ਦੀਪਤੀ ਅੰਗਰੀਸ਼
ਬੌਲੀਵੁਡ ਦੀ ਇਸ ਸਾਲ ਦੀ ਪਹਿਲੀ ਛਿਮਾਹੀ ਨੌਜਵਾਨ ਪੀੜ੍ਹੀ ਦੇ ਨਾਂ ਰਹੀ। ਕਈ ਨਵੇਂ ਚਿਹਰੇ ਸਿਲਵਰ ਸਕਰੀਨ ‘ਤੇ ਨਜ਼ਰ ਆਏ ਤਾਂ ਕੁੱਝ ਨਵੀਆਂ ਜੋੜੀਆਂ ਵੀ ਬਣੀਆਂ। ਕੁੱਝ ਕਲਾਕਾਰਾਂ ਨੇ ਤਾਂ ਵੱਡੇ ਪਰਦੇ ‘ਤੇ ਸ਼ੁਰੂਆਤ ਕਰਦੇ ਹੀ ਗ਼ਜ਼ਬ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸਾਲ ਦੀ ਦੂਜੀ ਛਿਮਾਹੀ ਵਿੱਚ ਵੀ ਕਈ ਨਵੇਂ ਸਿਤਾਰੇ ਬੌਲੀਵੁਡ ਵਿੱਚ ਚਮਕ ਬਿਖੇਰਨ ਲਈ ਤਿਆਰ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਕੁੱਝ ਸਿਤਾਰਿਆਂ ਦੇ ਬੱਚੇ ਹਨ, ਕੁੱਝ ਉਨ੍ਹਾਂ ਦੇ ਭਾਈ ਭੈਣ, ਅਤੇ ਕੁੱਝ ਬਾਹਰੋਂ ਨਵੇਂ ਆ ਰਹੇ ਹਨ। ਦੇਖਣਾ ਇਹ ਹੈ ਕਿ ਆਉਣ ਵਾਲੀਆਂ ਫ਼ਿਲਮਾਂ ਵਿੱਚ ਇਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਨੂੰ ਦਰਸ਼ਕਾਂ ਤੋਂ ਕਿੰਨਾ ਪਿਆਰ ਮਿਲਦਾ ਹੈ।
ਇੱਕ ਪੁਰਾਣੀ ਕਹਾਵਤ ਹੈ ਕਿ ਡਾਕਟਰ ਦਾ ਬੇਟਾ ਡਾਕਟਰ, ਇੰਜਨੀਅਰ ਦਾ ਬੇਟਾ ਇੰਜਨੀਅਰ ਅਤੇ ਅਦਾਕਾਰ ਦਾ ਬੇਟਾ ਅਦਾਕਾਰ ਦੇ ਰੂਪ ਵਿੱਚ ਜ਼ਿਆਦਾ ਕਾਮਯਾਬ ਹੁੰਦਾ ਹੈ। ਆਖ਼ਿਰ ਬੱਚਿਆਂ ਦੇ ਰੋਲ ਮੌਡਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹੀ ਤਾਂ ਹੁੰਦੇ ਹਨ। ਇਹੀ ਫ਼ਲਸਫ਼ਾ ਬੌਲੀਵੁਡ ਵਿੱਚ ਵੀ ਲਾਗੂ ਹੁੰਦਾ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਬੌਲੀਵੁਡ ਦੇ ਉਨ੍ਹਾਂ ਚਮਕਦੇ ਸਿਤਾਰਿਆਂ ਦੀ ਜੋ ਸਿਲਵਰ ਸਕਰੀਨ ‘ਤੇ ਚਮਕਣ ਲਈ ਤਿਆਰ ਹਨ। ਉਨ੍ਹਾਂ ਨਵੇਂ ਸਿਤਾਰਿਆਂ ਦੀ ਜਿਨ੍ਹਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਵੱਡੀ ਸਕਰੀਨ ‘ਤੇ ਆਪਣਾ ਕਰੀਅਰ ਸ਼ੁਰੂ ਕੀਤਾ ਹੈ। ਇਸ ਛਿਮਾਹੀ ਵਿੱਚ ਬੌਲੀਵੁਡ ਵਿੱਚ ਨਵੇਂ ਸਿਤਾਰਿਆਂ ਦਾ ਰਿਪੋਰਟ ਕਾਰਡ ਘੋਖੀਏ ਤਾਂ ਇਨ੍ਹਾਂ ਲਈ ਇਹ ਸਾਲ ਧਮਾਕੇਦਾਰ ਰਿਹਾ ਹੈ।
ਪਿਛਲੇ ਸਾਲ ਫ਼ਿਲਮ ਧੜਕ ਨਾਲ ਸ੍ਰੀਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਜਾਨ੍ਹਵੀ ਕਪੂਰ ਨੇ ਬੌਲੀਵੁਡ ਵਿੱਚ ਪ੍ਰਵੇਸ਼ ਕੀਤਾ ਸੀ। ਜਾਨ੍ਹਵੀ ਤੋਂ ਬਾਅਦ ਹੁਣ ਉਨ੍ਹਾਂ ਦੀ ਛੋਟੀ ਬੇਟੀ ਖ਼ੁਸ਼ੀ ਕਪੂਰ ਵੀ ਬੌਲੀਵੁਡ ਵਿੱਚ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸ ਨੂੰ ਬੌਲੀਵੁੱਡ ਵਿੱਚ ਪ੍ਰਵੇਸ਼ ਕਰਵਾ ਰਹੇ ਹਨ ਕਰਨ ਜੌਹਰ। ਕਰਨ ਨੇ ਖ਼ੁਸ਼ੀ ਨੂੰ ਆਪਣੀ ਫ਼ਿਲਮ ਵਿੱਚ ਇੱਕ ਕਿਰਦਾਰ ਦਿੱਤਾ ਹੈ ਜਿਸ ਵਿੱਚ ਖ਼ੁਸ਼ੀ ਕਪੂਰ, ਜਾਵੇਦ ਜਾਫ਼ਰੀ ਦੇ ਬੇਟੇ ਮਿਜ਼ਾਨ ਜਾਫ਼ਰੀ ਨਾਲ ਸਕਰੀਨ ਸਾਂਝੀ ਕਰੇਗੀ।
ਕਈ ਹਿੰਦੀ ਫ਼ਿਲਮਾਂ ਵਿੱਚ ਕੁੱਝ ਸਹਾਇਕ ਭੂਮਿਕਾਵਾਂ ਨਿਭਾਉਣ ਤੋਂ ਬਾਅਦ ਸੰਜਨਾ ਸਾਂਘੀ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਨਾਇਕਾ ਦੇ ਰੂਪ ਵਿੱਚ ਆਪਣੀ ਪਾਰੀ ਦੀ ਸ਼ੁਰੂਆਤ ਕਰੇਗੀ। ਕਿਜੀ ਔਰ ਮੈਨੀ ਨਾਂ ਨਾਲ ਬਣ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਮੁਕੇਸ਼ ਛਾਬੜਾ ਕਰ ਰਹੇ ਹਨ।
ਸਾਹੇਰ ਬੰਬਾ ਆਪਣੀ ਆਗਾਮੀ ਫ਼ਿਲਮ ਪਲ ਪਲ ਦਿਲ ਕੇ ਪਾਸ ਵਿੱਚ ਸਨੀ ਦਿਓਲ ਦੇ ਬੇਟੇ ਕਰਨ ਦਿਓਲ ਨਾਲ ਰੁਮਾਂਸ ਕਰਦੀ ਨਜ਼ਰ ਆਏਗੀ।
