ ਪਹੁੰਚੇ ਤਾਂ ਇਨ੍ਹਾਂ ਖਿਡਾਰੀਆਂ ਵਿਚਾਲੇ ਬਹਿਸ ਦੇਖਣ ਨੂੰ ਮਿਲੀ। ਅਫ਼ਰੀਦੀ ਜਦੋਂ ਨਵੀਨ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਅਫ਼ਗ਼ਾਨੀ ਕ੍ਰਿਕਟਰ ਨੂੰ ਜਵਾਬ ਦਿੰਦੇ ਹੋਏ ਕਿਹਾ, ”ਪੁੱਤਰ ਮੈਂ ਤੇਰੇ ਪੈਦਾ ਹੋਣ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟ ‘ਚ ਸੈਂਕੜਾ ਲਗਾਇਆ ਸੀ।”
ਮੈਚ ਦੀ ਗੱਲ ਕਰੀਏ ਤਾਂ ਗਲੇਡੀਏਟਰਜ਼ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਟਸਕਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 196 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਉਤਰੀ ਗਲੇਡੀਏਟਰਜ਼ 171 ਦੌੜਾਂ ਬਣਾ ਸਕੀ ਅਤੇ ਉਸ ਨੂੰ 25 ਦੌੜਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ।












