ਅਮਰਿੰਦਰ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਪੁਟਾਈ ਸ਼ੁਰੂ ਹੋਣ ਵੇਲੇ ਕਿਉਂ ਨਹੀਂ ਦਿੱਤਾ ਅਸਤੀਫਾ : ਡਾ. ਚੀਮਾ

6-copyਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1982 ਵਿਚ ਕਪੂਰੀ ਵਿਖੇ ਸਤਨੁਜ ਯਮੁਨਾ ਲਿੰਕ ਨਹਿਰ ਦੀ ਪੁਟਾਈ ਸ਼ੁਰੂ ਕਰਵਾਈ ਸੀ ਤਾਂ ਉਹਨਾਂ ਨੇ ਉਸ ਵੇਲੇ ਅਸਤੀਫਾ ਕਿਉਂ ਨਹੀਂ ਦਿੱਤਾ ਸੀ। ਪਾਰਟੀ ਨੇ ਕਿਹਾ ਕਿ ਜੇਕਰ ਉਹਨਾਂ ਨੇ ਉਸ ਵੇਲੇ ਅਸਤੀਫਾ ਦਿੱਤਾ ਹੁੰਦਾ ਤਾਂ ਅੱਜ ਹਾਲਾਤ ਇਸ ਪੜਾਅ ‘ਤੇ ਨਾ ਪਹੁੰਚਦੇ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਵੱਲੋਂ ਦੋਗਲੀ ਰਾਜਨੀਤੀ ਦੀ ਜ਼ੋਰਦਾਰ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੀ ਪੁਟਾਈ ਸ਼ੁਰੂ ਕਰਨ ਵੇਲੇ  ਅਮਰਿੰਦਰ ਸਿੰਘ ਇੰਦਰਾ ਗਾਂਧੀ ਦੇ ਨਾਲ ਚੱਟਾਨ ਵਾਂਗ ਖੜ੍ਹੇ ਸੀ ਤੇ ਵੱਖ ਵੱਖ ਅਖ਼ਬਾਰਾਂ ਵਿਚ ਉਹਨਾਂ ਨੂੰ ਜੀ ਆਇਆਂ ਆਖਦਿਆਂ ਪੂਰੇ ਸਫਿਆਂ ਦੇ ਇਸ਼ਤਿਹਾਰ ਦਿੱਤੇ ਸੀ ਪਰ ਅੱਜ ਉਹ ਆਪਣੇ ਪਿਛਲੇ ਕੀਤੇ ਗੁਨਾਹਾਂ ਤੋਂ ਇੰਨਾ ਘਬਰਾ ਰਹੇ ਹਨ ਕਿ ਅਸਤੀਫੇ ਦੇਣ ਦੇ ਡਰਾਮੇ ਰਚ ਰਹੇ ਹਨ ਤਾਂ ਕਿ ਰਾਜ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ।
ਡਾ. ਚੀਮਾ ਨੇ ਹੋਰ ਕਿਹਾ ਕਿ ਕਾਂਗਰਸ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਜਿਹਨਾਂ ਵਿਚ ਤਤਕਾਲੀ ਮੰਤਰੀ ਮੰਤਰੀ ਸ੍ਰੀ ਦਰਬਾਰਾ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਲੋਕ ਸ਼ਾਮਲ ਹਨ, ਨੇ ਆਪਣੇ ਹਿਤਾਂ ਦੀ ਰਾਖੀ ਖਾਤਰ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਇਆ। ਉਹਨਾਂ ਕਿਹਾ ਕਿ ਜੇਕਰ ਦਰਬਾਰਾ ਸਿੰਘ ਨੇ ਉਦੋਂ ਸੁਪਰੀਮ ਕੋਰਟ ਵਿਚ ਸ੍ਰ ਪਰਕਾਸ਼ ਸਿੰਘ ਬਾਦਲ ਵੱਲੋਂ ਦਾਖਲ ਕੇਸ ਵਾਪਸ ਲੈਣ ਲਈ ਇੰਦਰਾ ਗਾਂਧੀ ਵੱਲੋਂ ਬਣਾਏ ਦਬਾਅ  ਹੇਠ ਆਉਣ ਦੀ ਥਾਂ ਅਸਤੀਫਾ ਦਿੱਤਾ ਹੁੰਦਾ ਅੱਜ ਹਾਲਾਤ ਹੋਰ ਹੁੰਦੇ।
ਅਕਾਲੀ ਆਗੂ ਨੇ ਹੋਰ ਕਿਹਾ ਕਿ ਉਹ ਸਮਾਂ ਜਦੋਂ ਕੁਰਬਾਨੀ ਦੇਣ ਦਾ ਵੇਲਾ ਸੀ, ਇਹਨਾਂ ਆਗੂਆਂ ਨੇ ਪੰਜਾਬ ਨਾਲ ਧੋਖਾ ਕਰ ਕੇ ਆਪਣੇ ਅਹੁਦੇ ਬਚਾਉਣ ਨੂੰ ਤਰਜੀਹ ਦਿੱਤੀ ਪਰ  ਹੁਣ ਹਰ ਕੋਈ ਜਾਣਦਾ ਹੈ ਕਿ ਅਮਰਿੰਦਰ ਸਿੰਘ ਰਾਜ ਦਾ ਮੁੱਖ ਮੰਤਰੀ ਬਣਨ ਦੀ ਆਪਣੀ ਇੱਛਾ ਦੀ ਪੂਰਤੀ ਵਾਸਤੇ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੇ ਹਨ ਤਾਂ ਉਹ ਅਸਤੀਫੇ ਦਾ ਡਰਾਮਾ ਰਚ ਰਹੇ ਹਨ।
ਡਾ. ਚੀਮਾ ਨੇ ਕਿਹਾ ਕਿ ਰਾਜ ਦੇ ਲੋਕ ਇਤਿਹਾਸ ਨੂੰ ਸਮਝਦੇ ਹਨ ਤੇ ਕਾਂਗਰਸ ਦੇ ਆਗੂਆਂ ਵੱਲੋਂ ਪੰਜਾਬ ਨਾਲ ਕੀਤੇ ਅਨਿਆਂ ਦੀ ਸੱਚਾਈ ਤੋਂ ਜਾਣੂ ਹਨ ਇਸ ਲਈ ਉਹ ਜੀਵਨ ਭਰ ਅਜਿਹੇ ਆਗੂਆਂ ਤੇ ਕਾਂਗਰਸ ਪਾਰਟੀ ਨੂੰ ਮੁਆਫ ਨਹੀਂ ਕਰ ਸਕਦੇ।