ਫ਼ਿਲਮੀ ਤੜਕ ਭੜਕ ਤੋਂ ਨਿਰਲੇਪ ਰਹਿਣਾ ਚਾਹੁੰਦੀ ਹੈ ਰਾਧਿਕਾ ਆਪਟੇ

flimy-duniya1ਆਪਟੇ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਫ਼ਿਲਮਾਂ ਵਿੱਚ ਨਾਇਕਾਂ ਦੇ ਨਾਲ ਗੀਤ ਗਾਉਣ, ਸੱਜ-ਧੱਜ ਕੇ ਵਿੱਚਰਨ ਤੇ ਬੇਵਜ੍ਹਾ ਰੋਣ-ਧੋਣ ਵਿੱਚ ਕੋਈ ਦਿਲਚਸਪੀ ਨਹੀਂ। ਉਸ ਨੂੰ ਪੇਚੀਦਾ, ਯਥਾਰਥਕ ਤੇ ਗਲੈਮਰ ਤੋਂ ਵਿਹੂਣੇ ਕਿਰਦਾਰ ਨਿਭਾਉਣ ਵਿੱਚ ਦਿਲਚਸਪੀ ਹੈ ਅਤੇ ਅਜਿਹੀ ਅਦਾਕਾਰੀ ਨੂੰ ਹੀ ਉਹ ਆਪਣਾ ਪੇਸ਼ਾ ਤੇ ਸ਼ੌਕ ਮੰਨਦੀ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਇੱਕ ਆਨਲਾਈਨ ਵੀਡੀਓ ‘ਫ਼ਾਈਂਡ ਯੂ ਬਿਊਟੀਫ਼ੁੱਲ’ ਵਿੱਚ ਉਹ ਆਪਣੀ ਛੇ ਸਾਲ ਦੀ ਉਮਰ ਵਾਲੀ ਇੱਕ ਤਸਵੀਰ ਨੂੰ ਨਿਹਾਰਦਿਆਂ ਕਹਿੰਦੀ ਹੈ, ”ਮੈਂ ਕਈ ਵਾਰ ਸੋਚਦੀ ਹਾਂ ਕਿ ਜੇ ਮੈਂ ਤੈਨੂੰ ਹੁਣ ਮਿਲਦੀ ਤਾਂ ਕੀ ਕਹਿੰਦੀ?” ਇਸ ਮਗਰੋਂ ਉਹ ਵੱਖ ਵੱਖ ਥਾਵਾਂ ‘ਤੇ ਵੱਖ ਵੱਖ ਕਿੱਤਿਆਂ ਨਾਲ ਜੁੜੀਆਂ ਔਰਤਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਖ਼ੁਦ ਨਾਲ ਪਿਆਰ ਕਰਨਾ ਸਿੱਖੋ ਅਤੇ ਆਪਣੇ ਅੰਦਰਲੀ ਖ਼ੂਬਸੂਰਤੀ ਨੂੰ ਖੋਜ ਕੇ ਉਸ ਨੂੰ ਆਪਣੀ ਸ਼ਖ਼ਸੀਅਤ ਦਾ ਹਿੱਸਾ ਬਣਾਓ। ਇਹ ਉਹ ਵੀਡੀਓ ਹੈ ਜੋ ਕਿ ਇਸਤਰੀਆਂ ਵਿੱਚ ਆਤਮ-ਸਨਮਾਨ ਦੀ ਭਾਵਨਾ ਜਗਾਉਂਦਾ ਹੈ ਅਤੇ ਰਾਧਿਕਾ ਇਸ ਵਿੱਚ ਕਿਸੇ ਕੌਂਸਲਰ ਵਾਂਗ ਨਹੀਂ, ਸਹੇਲੀ ਵਾਂਗ ਵਿੱਚਰਦੀ ਤੇ ਗੱਲਬਾਤ ਕਰਦੀ ਦਿਖਾਈ ਦਿੰਦੀ ਹੈ।
ਆਪਣੀ ਪਹਿਲੀ ਹਿੰਦੀ ਫ਼ਿਲਮ ‘ਸ਼ੋਰ ਇਨ ਦਿ ਸਿਟੀ’ ਤੋਂ ਲੈ ਕੇ ਨਵੀਨਤਮ ਫ਼ਿਲਮ ‘ਫ਼ੋਬੀਆ’ ਤਕ ਦੇ ਸਫ਼ਰ ਦੌਰਾਨ ਰਾਧਿਕਾ ਨੇ ਉਹ ਰੋਲ ਨਿਭਾਏ ਹਨ ਜੋ ਸਾਧਾਰਨ ਫ਼ਿਲਮੀ ਨਾਇਕਾਵਾਂ ਵਾਲੀਆਂ ਭੂਮਿਕਾਵਾਂ ਤੋਂ ਬਿਲਕੁਲ ਵੱਖਰੇ ਹਨ। ਇਹ ਸਾਰੀਆਂ ਫ਼ਿਲਮਾਂ ਹਰ ਕਿਰਦਾਰ ਨੂੰ ਆਤਮਸਾਤ ਕਰਨ ਦੀ ਉਸ ਦੀ ਸਮਰੱਥਾ ਤੇ ਪ੍ਰਤਿਭਾ ਦਾ ਮੁਜ਼ਾਹਰਾ ਕਰਦੀਆਂ ਹਨ। ਓਪਰੀ ਨਜ਼ਰੇ ਉਹ ਆਂਢ-ਗੁਆਂਢ ਵਿੱਚ ਵਸਦੀ ਆਮ ਮੁਟਿਆਰ ਵਜੋਂ ਜਾਪਦੀ ਹੈ, ਪਰ ਕੈਮਰੇ ਦੇ ਸਾਹਮਣੇ ਕਿਰਦਾਰ ਦੇ ਅੰਦਰ ਢਲ ਜਾਣਾ ਉਸ ਦੀ ਵਿਸ਼ੇਸ਼ਤਾ ਹੈ। ਤਾਮਿਲ ਫ਼ਿਲਮਾਂ ਦੇ ਮਹਾਂਨਾਇਕ ਰਜਨੀਕਾਂਤ ਦੀ ਨਵੀਂ ਫ਼ਿਲਮ ‘ਕਾਬਲੀ’ ਵਿੱਚ ਉਸ ਦੀ ਅਹਿਮ ਭੂਮਿਕਾ ਹੈ। ‘ਕਾਬਲੀ’ ਤੋਂ ਬਾਅਦ ਉਹ ਇੱਕ ਹਿੰਦ-ਫ਼ਰਾਂਸੀਸੀ ਫ਼ਿਲਮ ਵਿੱਚ ਕੰਮ ਕਰ ਰਹੀ ਹੈ।
ਰਾਧਿਕਾ ਨੇ ਪਿਛਲੇ ਮਹੀਨੇ ਨਿਊਯਾਰਕ ਦੇ ਟ੍ਰਾਈਬੈਕਾ ਫ਼ਿਲਮ ਮੇਲੇ ਵਿੱਚ ਬਿਹਤਰੀਨ ਅਦਾਕਾਰਾ ਦਾ ਐਵਾਰਡ ਜਿੱਤਿਆ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਭਾਰਤੀ ਅਦਾਕਾਰ ਨੂੰ ਇਹ ਇਨਾਮ ਮਿਲਿਆ। ਇਸੇ ਪ੍ਰਸੰਗ ਵਿੱਚ ਉਸ ਨਾਲ ਹੋਈ ਲੰਮੀ ਵਾਰਤਾਲਾਪ ਦੇ ਕੁਝ ਅੰਸ਼ ਪੇਸ਼ ਹਨ:
ਦ ਫ਼ਿਲਮ ‘ਫ਼ੋਬੀਆ’ ਵਿੱਚ ਮਹਿਕ ਦੇ ਰੂਪ ਵਿੱਚ ਤੁਹਾਡਾ ਕਿਰਦਾਰ ਇੰਨਾ ਅਸਲੀ ਜਾਪਦਾ ਹੈ ਕਿ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਤੁਸੀਂ ਮਨੋਰੋਗੀ ਨਹੀਂ, ਨਾਰਮਲ ਇਨਸਾਨ ਹੋ। ਐਗੋਰਾਫ਼ੋਬੀਆ ਤੋਂ ਪੀੜਤ ਮੁਟਿਆਰ ਦੀ ਭੂਮਿਕਾ ਨਿਭਾਉਣ ਲਈ ਕਿੰਨੀ ਕੁ ਮਿਹਨਤ ਕਰਨੀ ਪਈ?
– ਮੇਰੇ ਲਈ ਇਹ ਭੂਮਿਕਾ ਇਸ ਪੱਖੋਂ ਦਿਲਚਸਪ ਸੀ ਕਿ ਮੈਂ ਪਹਿਲਾਂ ਕਦੇ ਅਜਿਹਾ ਕੋਈ ਰੋਲ ਨਹੀਂ ਸੀ ਕੀਤਾ। ਨਾ ਤਾਂ ਫ਼ਿਲਮਾਂ ਅਤੇ ਨਾ ਹੀ ਥੀਏਟਰ ਵਿੱਚ। ਇਹ ਭੂਮਿਕਾ ਤਕਲੀਫ਼ਦੇਹ ਸੀ। ਮੈਂ ਖ਼ੁਦ ਨੂੰ ਉਨ੍ਹਾਂ ਥਾਵਾਂ ਤੇ ਅਵਸਥਾਵਾਂ ‘ਤੇ ਲਿਜਾਣ ਵਿੱਚ ਯਕੀਨ ਰੱਖਦੀ ਹਾਂ, ਜਿਨ੍ਹਾਂ ਦਾ ਮੈਨੂੰ ਅਨੁਭਵ ਨਹੀਂ ਹੋਇਆ ਹੁੰਦਾ। ਉਂਜ, ਡਾਕਟਰਾਂ ਦੇ ਪਰਿਵਾਰ ਨਾਲ ਜੁੜੀ ਹੋਣ ਕਾਰਨ ਮੈਨੂੰ ਪਤਾ ਸੀ ਕਿ ਐਗੋਰਾਫ਼ੋਬੀਆ ਕੀ ਹੁੰਦਾ ਹੈ। ਫ਼ਿਲਮ ਦੀ ਨਾਇਕਾ ਮਹਿਕ ਹਰ ਸਮੇਂ ਤੌਖਲਿਆਂ ਨਾਲ ਘੁਲਦੀ ਰਹਿੰਦੀ ਹੈ। ਇਸੇ ਕਾਰਨ ਉਹ ਹਰ ਸਮੇਂ ਆਪਣਾ ਗ਼ੁਬਾਰ ਬਾਹਰ ਕੱਢਦੀ ਰਹਿੰਦੀ ਹੈ। ਨਿੱਕੀ ਨਿੱਕੀ ਗੱਲ ਤੋਂ ਉਹ ਤਲਖ਼ ਹੋ ਜਾਂਦੀ ਹੈ ਅਤੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦੀ ਹੈ।
ਅਜਿਹੀ ਭੂਮਿਕਾ ਜਿਸਮਾਨੀ ਤੇ ਰੂਹਾਨੀ ਦੋਵੇਂ ਤਰ੍ਹਾਂ ਦਾ ਭਰਪੂਰ ਦਮ-ਖ਼ਮ ਮੰਗਦੀ ਹੈ। ਮੈਂ ਸ਼ੂਟਿੰਗ ਦੌਰਾਨ ਰੋਜ਼ 12 ਘੰਟੇ ਇਸ ਕਿਰਦਾਰ ਵਿੱਚ ਖੁੱਭੀ ਰਹਿੰਦੀ ਸੀ। ਇਸ ਨੇ ਜਜ਼ਬਾਤੀ ਤੌਰ ‘ਤੇ ਮੇਰੇ ਉੱਤੇ ਅਸਰ ਪਾਇਆ।
ਦ ਅਜਿਹੇ ਕਿਰਦਾਰਾਂ ਤੋਂ ਆਪਣੇ ਅਸਲ ਨਿੱਜ ਨੂੰ ਤੁਸੀਂ ਅਲਹਿਦਾ ਕਿਵੇਂ ਕਰਦੇ ਹੋ?
– ਕਈ ਅਦਾਕਾਰ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਸਾਧਾਰਨ ਕਿਰਦਾਰਾਂ ਵਿੱਚੋਂ ਬਾਹਰ ਆਉਂਦਿਆਂ ਸਮਾਂ ਲੱਗਦਾ ਹੈ, ਪਰ ਮੈਂ ਖ਼ੁਸ਼ਕਿਸਮਤ ਹਾਂ ਕਿ ਮੈਂ ਕੈਮਰੇ ਦੀਆਂ ਬੱਤੀਆਂ ਬੁਝਦਿਆਂ ਹੀ ਖ਼ੁਦ ਨੂੰ ਫ਼ਿਲਮੀ ਕਿਰਦਾਰ ਤੋਂ ਅਲਹਿਦਾ ਕਰ ਲੈਂਦੀ ਹਾਂ। ਅਜਿਹਾ ਕਰਨਾ ਜ਼ਰੂਰੀ ਵੀ ਹੈ। ਜਦੋਂ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਜਜ਼ਬਾਤੀ ਤੌਰ ‘ਤੇ ਤੁਸੀਂ ਅਸਥਿਰ ਹੋ ਜਾਂਦੇ ਹੋ।
ਦ ਤੁਸੀਂ ਹੁਣ ਤਕ ਆਈਆਂ ਬਹੁਤ ਘੱਟ ਫ਼ਿਲਮਾਂ ਵਿੱਚ ਮੁੱਖ ਨਾਇਕਾ ਦੀ ਭੂਮਿਕਾ ਨਿਭਾਈ ਹੈ। ਇਸ ਦੀ ਵਜ੍ਹਾ?
– ਮੈਨੂੰ ਵਜ੍ਹਾ ਦਾ ਨਹੀਂ ਪਤਾ। ਫ਼ਿਲਮ ਦੀ ਕਹਾਣੀ ਸੁਣਦਿਆਂ ਮੇਰੇ ਫ਼ੋਕਸ ਵਿੱਚ ਸਿਰਫ਼ ਇਹੀ ਹੁੰਦਾ ਹੈ ਕਿ ਮੈਂ ਉਸ ਕਿਰਦਾਰ ਦੀ ਚੋਣ ਕਰਾਂ ਜੋ ਚੁਣੌਤੀਪੂਰਨ ਹੋਵੇ। ਇਸ ਲਈ ਇਹ ਜ਼ਰੂਰੀ ਨਹੀਂ ਕਿ ਇਹ ਕਿਰਦਾਰ ਹੀਰੋਇਨ ਦਾ ਹੈ ਜਾਂ ਕਿਸੇ ਸਹਿ-ਨਾਇਕਾ ਦਾ। ਮੈਂ ਕਿਰਦਾਰ ਦੀ ਚੋਣ ਕਰਦਿਆਂ ਇਹ ਵੀ ਸੋਚਦੀ ਹਾਂ ਕਿ ਇਸ ਵਿੱਚ ਮੈਂ ਕੀ ਕੁਝ ਨਿਵੇਕਲਾ ਜੋੜ ਸਕਾਂਗੀ। ਕੁਝ ਸਾਲ ਪਹਿਲਾਂ ਤਕ ਮੇਰੇ ਕੋਲ ਅਜਿਹਾ ਕਰਨ ਦੀ ‘ਲਗਜ਼ਰੀ’ ਨਹੀਂ ਸੀ। ਮੈਂ ਆਪਣੀ ਇੱਛਾ ਫ਼ਿਲਮਸਾਜ਼ਾਂ ‘ਤੇ ਨਹੀਂ ਸੀ ਥੋਪ ਸਕਦੀ। ਹੁਣ ਜੇ ਮੈਂ ਆਪਣੀ ਇੱਛਾ ਨਹੀਂ ਥੋਪ ਸਕਦੀ ਤਾਂ ਆਪਣੀ ਮਰਜ਼ੀ ਤਾਂ ਕਰ ਸਕਦੀ ਹਾਂ।
ਦ ਤੁਸੀਂ ਦੱਖਣ ਭਾਰਤੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉੱਥੇ ਰੋਲ ਗਲੈਮਰ ਭਰਪੂਰ ਸਨ। ਕੀ ਉਹ ਫ਼ਿਲਮਾਂ ਤੁਹਾਡੀ ਮਾਨਸਿਕ ਬਣਤਰ ਦੇ ਮੰਚ ਦੀਆਂ ਸਨ? ਕੀ ਤੁਹਾਨੂੰ ਕਦੇ ਖ਼ੁਦ ਨਾਲ ਇਹ ਸ਼ਿਕਵਾ ਨਹੀਂ ਹੋਇਆ ਕਿ ਮੈਂ ਕੀ ਕਰ ਰਹੀ ਹਾਂ?