ਆਲੀਆ ਫ਼ਰਨੀਚਰਵਾਲਾ ਆਪਣੀ ਸ਼ੁਰੂਆਤ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਵੱਡੀ ਸੰਖਿਆ ਵਿੱਚ ਪ੍ਰਸ਼ੰਸਕ ਬਣਾ ਚੁੱਕੀ ਹੈ। ਉਹ ਪੂਜਾ ਬੇਦੀ ਦੀ ਧੀ ਹੈ। ਉਹ ਨਿਤਿਨ ਕੱਕੜ ਦੀ ਫ਼ਿਲਮ ਜਵਾਨੀ ਜਾਨੇਮਨ ਵਿੱਚ ਸਈਦ ਅਲੀ ਖ਼ਾਨ ਦੀ ਬੇਟੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏਗੀ। ਭਾਵਨਾਤਮਕ ਕਹਾਣੀ ਨਾਲ ਭਰਪੂਰ ਇਹ ਫ਼ਿਲਮ ਪਿਤਾ ਅਤੇ ਬੇਟੀ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੈ।
ਲੂਲੀਆ ਵੰਤੂਰ ਉਹ ਹੀ ਹੈ ਜਿਸ ਬਾਰੇ ਅਫ਼ਵਾਹਾਂ ਸਨ ਕਿ ਉਹ ਸਲਮਾਨ ਖ਼ਾਨ ਨਾਲ ਵਿਆਹ ਕਰਾਉਣ ਵਾਲੀ ਹੈ। ਲੂਲੀਆ ਇਸ ਸਾਲ ਫ਼ਿਲਮ ਰਾਧਾ ਕਿਉਂ ਗੋਰੀ, ਮੈਂ ਕਿਉਂ ਕਾਲਾ ਨਾਲ ਸ਼ੁਰੂਆਤ ਕਰ ਰਹੀ ਹੈ। ਇਸ ਫ਼ਿਲਮ ਵਿੱਚ ਉਸ ਨੂੰ ਗ਼ੈਰ ਭਾਰਤੀ ਕ੍ਰਿਸ਼ਨ ਭਗਤ ਦੇ ਰੂਪ ਵਿੱਚ ਦਿਖਾਇਆ ਗਿਆ ਹੈ।
ਬੌਲੀਵੁਡ ਦੇ ਉੱਘੇ ਅਦਾਕਾਰ ਸਨੀ ਦਿਓਲ ਦਾ ਬੇਟਾ ਕਰਨ ਦਿਓਲ ਵੀ ਵੱਡੇ ਪਰਦੇ ‘ਤੇ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਨੀ ਦਿਓਲ ਖ਼ੁਦ ਆਪਣੇ ਬੇਟੇ ਨੂੰ ਇੰਡਸਟਰੀ ਵਿੱਚ ਲੌਂਚ ਕਰ ਰਿਹਾ ਹੈ। ਕਰਨ ਦਿਓਲ ਫ਼ਿਲਮ ਪਲ ਪਲ ਦਿਲ ਕੇ ਪਾਸ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ।
ਪ੍ਰਨੂਤਨ ਬਹਿਲ ਅਦਾਕਾਰ ਮੋਹਨੀਸ਼ ਬਹਿਲ ਦੀ ਬੇਟੀ ਅਤੇ ਆਪਣੇ ਸਮੇਂ ਦੀ ਮਹਾਨ ਅਦਾਕਾਰਾ ਨੂਤਨ ਦੀ ਪੋਤੀ ਹੈ। ਉਸ ਨੂੰ ਵੀ ਬੌਲੀਵੁਡ ਵਿੱਚ ਸਲਮਾਨ ਖ਼ਾਨ ਲੈ ਕੇ ਆਇਆ ਹੈ। ਉਸ ਨੂੰ ਸਲਮਾਨ ਖ਼ਾਨ ਦੀ ਫ਼ਿਲਮ ਨੋਟਬੁੱਕ ਵਿੱਚ ਜ਼ਹੀਰ ਇਕਬਾਲ ਨਾਲ ਦੇਖਿਆ ਜਾਵੇਗਾ।
ਕੈਟਰੀਨਾ ਕੈਫ਼ ਦੀ ਭੈਣ ਈਜ਼ਾਬੈੱਲ ਕੈਫ਼ ਵੀ ਵੱਡੇ ਪਰਦੇ ‘ਤੇ ਆ ਰਹੀ ਹੈ। ਉਸ ਨੂੰ ਵੀ ਬੌਲੀਵੁੱਡ ਵਿੱਚ ਸਲਮਾਨ ਖ਼ਾਨ ਹੀ ਲੈ ਕੇ ਆ ਰਿਹਾ ਹੈ। ਉਹ ਸੂਰਜ ਪੰਚੋਲੀ ਨਾਲ ਨਜ਼ਰ ਆਵੇਗੀ ਅਤੇ ਫ਼ਿਲਮ ਦਾ ਨਾਂ ਹੈ ਟਾਈਮ ਟੂ ਡਾਂਸ। ਸਟੈਨਲੀ ਡਿਕੌਸਟਾ ਵਲੋਂ ਨਿਰਦੇਸ਼ਤ ਇਹ ਡਾਂਸ ਆਧਾਰਿਤ ਫ਼ਿਲਮ ਹੈ।
ਬੌਲੀਵੁਡ ਦੇ ਉੱਘੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਆਪਣੀ ਭਾਣਜੀ ਸ਼ਰਮਿਨ ਸਹਿਗਲ ਨੂੰ ਹਾਲ ਹੀ ਵਿੱਚ ਲੌਂਚ ਕਰ ਚੁੱਕੇ ਹਨ। ਸ਼ਰਮਿਨ ਜਾਵੇਦ ਜਾਫ਼ਰੀ ਦੇ ਬੇਟੇ ਮਿਜ਼ਾਨ ਨਾਲ ਮਲਾਲ ਫ਼ਿਲਮ ਵਿੱਚ ਨਜ਼ਰ ਆਈ ਸੀ।
ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਨੇ ਕਰਨ ਜੌਹਰ ਦੀ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ 2 ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਨੰਨਿਆ ਦੀ ਖ਼ੂਬਸੂਰਤੀ ਅਤੇ ਅਦਾਕਾਰੀ ਨੂੰ ਦਰਸ਼ਕਾਂ ਦੀ ਭਰਪੂਰ ਸ਼ਲਾਘਾ ਮਿਲੀ ਹੈ। ਹੁਣ ਦੇਖਣਾ ਇਹ ਹੈ ਕਿ ਉਸ ਦੇ ਖਾਤੇ ਵਿੱਚ ਕਿੰਨੀਆਂ ਫ਼ਿਲਮਾਂ ਆਉਣਗੀਆਂ।
ਅਨੰਨਿਆ ਦੇ ਨਾਲ ਨਾਲ ਤਾਰਾ ਸੁਤਾਰਿਆ ਨੇ ਵੀ ਕਰਨ ਜੌਹਰ ਦੀ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ 2 ਨਾਲ ਹੀ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਾਰਾ ਇਸ ਤੋਂ ਪਹਿਲਾਂ ਡਿਜ਼ਨੀ ਦੇ ਇੱਕ ਸ਼ੋਅ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਅਦਾਕਾਰ ਸੁਨੀਲ ਸ਼ੈਟੀ ਦਾ ਬੇਟਾ ਅਹਾਨ ਸ਼ੈਟੀ ਵੀ ਬੌਲੀਵੁਡ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਹੈ। ਉਹ ਸਾਜਿਦ ਨਾਡਿਆਡਵਾਲਾ ਦੀ ਫ਼ਿਲਮ ਵਿੱਚ ਨਜ਼ਰ ਆਵੇਗਾ ਜੋ ਦੱਖਣ ਦੀ ਫ਼ਿਲਮ ਆਰਐਕਸ 100 ਦਾ ਰੀਮੇਕ ਹੈ। ਅਹਾਨ ਤੋਂ ਪਹਿਲਾਂ ਉਸ ਦੀ ਭੈਣ ਅਥਿਆ ਸ਼ੈਟੀ ਵੀ ਬੌਲੀਵੁਡ ਵਿੱਚ ਝਲਕ ਦਿਖਾ ਚੁੱਕੀ ਹੈ।
ਇਸ ਸਾਲ ਟਵਿੰਕਲ ਖੰਨਾ ਦੇ ਮਮੇਰੇ ਭਰਾ ਕਰਨ ਕਪਾਡੀਆ ਨੇ ਵੀ ਫ਼ਿਲਮਾਂ ਵਿੱਚ ਸ਼ੁਰੂਆਤ ਕੀਤੀ ਹੈ। ਫ਼ਿਲਮ ਬਲੈਂਕ ਵਿੱਚ ਕਰਨ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਹੈ।
ਕਰਨ ਬਣਿਆ ਗੌਡਫ਼ਾਦਰ
ਬੌਲੀਵੁਡ ਵਿੱਚ ਫ਼ਿਲਮਸਾਜ਼ ਕਰਨ ਜੌਹਰ ਗੌਡਫ਼ਾਦਰ ਬਣ ਗਿਆ ਹੈ। ਉਸ ਨੇ ਕਈ ਵਾਰ ਸਿਤਾਰਿਆਂ ਦੇ ਬੱਚਿਆਂ ਨੂੰ ਬੌਲੀਵੁਡ ਵਿੱਚ ਪ੍ਰਵੇਸ਼ ਕਰਾਇਆ ਹੈ। ਸਿਤਾਰਿਆਂ ਦੇ ਬੱਚਿਆਂ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੁੰਦਾ ਹੈ, ਅਤੇ ਉਹ ਉਨ੍ਹਾਂ ਨੂੰ ਵੱਡੇ ਪਰਦੇ ‘ਤੇ ਕਾਮਯਾਬ ਹੁੰਦੇ ਦੇਖਣਾ ਚਾਹੁੰਦੇ ਹਨ। ਕਰਨ ਜੌਹਰ ਨੂੰ ਇਸ ਮੌਕੇ ਦਾ ਫ਼ਾਇਦਾ ਉਠਾਉਣਾ ਆਉਂਦਾ ਹੈ। ਹਾਲਾਂਕਿ ਕਾਮਯਾਬੀ ਉਨ੍ਹਾਂ ਦੀ ਅਦਾਕਾਰੀ ‘ਤੇ ਹੀ ਟਿਕੀ ਹੁੰਦੀ ਹੈ। ਇਸ ਬਾਰੇ ਕਰਨ ਜੌਹਰ ਦਾ ਮੰਨਣਾ ਹੈ ਕਿ ਉਹ ਜਦੋਂ ਵੀ ਸਿਤਾਰਿਆਂ ਦੇ ਬੱਚਿਆਂ ਨੂੰ ਬੌਲੀਵੁਡ ਵਿੱਚ ਪ੍ਰਵੇਸ਼ ਦਿਵਾਉਂਦਾ ਹੈ ਤਾਂ ਉਸ ਦੀ ਸੋਚ ਇਹੀ ਹੁੰਦੀ ਹੈ ਕਿ ਇਹ ਬੱਚੇ ਵੀ ਆਪਣੇ ਨਾਮ ਨਾਲ ਆਪਣੀ ਅਲੱਗ ਪਛਾਣ ਬਣਾਉਣ। ਜਦੋਂ ਸਿਤਾਰਿਆਂ ਦੇ ਬੱਚਿਆਂ ਨੂੰ ਪ੍ਰਵੇਸ਼ ਦਿਵਾਉਣ ਬਾਰੇ ਕਰਨ ‘ਤੇ ਸਵਾਲ ਉਠਾਏ ਜਾਂਦੇ ਹਨ ਤਾਂ ਉਸ ਦਾ ਜਵਾਬ ਹੁੰਦਾ ਹੈ, ”ਉਹ ਆਪਣੇ ਪਰਿਵਾਰ ਦੇ ਨਾਂ ਤੋਂ ਵੀ ਅੱਗੇ ਆਪਣੀ ਪਛਾਣ ਬਣਾਉਣ, ਇਹ ