ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ਤੋਂ ਭੜਕਿਆ ਖਾਲਿਸ* ਤਾਨੀ ਪੰਨੂ ! ਦਿਲਜੀਤ ਦੋਸਾਂਝ ਨੂੰ ਦੇ’ਤੀ ਧਮਕੀ

ਵੈੱਬ ਡੈਸਕ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਖਾਲਿਸਤਾਨੀ ਅੱਤਵਾਦੀ ਸੰਗਠਨ ‘ਸਿੱਖ ਫਾਰ ਜਸਟਿਸ’ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਕੰਸਰਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਦਿਲਜੀਤ ਦੋਸਾਂਝ ਨੇ ‘ਕੌਣ ਬਣੇਗਾ ਕਰੋੜਪਤੀ 17’ ਦੇ ਇੱਕ ਐਪੀਸੋਡ ਦੌਰਾਨ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ। ਇਸ ਘਟਨਾ ਨੂੰ ਲੈ ਕੇ ਪੰਨੂ ਨੇ ਕਿਹਾ ਕਿ ਦਿਲਜੀਤ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਅਪਮਾਨ ਕੀਤਾ ਹੈ।
SFJ ਨੇ ਅਮਿਤਾਭ ਬੱਚਨ ‘ਤੇ 31 ਅਕਤੂਬਰ 1984 ਨੂੰ “ਖੂਨ ਦਾ ਬਦਲਾ ਖੂਨ” ਦੇ ਨਾਅਰੇ ਨਾਲ ਹਿੰਸਾ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ 30,000 ਤੋਂ ਵੱਧ ਸਿੱਖ ਪੁਰਸ਼, ਔਰਤਾਂ ਅਤੇ ਬੱਚੇ ਮਾਰੇ ਗਏ ਸਨ। ਪੰਨੂ ਨੇ ਕਿਹਾ ਕਿ “ਜਿਸ ਵਿਅਕਤੀ ਦੇ ਸ਼ਬਦਾਂ ਨਾਲ ਸਿੱਖਾਂ ਦਾ ਕਤਲੇਆਮ ਹੋਇਆ, ਉਸਦੇ ਪੈਰ ਛੂਹ ਕੇ ਦਿਲਜੀਤ ਦੋਸਾਂਝ ਨੇ ਪੀੜਤਾਂ ਦਾ ਅਪਮਾਨ ਕੀਤਾ ਹੈ।” ਸੰਗਠਨ ਨੇ ਦਿਲਜੀਤ ਦੇ ਸੰਗੀਤ ਸਮਾਰੋਹ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਇਤਫਾਕਨ, ਅਕਾਲ ਤਖ਼ਤ ਸਾਹਿਬ ਨੇ 1 ਨਵੰਬਰ ਨੂੰ “ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ” ਵਜੋਂ ਘੋਸ਼ਿਤ ਕੀਤਾ ਹੈ। ਸੰਗਠਨ ਨੇ ਕਿਹਾ ਕਿ ਗਾਇਕ ਨੇ “ਯਾਦਗਾਰੀ ਦਿਵਸ ਦਾ ਮਜ਼ਾਕ ਉਡਾਇਆ ਹੈ।” ਇਸ ਲਈ, ਦੁਨੀਆ ਭਰ ਦੇ ਸਿੱਖ ਸਮੂਹਾਂ ਅਤੇ ਕਲਾਕਾਰਾਂ ਨੂੰ ਉਸਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।
ਦੱਸ ਦੇਈਏ ਕਿ SFJ ਭਾਰਤ ਵਿੱਚ ਗੈਰਕਾਨੂੰਨੀ ਘੋਸ਼ਿਤ ਸੰਗਠਨ ਹੈ ਅਤੇ ਇਸ ‘ਤੇ ਦੇਸ਼ ਦੀ ਅਖੰਡਤਾ ਨੂੰ ਖਤਰਾ ਪਹੁੰਚਾਉਣ ਦੇ ਦੋਸ਼ ਹਨ। ਕੇਂਦਰ ਸਰਕਾਰ ਅਤੇ ਐਨਆਈਏ ਵੱਲੋਂ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ 100 ਤੋਂ ਵੱਧ ਮਾਮਲਿਆਂ ਵਿੱਚ ਜਾਂਚ ਜਾਰੀ ਹੈ।