– ਇਹ ਫ਼ਿਲਮਾਂ ਕਰਨ ਦੇ ਕਈ ਕਾਰਨ ਸਨ। ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਮੇਰੀਆਂ ਤਰਜੀਹਾਂ ਕੁਝ ਵੱਖਰੀਆਂ ਸਨ। ਮੈਨੂੰ ਪੈਸੇ ਦੀ ਲੋੜ ਸੀ। ਜ਼ਿੰਦਗੀ ਨੂੰ ਕੁਝ ਅਰਾਮਦੇਹ ਬਣਾਉਣ ਦੀ ਲੋੜ ਸੀ। ਜੇ ਮੈਂ ਕਹਾਂ ਕਿ ਮੈਨੂੰ ਉਨ੍ਹਾਂ ਫ਼ਿਲਮਾਂ ਵਿੱਚ ਕੰਮ ਕਰਨ ਉੱਤੇ ਕੋਈ ਅਫ਼ਸੋਸ ਨਹੀਂ ਤਾਂ ਇਹ ਗ਼ਲਤ ਹੋਵੇਗਾ। ਮੈਨੂੰ ਅਫ਼ਸੋਸ ਹੈ ਕਿ ਮੈਂ ਕੁਝ ਉਹ ਕਿਰਦਾਰ ਨਿਭਾਏ ਜੋ ਮੇਰੀ ਸੋਚ, ਮੇਰੀ ਮਾਨਸਿਕ ਬਣਤਰ ਤੋਂ ਉਲਟ ਸਨ। ਉਂਜ, ਉਸ ਤਜਰਬੇ ਨੇ ਹੀ ਮੈਨੂੰ ਸਿਖਾਇਆ ਕਿ ਮੇਰੀਆਂ ਤਰਜੀਹਾਂ ਕੀ ਹੋਣੀਆਂ ਚਾਹੀਦੀਆਂ ਹਨ।
ਦ ‘ਸ਼ੋਰ ਇਨ ਦਿ ਸਿਟੀ’ ਵਿੱਚ ਤੁਹਾਡੀ ਭੂਮਿਕਾ ਖ਼ਾਲਸ ਭਾਰਤੀ ਗ੍ਰਹਿਣੀ ਵਾਲੀ ਸੀ, ਪਰ ‘ਅਹਿਲਿਆ’ ਵਿੱਚ ਤੁਸੀਂ ਬਿਲਕੁਲ ਵੱਖਰੀ, ਜ਼ੁਬਾਨਤਰਾਸ਼ ਤੇ ਸਾਹਸੀ ਔਰਤ ਦੀ ਭੂਮਿਕਾ ਨਿਭਾਈ। ਦੋਵਾਂ ਭੂਮਿਕਾਵਾਂ ਲਈ ਕਿੰਨੀ ਕੁ ਤਿਆਰੀ ਕੀਤੀ?
– ਦੋਵੇਂ ਭੂਮਿਕਾਵਾਂ ਯਥਾਰਥਕ ਸਨ। ਮੈਨੂੰ ਨਿਰੋਲ ਭਾਰਤੀ ਸੁਆਣੀ ਦੀ ਭੂਮਿਕਾ ਨਿਭਾਉਣ ਵਿੱਚ ਦਿੱਕਤ ਜ਼ਰੂਰ ਆਈ ਕਿਉਂਕਿ ਮੈਂ ਜ਼ਿੰਮੇਵਾਰ ਮਾਂ ਹੋਣ ਦੇ ਬਾਵਜੂਦ ਸਵੇਰ ਤੋਂ ਹੀ ਚੁਲ੍ਹਾ-ਚੌਂਕਾ ਸਾਂਭਣ ਵਾਲੀ ਔਰਤ ਨਹੀਂ। ਪਰ ਇਸ ਪੱਖੋਂ ਮੇਰੀ ਮਾਂ ਦੀ ਜੀਵਨ ਸ਼ੈਲੀ ਮੇਰੇ ਖ਼ੂਬ ਕੰਮ ਆਈ। ਮੈਂ ਖ਼ੁਦ ਨੂੰ ਉਸ ਦੇ ਅੰਦਰ ਢਾਲ ਕੇ ਭੂਮਿਕਾ ਨਿਭਾਈ।
ਦ ‘ਕਾਬਲੀ’ ਰਾਹੀਂ ਦੱਖਣ ਭਾਰਤੀ ਫ਼ਿਲਮਾਂ ਵਿੱਚ ਤੁਹਾਡੀ ਵਾਪਸੀ ਹੋਈ ਹੈ। ਇਹ ਰਜਨੀਕਾਂਤ ਦੀ ਡਰਾਮਾਨੁਮਾ ਫ਼ਿਲਮ ਹੈ। ਤੁਹਾਡਾ ਰੋਲ ਕੀ ਹੈ?
– ਰੋਲ ਬਾਰੇ ਅਜੇ ਮੈਂ ਕੁਝ ਨਹੀਂ ਦੱਸਾਂਗੀ। ਇਹ ਵੱਡੇ ਬਜਟ ਵਾਲੀ ਫ਼ਿਲਮ ਹੈ, ਪਰ ਮੇਰਾ ਰੋਲ ਸੁੰਦਰ ਲੱਗਣ ਤਕ ਸੀਮਤ ਨਹੀਂ। ਇਸ ਦੇ ਹੋਰ ਬਹੁਤ ਸਾਰੇ ਰੰਗ ਹਨ।
ਦ ਅਨੁਰਾਗ ਕਸ਼ਿਅਪ ਨਾਲ ਕੰਮ ਕਰਨ ਦਾ ਤਜਰਬਾ ਕੈਸਾ ਰਿਹਾ?
– ਅਨੁਰਾਗ ਦੀਆਂ ਫ਼ਿਲਮਾਂ ਵਿੱਚ ਇਸਤਰੀਆਂ ਦੇ ਰੋਲ ਖੁੱਭ ਕੇ ਲਿਖੇ ਗਏ ਹੁੰਦੇ ਹਨ। ਮੈਨੂੰ ਫ਼ਿਲਮ ‘ਕਲੀਨਸ਼ੇਵਨ’ ਤੋਂ ਬਹੁਤ ਉਮੀਦਾਂ ਹਨ। ਉਸ ਵਿੱਚ ਮੇਰਾ ਰੋਲ ਬਹੁਤ ਮਹੱਤਵਪੂਰਨ ਹੈ।
ਦ ਤੁਸੀਂ ਹਿੰਦੀ, ਫ਼ਰੈਂਚ, ਤਾਮਿਲ, ਤੈਲਗੂ, ਬੰਗਲਾ ਅਤੇ ਮਰਾਠੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਕਿਸੇ ਹੋਰ ਭਾਸ਼ਾ ਦੀ ਫ਼ਿਲਮ ਦੀ ਵੀ ਆਫ਼ਰ ਆਈ ਹੈ?
– ਇੱਕ ਪੰਜਾਬੀ ਫ਼ਿਲਮ ਦੀ ਸਕ੍ਰਿਪਟ ਮੈਂ ਪੜ੍ਹ ਰਹੀ ਹਾਂ, ਪਰ ਜਿੰਨੀਆਂ ਕੁ ਪੰਜਾਬੀ ਫ਼ਿਲਮਾਂ ਮੈਂ ਪੰਜਾਬੀ ਸਿਨਮਾ ਬਾਰੇ ਜਾਣਨ ਲਈ ਦੇਖੀਆਂ ਹਨ, ਉਨ੍ਹਾਂ ਵਿੱਚ ਔਰਤਾਂ ਨੂੰ ਅਸਲਵਾਦੀ ਢੰਗ ਨਾਲ ਨਹੀਂ ਪੇਸ਼ ਕੀਤਾ ਗਿਆ। ਮੈਨੂੰ ਇਸ ਤੋਂ ਮਾਯੂਸੀ ਹੋਈ ਹੈ।