ਫ਼ੋਨ ਵਾਰਤਾਲਾਪ ਵੀ ਇੱਕ ਕਲਾ ਹੈ

ਮੋਬਾਇਲ ਫ਼ੋਨ ਦੀ ਘੰਟੀ ਵੱਜਦੀ ਹੈ, ਮੈਂ ਫ਼ੋਨ ਉਠਾਉਂਦਾ ਹਾਂ ਅਤੇ ਕਹਿੰਦਾ ਹਾਂ:
ਹੈਲੋ!
ਹੈਲੋ ਕੌਣ ਬੋਲਦੈ? ਫ਼ੋਨ ਕਰਨ ਵਾਲੇ ਦੀ ਆਵਾਜ਼ ਆਉਂਦੀ ਹੈ।
ਤੁਸੀਂ ਕੌਣ ਬੋਲਦੇ ਹੋ, ਫ਼ੋਨ ਤੁਸੀਂ ਕੀਤਾ ਹੈ। ਤੁਸੀਂ ਦੱਸੋ ਤੁਸੀਂ ਕਿਸਨੂੰ ਫ਼ੋਨ ਕੀਤਾ ਹੈ ਅਤੇ ਕਿਉਂ? ਮੈਂ ਜ਼ਰਾ ਉਚੀ ਸੁਰ ਵਿੱਚ ਬੋਲਦਾ ਹਾਂ।
ਕੀ ਤੁਸੀਂ ਹਰਜਿੰਦਰ ਵਾਲੀਆ ਬੋਲਦ ਹੋ? ਜਿਹੜੇ ਅਖਬਾਰਾਂ ਵਿੱਚ ਲਿਖਦੇ ਹੋ। ਮੈਂ ਅਖਬਾਰ ‘ਚੋਂ ਹੀ ਤੁਹਾਡਾ ਨੰਬਰ ਲਿਆ ਹੈ। ਮੈਂ ਵੀ ਲਿਖਦਾ ਰਹਿੰਦਾ ਹਾਂ ਪਰ ਕੋਈ ਅਖਬਾਰ ਛਾਪਦਾ ਨਹੀਂ। ਆਹ ਸੁਣੋ, ਮੈਂ ਅੱਜ ਇਕ ਕਵਿਤਾ ਲਿਖੀ ਹੈ। ਫ਼ਿਰ ਉਹ ਕਵਿਤਾ ਸੁਣਾਉਣ ਲੱਗਦਾ ਹੈ।
ਸੌਰੀ, ਭਾਈ ਸਾਹਿਬ, ਇਹ ਵਰਕਿੰਗ ਟਾਈਮ ਹੈ, ਮੈਂ ਬਿਜ਼. ਹਾਂ। ਇਹ ਕਹਿ ਕੇ ਮੈਂ ਫ਼ੋਨ ਕੱਟ ਦਿੰਦਾ ਹਾਂ।
ਇਸ ਕਿਸਮ ਦੀ ਇਬਾਰਤ ਵਾਲੇ ਫ਼ੋਨ ਮੈਨੂੰ ਅਕਸਰ ਆਉਂਦੇ ਰਹਿੰਦੇ ਹਨ। ਕਈ ਵਾਰ ਤਾਂ ਬਹੁਤ ਖਿਲਾਉਣ, ਚਿੜਾਉਣ ਅਤੇ ਤੰਗ ਕਰਨ ਵਾਲੇ ਹੁੰਦੇ ਹਨ। ਮੇਰੇ ਕਲਮ ਬਾਰੇ ਇਹ ਅੱਧਾ ਵਾਕ ਬੋਲਣ ਤੋਂ ਬਾਅਦ ਫ਼ੋਨ ਕਰਨ ਵਾਲਾ ਵਿਅਕਤੀ ਆਪਣੇ ਨਿੱਜੀ ਰੋਣੇ, ਰੋਣ ਲੱਗਦਾ ਹੈ ਜਾਂ ਫ਼ਿਰ ਸਿਆਸਤ ਉਪਰ ਟਿੱਪਣੀ ਕਰਨ ਤੋਂ ਬਾਅਦ ਆਪਣੀ ਰਾਏ ਦੇਣੀ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਦੇ ਮੌਕੇ ਵੀ ਆਏ ਹਨ ਕਿ ਇਕੋ ਬੰਦਾ ਦਿਨ ‘ਚ ਕਈ ਕਈ ਵਾਰ ਫ਼ੋਨ ਕਰਨ ਲੱਗਦਾ ਹੈ। ਸੱਸਾਂ ਅਤੇ ਪਤੀਆਂ ਤੋਂ ਦੁਖੀ ਔਰਤਾਂ ਆਪਣਾ ਦੁੱਖ ਫ਼ਰੋਲਣ ਦਾ ਇਹ ਵਧੀਆ ਜ਼ਰੀਆ ਸਮਝਦੀਆਂ ਹਨ। ਕਈ ਸੱਜਣ ਯੂਨੀਵਰਸਿਟੀ ਵਿੱਚ ਪੜ੍ਹਦੇ ਬੱਚਿਆਂ ਲਈ ਜਾਇਜ਼ ਨਜਾਇਜ਼ ਸਹਿਯੋਗ ਦੀ ਮੰਗ ਵੀ ਕਰਦੇ ਹਨ। ਨੰਬਰ ਵਧਾਉਣ ਦੇ ਤਰੀਕੇ ਜਾਂ ਘੱਟ ਨੰਬਰਾਂ ਦੇ ਬਾਵਜੂਦ ਦਾਖਲੇ ਲਈ ਮਦਦ ਲਈ ਕਹਿੰਦੇ ਹਨ। ਅਸਲ ਵਿੱਚ ਬਹੁਤ ਸਾਰੇ ਲੋਕਾਂ ਨੂੰ ਫ਼ੋਨ ਸੁਣਨ ਅਤੇ ਫ਼ੋਨ ਕਰਨ ਦੀ ਜਾਚ ਸਿੱਖਣ ਦੀ ਲੋੜ ਹੈ।
ਭਾਸ਼ਣ ਕਲਾ ਵਾਂਗ ਫ਼ੋਨ ਉਪਰ ਵਾਰਤਾਲਾਪ ਵੀ ਇਕ ਕਲਾ ਹੈ ਅਤੇ ਇਸ ਕਲਾ ਵਿੱਚ ਮਾਹਿਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਫ਼ੋਨ ਕਰਨ ਤੋਂ ਬਾਅਦ ਗੱਲਬਾਤ ਦਾ ਆਰੰਭ ਬਹੁਤ ਮਹੱਤਵਪੂਰਨ ਹੁੰਦਾ ਹੈ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਿਵੇਂ ਕਰਨਾ ਹੈ, ਇਸ ਲਈ ਇਕ ਨੁਕਤਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਫ਼ੋਨ ਕਰ ਰਹੋ ਹੋ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਕੌਣ ਬੋਲ ਰਹੇ ਹੋ। ਕਿਥੋਂ ਬੋਲ ਰਹੇ ਹੋ ਅਤੇ ਤੁਹਾਡਾ ਫ਼ੋਨ ਕਰਨ ਦਾ ਕਾਰਨ ਕੀ ਹੈ। ਜੇਕਰ ਤੁਸੀਂ ਕਿਸੇ ਭੈਣ-ਭਰਾ, ਪੁੱਤ-ਧੀ, ਮਾਂ-ਪਿਓ ਅਤੇ ਨਿੱਜੀ ਦੋਸਤ ਨੂੰ ਫ਼ੋਨ ਕਰ ਰਹੇ ਹੋ ਤਾਂ ਇਸ ਤਰ੍ਹਾਂ ਦੇ ਪਹਿਲ ਵਾਕ ਨੂੰ ਬੋਲਣ ਦੀ ਲੋੜ ਨਹੀਂ ਹੁੰਦੀ। ਹਾਂ, ਜੇ ਤੁਸੀਂ ਕਿਸੇ ਨੂੰ ਪਹਿਲੀ ਵਾਰ ਫ਼ੋਨ ਕਰ ਰਹੇ ਹੋ ਅਤੇ ਜਾਂ ਫ਼ਿਰ ਅਜਿਹੇ ਵਿਅਕਤੀ ਨਾਲ ਗੱਲ ਕਰ ਰਹੇ ਹੋ, ਜਿਸ ਨਾਲ ਤੁਹਾਡੀ ਕੋਈ ਨੇੜਤਾ ਨਹੀਂ ਹੈ ਤਾਂ ਉਕਤ ਸ਼ੁਰੂਆਤੀ ਵਾਕ ਨੂੰ ਜ਼ਰੂਰ ਬੋਲੋ। ਸੁਣਨ ਵਾਲੇ ਨੂੰ ਪੁੱਛਣਾ ਨਾ ਪਵੇ ਤੁਸੀਂ ਕੌਣ, ਕਿੱਥੋਂ ਅਤੇ ਕਿਉਂ ਫ਼ੋਨ ਕਰ ਰਹੇ ਹੋ। ਸਾਡੇ ਲਕ ਅਕਸਰ ਇਹ ਵਾਕ ਬੋਲਣ ਵਿੱਚ ਕੁਤਾਹੀ ਕਰ ਜਾਂਦੇ ਹਨ। ਇਹ ਵਾਕ ਬੋਲਣ ਤੋਂ ਬਾਅਦ ਇਕ ਅੱਧੇ ਵਾਕ ਵਿੱਚ ਰਸਮੀ ਤੌਰ ‘ਤੇ ਹਾਲ ਚਾਲ ਪੁੱਛਿਆ ਜਾ ਸਕਦਾ ਹੈ ਪਰ ਜਦੋਂ ਤੁਸੀਂ ਵਾਰ-ਵਾਰ ਪੁੱਛਦੇ ਹੋ ਕਿ ਤੁਹਾਡਾ ਕੀ ਹਾਲ ਹੈ, ਬੱਚਿਆਂ ਦਾ ਕੀ ਹਾਲ ਹੈ ਅਤੇ ਹੋਰ ਕੀ ਹਾਲ ਹੈ ਤਾਂ ਯਕੀਨਨ ਤੁਸੀਂ ਸਰੋਤੇ ਨੂੰ ਚਿੜਾਉਣਾ ਅਤੇ ਖਿਝਾਉਣਾ ਸ਼ੁਰੂ ਕਰ ਦਿੰਦੇ ਹੋ। ਦੂਜੇ ਦੇ ਸਮੇਂ ਦੀ ਕੀਮਤ ਨੂੰ ਸਮਝੋ ਅਤੇ ਸੰਖੇਪ ਵਿੱਚ ਮੁੱਦੇ ਦੀ ਗੱਲਬਾਤ ਕਰਨੀ ਹੀ ਠੀਕ ਹੁੰਦੀ ਹੈ।
ਇਕ ਹੋਰ ਗੱਲ ਵੀ ਟੈਲੀਫ਼ੋਨ ਵਾਰਤਾਲਾਪ ਵਿੱਚ ਅਹਿਮ ਹੁੰਦੀ ਹੈ, ਉਹ ਤੁਹਾਡੀ ਆਵਾਜ਼। ਆਵਾਜ਼ ਇੰਨੀ ਘੱਟ ਨਹੀਂ ਹੋਣੀ ਚਾਹੀਦੀ ਕਿ ਸੁਣਨ ਵਿੱਚ ਦਿੱਕਤ ਅਤੇ ਉਸਨੂੰ ਵਾਰ ਵਾਰ ਹੈਲੋ ਹੈਲੋ ਕਹਿਣਾ ਪਵੇ। ਨਾ ਹੀ ਇੰਨੀ ਉਚੀ ਹੋਵੇ ਕਿ ਕੰਨ ਦੇ ਪਰਦੇ ਪਾੜ ਦੇਵੇ। ਕਈ ਲੋਕਾਂ ਨੂੰ ਉਚੀ ਆਵਾਜ਼ ਵਿੱਚ ਫ਼ੋਨ ਕਰਨ ਦੀ ਆਦਤ ਹੁੰਦੀ ਹੈ। ਅਜਿਹੀ ਆਦਤ ਤੋਂ ਵੀ ਬਚਣ ਦੀ ਲੋੜ ਹੁੰਦੀ ਹੈ। ਇਕ ਹੋਰ ਨੁਕਤਾ ਵੀ ਧਿਆਨ ਦੀ ਮੰਗ ਕਰਦਾ ਹੈ, ਉਹ ਹੈ ਫ਼ੋਨ ਕਰਨ ਦਾ ਸਮਾਂ। ਫ਼ੋਨ ਕਰਨ ਸਮੇਂ ਦੂਜੇ ਬੰਦੇ ਦੇ ਵਕਤ ਦਾ ਖਿਆਲ ਰੱਖਣਾ ਜ਼ਰੂਰੀ ਹੈ। ਖਾਸ ਤੌਰ ਤੇ ਕੈਨੇਡਾ, ਅਮਰੀਕਾ ਅਤੇ ਹੋਰ ਪ੍ਰਵਾਸੀਆਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਕਈ ਵਾਰ ਕੈਨੇਡਾ ਵਾਲੇ ਪਾਠਕ ਰਾਤ ਦੇ 12-1 ਵਜੇ ਜਗਾ ਲੈਂਦੇ ਹਨ ਕਿ ਤੁਹਾਡਾ ਆਰਟੀਕਲ ਵਧੀਆ ਲੱਗਿਆ। ਜਦੋਂ ਸਾਡਾ ਰਾਤ ਦਾ 1 ਵੱਜਿਆ ਹੁੰਦਾ ਹੈ ਅਤੇ ਕੈਨੇਡਾ ਵਿੱਚ ਦੁਪਹਿਰ ਦਾ। ਜਦੋਂ ਵੀ ਤੁਸੀਂ ਫ਼ੋਨ ਕਰੋ ਤਾਂ ਨਹਾਉਣ, ਨਾਸ਼ਤੇ, ਦੁਪਹਿਰ ਦੇ ਖਾਣੇ, ਆਰਾਮ ਦੇ ਸਮੇਂ ਅਤੇ ਰਾਤ ਦੇ ਖਾਣੇ ਸਮੇਂ ਦਾ ਖਿਆਲ ਜ਼ਰੂਰ ਰੱਖੋ। ਫ਼ੋਨ ਕਰਨ ਦੇ ਸਮੇਂ ਦੇ ਨਾਲ ਨਾਲ ਸੰਖੇਪਤਾ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਆਪਣੀ ਗੱਲ ਸੰਖੇਪ ਸ਼ਬਦਾਂ ਵਿੱਚ ਕਰੋ।
ਫ਼ੋਨ ਕਰਨ ਸਮੇਂ ਸ਼ਬਦਾਂ ਦੀ ਚੋਣ ‘ਤੇ ਉਚੇਚਾ ਧਿਆਨ ਰੱਖੋ। ਮੈਨੂੰ ਇਕ ਪ੍ਰਸਿੱਧ ਗਾਇਕ ਦਾ ਫ਼ੋਨ ਅਕਸਰ ਆਉਂਦਾ ਰਹਿੰਦਾ ਹੈ ਪਰ ਉਸਦੇ ਗੀਤਾਂ ਵਾਂਗ ਹੀ ਉਸਦੀਆਂ ਗਾਲਾਂ ਬਹੁਤ ਮਸ਼ਹੂਰ ਹਨ। ਇਹ ਗੱਲ ਹੋਰ ਹੈ ਕਿ ਇਹ ਗਾਲਾਂ ਸਿਰਫ਼ ਦੋਸਤਾਂ ਦੇ ਦਾਇਰੇ ਤੱਕ ਸੀਮਤ ਹਨ। ਸੰਖੇਪ ਅਤੇ ਸਹੀ ਸ਼ਬਦਾਂ ਵਿੱਚ ਹੀ ਆਪਣੀ ਗੱਲ ਕਰੋ। ਮੈਂ ਬਹੁਤ ਸਾਰੇ ਦੋਸਤਾਂ ਦੇ ਫ਼ੋਨ ਇਸ ਕਰਕੇ ਵੀ ਨਹੀਂ ਚੁੱਕਦਾ ਕਿ ਉਹ ਵਾਧੂ ਗੱਲਾਂ ਨਾਲ ਵਕਤ ਖਰਾਬ ਕਰਨਗੇ। ਸੋ, ਸੰਖੇਪ ਸ਼ਬਦਾਂ ਵਿੱਚ ਮਤਲਬ ਦੀ ਗੱਲ ਕਰੋ। ਨਿੱਜੀ ਦੋਸਤਾਂ, ਪ੍ਰੇਮੀਆਂ, ਪਤੀ-ਪਤਨੀਆਂ ਅਤੇ ਮਾਪਿਆਂ ਤੋਂ ਦੂਰ ਰਹਿੰਦੇ ਬੱਚਿਆਂ ਉਪਰ ਇਹ ਨੁਕਤਾ ਲਾਗੂ ਨਹੀਂ ਹੁੰਦਾ। ਇਹ ਸੂਤਰ ਤਾਂ ਰਸਮੀ ਫ਼ੋਨ ਵਾਰਤਾਲਾਪ ਲਈ ਹਨ। ਫ਼ੋਨ ਦੀ ਵਾਰਤਾਲਾਪ ਦੇ ਆਰੰਭ ਵਾਂਗ ਅੰਤ ਵੀ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਫ਼ੋਨ ਕਰਨ ਵਾਲੇ ਨੇ ਜਿਵੇਂ ਫ਼ੋਨ ਦੀ ਸ਼ੁਰੂਆਤ ਵੇਲੇ ਗੱਲਬਾਤ ਲਈ ਸਮਾਂ ਮੰਗਿਆ ਸੀ, ਉਸੇ ਤਰ੍ਹਾਂ ਅੰਤ ਵਿੱਚ ਲਏ ਸਮੇਂ ਲਈ ਧੰਨਵਾਦ ਕਰਨਾ ਵੀ ਜ਼ਰੂਰੀ ਹੈ।
ਤੁਹਾਡੇ ਨਾਲ ਵੀ ਮੇਰੇ ਵਾਂਗ ਕਈ ਵਾਰ ਵਾਪਰਿਆ ਹੋਵੇਗਾ, ਤੁਸੀਂ ਨਹਾ ਰਹੇ ਹੋ ਜਾਂ ਫ਼ਿਰ ਬਰੇਕਫ਼ਾਸਟ ਕਰ ਰਹੇ ਹੋ। ਤੁਹਾਡੇ ਫ਼ੋਨ ਦੀ ਘੰਟੀ ਵੱਜੀ ਹੈ। ਤੁਸੀਂ ਇਹ ਸੋਚ ਕੇ ਕਿ ਮੈਂ ਨਹਾਉਣ ਤੋਂ ਬਾਅਦ ਫ਼ੋਨ ਕਰ ਲਵਾਂਗਾ ਆਪਣੇ ਮੁਤਾਬਕ ਆਪਣੇ ਵਕਤ ਨੂੰ ਵਰਤ ਰਹੇ ਹੋ। ਦੂਜੇ ਪਾਸੇ ਫ਼ੋਨ ਕਰਨ ਵਾਲਾ ਲਗਾਤਾਰ ਫ਼ੋਨ ਕਰਦਾ ਰਹਿੰਦਾ ਹੈ। ਕਈ ਮਹਾਂਪੁਰਖ ਤਾਂ ਪੰਜ ਸੱਤ ਵਾਰ ਘੰਟੀ ਸੁਣਾ ਦਿੰਦੇ ਹਨ। ਲੱਗਦਾ ਹੁੰਦਾ ਹੈ ਕਿ ਫ਼ੋਨ ਕਰਨ ਵਾਲੇ ਨੂੰ ਕੋਈ ਐਮਰਜੈਂਸੀ ਹੈ। ਹੈਰਾਨੀ ਹੁੰਦੀ ਹੈ ਕਿ ਫ਼ੋਨ ਕਰਨ ਵਾਲਾ ਕਹਿੰਦਾ ਹੈ ਕਿ ਬੱਸ ਹਾਲ ਚਾਲ ਪੁੱਛਣ ਲਈ ਫ਼ੋਨ ਕੀਤਾ ਸੀ। ਯਾਦ ਰੱਖੋ ਜਦੋਂ ਕੋਈ ਤੁਹਾਡਾ ਫ਼ੋਨ ਨਹੀਂ ਚੁੰਕ ਰਿਹਾ ਤਾਂ ਇਹ ਸਮਝੋ ਕਿ ਉਹ ਕਿਤੇ ਜ਼ਰੂਰੀ ਕੰਮ ਵਿੱਚ ਰੁੱਝਿਆ ਹੋਇਆ ਹੈ। ਉਸਨੂੰ ਵਾਰ ਵਾਰ ਫ਼ੋਨ ਕਰਕੇ ਤੰਗ ਅਤੇ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਹੈ। ਜੇ ਬਹੁਤ ਜ਼ਰੂਰੀ ਹੋਵੇ ਤਾਂ ਕੁਝ ਸਮੇਂ ਬਾਅਦ ਦੁਬਾਰਾ ਘੰਟੀ ਵਜਾਈ ਜਾ ਸਕਦੀ ਹੈ। ਇਸ ਤਰ੍ਹਾਂ ਕਈ ਵਾਰ ਤੁਸੀਂ ਫ਼ੋਨ ਕਰਦੇ ਹੋ ਅਤੇ ਦੂਜੇ ਪਾਸੇ ਬੰਦਾ ਕਿਸੇ ਹੋਰ ਨਾਲ ਗੱਲਬਾਤ ਕਰਨ ਵਿੱਚ ਬਿਜ਼ੀ ਹੈ। ਜਦੋਂ ਦੂਜੇ ਬੰਦੇ ਦਾ ਫ਼ੋਨ ਬਿਜ਼ੀ ਆ ਰਿਹਾ ਹੋਵੇ ਤਾਂ ਤੁਹਾਨੂੰ ਵਾਰ ਵਾਰ ਫ਼ੋਨ ਨਹੀਂ ਕਰਨਾ ਚਾਹੀਦਾ। ਦੂਜੇ ਪਾਸੇ ਫ਼ੋਨ ਸੁਣਨ ਵਾਲੇ ਨੂੰ ਵੀ ਇਸ ਗੱਲ ਦਾ ਸਲੀਕਾ ਆਉਣਾ ਚਾਹੀਦਾ ਹੈ ਕਿ ਜੇ ਤੁਹਾਡੇ ਫ਼ੋਨ ਦੇ ਬਿਜ਼ੀ ਹੋਣ ਦੌਰਾਨ ਕਿਸੇ ਦਾ ਫ਼ੋਨ ਆਉਂਦਾ ਹੈ ਤਾਂ ਤੁਸੀਂ ਆਪਣੀ ਗੱਲ ਖਤਮ ਕਰਨ ਉਪਰੰਤ ਜਿਸ ਬੰਦੇ ਦਾ ਤੁਹਾਨੂੰ ਫ਼ੋਨ ਆ ਰਿਹਾ ਸੀ, ਉਸਨੂੰ ਜਵਾਬੀ ਫ਼ੋਨ ਜ਼ਰੂਰ ਕਰੋ।
ਇਸੇ ਤਰ੍ਹਾਂ ਮਿਸਡ ਕਾਲ ਦਾ ਜਵਾਬ ਦੇਣਾ ਵੀ ਫ਼ੋਨ ਵਾਰਤਾਲਾਪ ਦੀ ਕਲਾ ਦਾ ਹਿੱਸਾ ਹੈ। ਤੁਸੀਂ ਕੰਮ ‘ਤ ਹੋ। ਤੁਸੀਂ ਕਾਰ ਚਲਾ ਰਹੇ ਹੋ ਜਾਂ ਕਿਸੇ ਕੰਮ ਵਿੱਚ ਬਿਜ਼ ਹੋ। ਤੁਹਾਨੁੰ ਫ਼ੋਨ ਸੁਣਨਾ ਸੰਭਵ ਨਹੀਂ ਹੈ। ਤੁਸੀਂ ਸੌ ਰਹੇ ਹੋ ਜਾਂ ਆਰਾਮ ਕਰਨ ਸਮੇਂ ਫ਼ੋਨ ਨਹੀਂ ਸੁਣਨਾ ਪਸੰਦ ਕਰਦੇ। ਇਸ ਤਰ੍ਹਾਂ ਦਾ ਵਿਵਹਾਰ ਜਾਂ ਵਤੀਰਾ ਅਕਸਰ ਲੋਕਾਂ ਵਿੱਚ ਪਾਇਆ ਜਾਂਦਾ ਹੈ। ਸਲੀਕਾ ਅਤੇ ਨੈਤਿਕਤਾ ਇਹ ਮੰਗ ਕਰਦੀ ਹੈ ਕਿ ਜਦੋਂ ਵੀ ਵਕਤ ਮਿਲੇ ਤਾਂ ਜਵਾਬੀ ਫ਼ੋਨ ਕਰਨਾ ਜ਼ਰੂਰੀ ਹੁੰਦਾ ਹੈ। ਇਸ ਕੰਮ ਵਿੱਚ ਅਸੀਂ ਅਕਸਰ ਕੁਤਾਹੀ ਕਰ ਜਾਂਦੇ ਹਾਂ। ਬੈਕ ਕਾਲ ਕਰਨਾ ਤੁਹਾਡੀ ਸ਼ਖਸੀਅਤ ਅਤੇ ਵਿਵਹਾਰ ਦਾ ਹਿੱਸਾ ਹੋਣਾ ਚਾਹੀਦਾ ਹੈ।ਫ਼ੋਨ ਵਾਰਤਾਲਾਪ ਲਈ ਤੁਹਾਡੇ ਵਿੱਚ ਆਤਮ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਖਾਸ ਤੌਰ ‘ਤੇ ਉਸ ਵੇਲ ਜਦੋਂ ਤੁਸੀਂ ਅੰਗਰੇਜ਼ੀ ਜਾਂ ਮਾਂ ਬੋਲੀ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਗੱਲਬਾਤ ਕਰਦੇ ਹੋ। ਇਹ ਆਤਮ ਵਿਸ਼ਵਾਸ ਅਭਿਆਸ ਨਾਲ ਹੀ ਆਉਂਦਾ ਹੈ। ਅੱਜਕਲ੍ਹ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਫ਼ੋਨ ਜਾਂ ਵੀਡੀਓ ਕਾਨਫ਼ਰੰਸ ਰਾਹੀਂ ਇੰਟਰਵਿਊ ਕਰਨ ਲੱਗੀਆਂ ਹਨ। ਫ਼ੋਨ ਵਾਰਤਾਲਾਪ ਦੀ ਕਲਾ ਵਿੱਚ ਮਾਹਿਰ ਲੋਕ ਚੰਗਾ ਪ੍ਰਭਾਵ ਛੱਡਣ ਵਿੱਚ ਕਾਮਯਾਬ ਰਹਿੰਦੇ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਫ਼ੋਨ ਵਾਰਤਾਲਾਪ ਸਿਖਾਉਣ ਲਈ ਕੋਰਸ ਕਰਵਾਏ ਜਾਂਦੇ ਹਨ। ਇਹ ਕਲਾ ਸਿਖਾਉਣ ਲਈ ਕਈ ਸੰਸਥਾਵਾਂ ਨੇ ਇਸ ਕਲਾ ਨੂੰ ਕਾਮਨੀਕੇਸ਼ਨ ਸਕਿਲ ਦੇ ਕੋਰਸ ਦਾ ਹਿੱਸਾ ਬਣਾ ਦਿੱਤਾ ਹੈ। ਜਿਹਨਾਂ ਲੋਕਾਂ ਦਾ ਅੰਗਰੇਜ਼ੀ ਵਿੱਚ ਹੱਥ ਤੰਗ ਹੁੰਦਾ ਹੈ, ਉਹਨਾਂ ਲਈ ਵਿਸ਼ੇਸ਼ ਕਿਸਮ ਦੀ ਸਿਖਲਾਈ ਸਿਲੇਬ ਬਣਾਏ ਗਏ ਹਨ। ਜਿਵੇਂ ਏਅਰਪੋਰਟ ਕਰਮਚਾਰੀਆਂ ਨਾਲ ਕਿਵੇਂ ਗੱਲ ਕਰਨੀ ਹੈ। ਬੈਂਕ, ਸਿੱਖਿਆ ਸੰਸਥਾਵਾਂ ਅਤੇ ਹੋਰ ਅਦਾਰਿਆਂ ਨਾਲ ਕਿਵੇਂ ਅਤੇ ਕਿਹੜੇ ਸ਼ਬਦਾਂ ਵਿੱਚ ਗੱਲ ਕਰਨੀ ਹੈ। ਆਪਣੇ ਅਫ਼ਸਰਾਂ, ਸੀਨੀਅਰ ਸਾਥੀਆਂ, ਸਹਿ ਕਰਮਚਾਰੀਆਂ ਅਤੇ ਆਪਣੇ ਅਧੀਨ ਕਰਮਚਾਰੀਆਂ ਨਾਲ ਕਿਵੇਂ ਗੱਲ ਕਰਨੀ ਹੈ।
ਉਕਤ ਚਰਚਾ ਤੋਂ ਇਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਫ਼ੋਨ ਉਤੇ ਵਾਰਤਾਲਾਪ ਕਰਨੀ ਇਕ ਬਹੁਤ ਹੀ ਮਹੱਤਵਪੂਰਨ ਕਲਾ ਹੈ। ਜ਼ਿੰਦਗੀ ਦੇ ਹਰ ਮੁਕਾਮ ਉਤੇ ਇਸ ਦੀ ਜ਼ਰੂਰਤ ਹੁੰਦੀ ਹੈ। ਕਾਮਯਾਬ ਲੋਕ ਇਸ ਕਲਾ ਵਿੱਚ ਵੀ ਮਾਹਿਰ ਹੁੰਦੇ ਹਨ। ਸੋ, ਜ਼ਿੰਦਗੀ ਵਿੱਚ ਸਿਆਣੇ ਅਤੇ ਸਫ਼ਲ ਮਨੁੱਖ ਬਣਨ ਲਈ ਫ਼ੋਨ ਉਤੇ ਵਾਰਤਾਲਾਪ ਦੀ ਕਲਾ ਵਿੱਚ ਮਾਹਿਰ ਹੋਣ ਲਈ ਯਤਨ ਕਰੋ ਅਤੇ ਜੇਕਰ ਤੁਸੀਂ ਪਹਿਲਾਂ ਹੀ ਇਸ ਕਲਾ ਵਿੱਚ ਮਾਹਿਰ ਹੋ ਤਾਂ ਆਪਣੇ ਬੱਚਿਆਂ ਅਤੇ ਸਾਥੀਆਂ ਨੂੰ ਇਸ ਕਲਾ ਵਿੱਚ ਮਾਹਿਰ ਹੋਣ ਲਈ ਉਤਸ਼ਾਹਿਤ ਕਰੋ।