ਅਮੀਰਾਂ ਨੂੰ ਵਿਸ਼ੇਸ਼ ਪੂਜਾ ਦੀ ਆਗਿਆ ਦੇਣ ਨਾਲ ‘ਦੇਵਤਿਆਂ ਦੇ ਆਰਾਮ’ ’ਚ ਪੈਂਦਾ ਹੈ ਵਿਘਨ : ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅਮੀਰਾਂ ਕੋਲੋਂ ਪੈਸੇ ਲੈ ਕੇ ਮੰਦਰਾਂ ’ਚ ‘ਵਿਸ਼ੇਸ਼ ਪੂਜਾ’ ਦੀ ਆਗਿਆ ਦੇਣ ਦੀ ਪ੍ਰਥਾ ’ਤੇ ਸੋਮਵਾਰ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਇਸ ਨਾਲ ਦੇਵਤਿਆਂ ਲਈ ਨਿਰਧਾਰਤ ‘ਆਰਾਮ ਦੀ ਮਿਆਦ’ ’ਚ ਵਿਘਨ ਪੈਂਦਾ ਹੈ। ਵ੍ਰਿੰਦਾਵਨ ਦੇ ਮਸ਼ਹੂਰ ਬਾਂਕੇ ਬਿਹਾਰੀ ਮੰਦਰ ’ਚ ਦਰਸ਼ਨ ਦੇ ਸਮੇਂ ਤੇ ਰਵਾਇਤਾਂ ’ਚ ਤਬਦੀਲੀਆਂ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਮੰਦਰ ਦੇ ਅਹੁਦੇਦਾਰਾਂ ਤੋਂ ਜਵਾਬ ਮੰਗੇ।
ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਤੇ ਜਸਟਿਸ ਵਿਪੁਲ ਐੱਮ ਪੰਚੋਲੀ ਦੇ ਬੈਂਚ ਨੇ ਸੁਪਰੀਮ ਕੋਰਟ ਅਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਨਿਯੁਕਤ ਉੱਚ ਅਧਿਕਾਰ ਪ੍ਰਾਪਤ ਮੰਦਰ ਪ੍ਰਬੰਧਨ ਕਮੇਟੀ ਨੂੰ ਨੋਟਿਸ ਜਾਰੀ ਕੀਤੇ। ਬੈਂਚ ਨੇ ਜਨਵਰੀ ਦੇ ਪਹਿਲੇ ਹਫ਼ਤੇ ਸੁਣਵਾਈ ਲਈ ਮਾਮਲੇ ਨੂੰ ਸੂਚੀਬੱਧ ਕੀਤਾ। ਉਨ੍ਹਾਂ ਬਾਂਕੇ ਬਿਹਾਰੀ ਮੰਦਰ ’ਚ ਦੇਵਤਿਆਂ ਦੇ ਦਰਸ਼ਨ ਦਾ ਸਮਾਂ ਬਦਲਣ ਤੇ ਦੋਹਰੀ ਪੂਜਾ ਸਮੇਤ ਕੁਝ ਜ਼ਰੂਰੀ ਧਾਰਮਿਕ ਰਵਾਇਤਾਂ ਨੂੰ ਰੋਕਣ ਵਿਰੁੱਧ ਸੀਨੀਅਰ ਵਕੀਲ ਸ਼ਿਆਮ ਦੀਵਾਨ ਤੇ ਵਕੀਲ ਤਨਵੀ ਦੂਬੇ ਵੱਲੋਂ ਦਾਇਰ ਦਲੀਲਾਂ ’ਤੇ ਵਿਚਾਰ ਕੀਤਾ।
ਦੀਵਾਨ ਨੇ ਕਿਹਾ ਕਿ ਦਰਸ਼ਨ ਦਾ ਸਮਾਂ ਪ੍ਰੰਪਰਾ ਤੇ ਰੀਤੀ-ਰਿਵਾਜਾਂ ਦਾ ਹਿੱਸਾ ਹੈ। ਮੰਦਰ ਨੂੰ ਸ਼ਰਧਾਲੂਆਂ ਲਈ ਖੋਲ੍ਹਣ ਦਾ ਸਮਾਂ ਇਕ ਲੰਬੀ ਪ੍ਰੰਪਰਾ ਦਾ ਹਿੱਸਾ ਹੈ। ਇਤਿਹਾਸਕ ਪੱਖੋਂ ਸਮੇਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਰਹੀ ਹੈ। ਮੰਦਰ ’ਚ ਦਰਸ਼ਨ ਦੇ ਸਮੇਂ ’ਚ ਤਬਦੀਲੀ ਨੇ ਅੰਦਰੂਨੀ ਰਸਮਾਂ ’ਚ ਵੀ ਤਬਦੀਲੀ ਲਿਆਂਦੀ ਹੈ। ਇਸ ’ਚ ਦੇਵਤਿਆਂ ਦੇ ਸਵੇਰੇ ਉੱਠਣ ਤੇ ਰਾਤ ਨੂੰ ਸੌਣ ਦਾ ਸਮਾਂ ਵੀ ਸ਼ਾਮਲ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਹੁੰਦਾ ਇਹ ਹੈ ਕਿ ਦੁਪਹਿਰ 12 ਵਜੇ ਮੰਦਰ ਬੰਦ ਕਰਨ ਤੋਂ ਬਾਅਦ ਉਹ ਦੇਵਤਿਆਂ ਨੂੰ ਇਕ ਪਲ ਲਈ ਵੀ ਆਰਾਮ ਨਹੀਂ ਕਰਨ ਦਿੰਦੇ।
ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਜਿਹੜੇ ਅਮੀਰ ਵੱਡੀ ਰਕਮ ਦੇ ਸਕਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਪੂਜਾ ਕਰਨ ਦੀ ਇਜਾਜ਼ਤ ਮਿਲਦੀ ਹੈ। ਸੀਨੀਅਰ ਵਕੀਲ ਨੇ ਕਿਹਾ ਕਿ ਇਹ ਸਹੀ ਨਹੀਂ ਹੈ। ਮਾਣਯੋਗ ਜੱਜ ਸਾਹਿਬਾਨ ਇਸ ’ਤੇ ਪਾਬੰਦੀ ਲਾਉਣ ਦਾ ਪ੍ਰਬੰਧ ਕਰਨ। ਇਹ ਦੇਵਤਿਆਂ ਲਈ ਆਰਾਮ ਦਾ ਬਹੁਤ ਅਹਿਮ ਸਮਾਂ ਹੈ। ਅਦਾਲਤ ਇਕ ਬਹੁਤ ਅਹਿਮ ਮੁੱਦਾ ਉਠਾ ਰਹੀ ਹੈ। ਸਮਾਂ ਪਵਿੱਤਰ ਹੈ ਤੇ ਇਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।