ਨਵੀਂ ਦਿੱਲੀ – ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੁਆਰਾ ਕੋਵਿਡ ਰੋਕੂ ਟੀਕੇ ‘ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਟੀਕੇ ਨਾਲ ਮੋਹਰੀ ਮੋਰਚੇ ਦੇ ਕਰਮਚਾਰੀਆਂ ਦੀ ਮੌਤ ਹੋਣ ਤੋਂ ਰੋਕਣ ਵਿੱਚ ਸਫਲਤਾ ਮਿਲੀ ਹੈ। ਤਾਮਿਲਨਾਡੂ ਪੁਲਸ ਕਰਮਚਾਰੀਆਂ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ ਸੀ ਅਤੇ ਉਨ੍ਹਾਂ ‘ਤੇ ਇਸ ਦਾ ਵਧੀਆ ਪ੍ਰਭਾਵ ਦੇਖਣ ਨੂੰ ਮਿਲਿਆ ਹੈ।
ਆਈ.ਸੀ.ਐੱਮ.ਆਰ. ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਅਧਿਐਨ ਦੇ ਅਨੁਸਾਰ, ਕੋਵਿਡ-19 ਰੋਕੂ ਟੀਕੇ ਨਾਲ ਮੋਹਰੀ ਮੋਰਚੇ ਦੇ ਕਰਮਚਾਰੀਆਂ ਦੀ ਮੌਤ ਹੋਣ ਤੋਂ ਰੋਕਣ ਵਿੱਚ ਸਫਲਤਾ ਮਿਲੀ ਹੈ। ਟਵੀਟ ਵਿੱਚ ਕਿਹਾ ਗਿਆ ਕਿ ਸੂਬੇ ਦੇ ਪੁਲਸ ਕਰਮਚਾਰੀਆਂ ‘ਤੇ ਇਹ 82 ਫ਼ੀਸਦੀ ਤੱਕ ਪ੍ਰਭਾਸ਼ਾਲੀ ਸਾਬਤ ਹੋਇਆ ਹੈ, ਜਿਨ੍ਹਾਂ ਨੇ ਇੱਕ ਖੁਰਾਕ ਲਈ ਸੀ ਅਤੇ ਦੋ ਖੁਰਾਕ ਲੈਣ ਵਾਲੇ ਕਰਮਚਾਰੀਆਂ ‘ਤੇ ਇਹ 95 ਫੀਸਦੀ ਅਸਰਦਾਰ ਸਾਬਤ ਹੋਇਆ ਹੈ। ਇਹ ਅਧਿਐਨ ਆਈ.ਸੀ.ਐੱਮ.ਆਰ. ਰਾਸ਼ਟਰੀ ਮਹਾਮਾਰੀ ਵਿਗਿਆਨ ਸੰਸਥਾਨ ਅਤੇ ਵੇਲੌਰ ਦੇ ਈਸਾਈ ਮੈਡੀਕਲ ਕਾਲਜ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਗਿਆ ਸੀ।















