ਅਕਾਲੀ ਦਲ ਦਾ ਦਲਿਤ ਵਿਰੋਧੀ ਚੇਹਰਾ ਆਇਆ ਸਾਹਮਣੇ : ਭਗਵੰਤ ਮਾਨ

7ਚੰਡੀਗਡ਼੍ਹ – ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ ਨਹੀਂ ਹੈ।  ਫਾਜਿਲਕਾ ਜੇਲ੍ਹ ਵਿੱਚ ਸ਼ਿਵ ਲਾਲ ਡੋਡਾ ਨੂੰ ਮਿਲਣ ਗਏ 25 ਅਕਾਲੀ ਆਗੂਆਂ ਦੇ ਮਾਮਲੇ ਉਤੇ ਪ੍ਰਤੀਕਰਮ ਦਿੰਦਿਆਂ  ਮਾਨ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਤਰਾਂ ਦੇ ਬਣੇ ਹੋਏ ਹਨ ਕਿ ਜੇਲਾਂ ਵਿੱਚ ਅਕਾਲੀਆਂ ਨੂੰ ਆਉਣ-ਜਾਣ ਵਿੱਚ ਕਿਸੇ ਦੀ ਇਜਾਜਤ ਦੀ ਲੋਡ਼ ਨਹੀਂ ਪੈਂਦੀ।  ਪਰ ਆਦਰਸ਼ ਚੋਣ ਜਾਬਤਾ ਲੱਗਣ ਕਾਰਨ ਇਨਾਂ ਦੀ ਗ੍ਰਿਫਤਾਰੀ ਹੋਈ ਅਤੇ ਅਕਾਲੀਆਂ ਦਾ ਅਸਲੀ ਚਿਹਰਾ ਪੰਜਾਬ ਦੀ ਜਨਤਾ ਦੇ ਸਾਹਮਣੇ ਆ ਗਿਆ।
ਮਾਨ ਨੇ ਕਿਹਾ ਕਿ ਇਹ ਉਹੀ ਸ਼ਿਵ ਲਾਲ ਡੋਡਾ ਹੈ, ਜਿਸਨੂੰ ਅਬੋਹਰ ਦੇ ਦਲਿਤ ਨੌਜਵਾਨ ਭੀਮ ਟਾਂਕ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਜੇਲ੍ਹ ’ਚ ਬੰਦ ਹੈ।  ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਮਾਨ  ਨੇ ਕਿਹਾ ਕਿ ਅਕਾਲੀ ਆਗੂਆਂ ਦਾ ਵੱਡਾ ਗਰੁੱਪ ਫਾਜ਼ਿਲਕਾ ਜੇਲ੍ਹ ’ਚ ਬੰਦ ਬਾਦਲ ਦਲ ਦੇ ਅਬੋਹਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਸ਼ਿਵ ਲਾਲ ਡੋਡਾ ਨਾਲ ਮੁਲਾਕਾਤ ਕਰਨ ਗਿਆ ਸੀ। ਇਸ ਬਾਰੇ ਸਵਾਲ ਕਰਦਿਆਂ ਭਗਵੰਤ ਮਾਨ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਦਲਿਤ ਵਿਅਕਤੀ ਦੇ ਕਤਲ ਦੇ ਦੋਸ਼ੀ ਨੂੰ ਅਕਾਲੀ ਆਗੂ ਜੇਲ ਵਿੱਚ ਕਿਓਂ ਮਿਲਣ ਗਏ। ਵਡ਼ੈਚ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਸਪਸ਼ਟ ਕਰਨ ਕਿ ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜਿਹੇ ਆਗੂਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜੋ ਦਲਿਤਾਂ ਦਾ ਕਤਲ ਅਤੇ ਉਨਾਂ ਉਤੇ ਅੱਤਿਆਚਾਰ ਕਰਦੇ ਹਨ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਸ਼ਰਾਬ ਮਾਫੀਆ ਵੱਲੋਂ ਦਲਿਤਾਂ ਦੀ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਉਨਾਂ ਕਿਹਾ ਕਿ ਜੈਤੋਂ ਦੇ ਪਿੰਡ ਝੱਖਡ਼ਵਾਲ ਦੇ ਇੱਕ ਦਲਿਤ ਵਿਅਕਤੀ ਜਸਵਿੰਦਰ ਸਿੰਘ ਦੀ ਸ਼ਰਾਬ ਮਾਫੀਆ ਨੇ ਚਾਕੂਆਂ ਨਾਲ ਹੱਤਿਆ ਕਰ ਦਿੱਤੀ ਅਤੇ ਬਚਾਅ ਕਰਨ ਗਏ ਉਸਦੇ ਭਤੀਜੇ ਨੂੰ ਬੁਰੀ ਤਰਾਂ ਜਖਮੀ ਕਰ ਦਿੱਤਾ।  ਮਾਨ ਨੇ ਕਿਹਾ ਕਿ ਬਾਦਲਾਂ ਦੀ ਸ਼ਹਿ ਉਤੇ ਸ਼ਰਾਬ ਮਾਫੀਆ ਐਨੀ ਬੁਰੀ ਤਰਾਂ ਹਾਵੀ ਹੋ ਚੁੱਕਿਆ ਹੈ ਕਿ ਉਸ ਲਈ ਇਨਸਾਨ ਦੀ ਜਿੰਦਗੀ ਦੀ ਕੋਈ ਕੀਮਤ ਨਹੀਂ।  ਨਿੱਤ ਦਿਹਾਡ਼ੇ ਕਿਸੇ ਨਾ ਕਿਸੇ ਥਾਂ ਉਤੇ ਸ਼ਰਾਬ ਮਾਫੀਆ ਦੇ ਸਰਗਨਿਆਂ ਵੱਲੋਂ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਪਰ ਪੁਲਿਸ ਦੀ ਭੂਮਿਕਾ ਸਿਰਫ ਮੂਕ ਦਰਸ਼ਕ ਬਣੇ ਰਹਿਣ ਤੱਕ ਦੀ ਹੈ।
ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਦੋ ਮਹੀਨਿਆਂ ਬਾਅਦ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੋ ਜਾਵੇਗਾ ਅਤੇ ਦਲਿਤਾਂ ਉਤੇ ਅੱਤਿਆਚਾਰ ਅਤੇ ਕਤਲ ਦੇ ਜਿੰਨੇ ਵੀ ਮਾਮਲੇ ਹਨ, ਉਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਮਿਸਾਲੀ ਸਜਾ ਦਿੱਤੀ ਜਾਵੇਗੀ, ਤਾਂ ਜੋ ਕੋਈ ਦਲਿਤਾਂ ਖਿਲਾਫ ਅਜਿਹੀ ਘਿਨੌਣੀ ਹਰਕਤ ਨਾ ਕਰ ਸਕੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਲਿਤਾਂ ਦੇ ਹੱਕਾਂ ਦੀ ਰਾਖੀ ਕਰੇਗੀ ਅਤੇ ਉਨਾਂ ਉਤੇ ਹੁੰਦੇ ਅੱਤਿਆਚਾਰਾਂ ਨੂੰ ਰੋਕਣਾ ਸਰਕਾਰ ਦੀ ਪ੍ਰਾਥਮਿਕਤਾ ਹੋਵੇਗੀ।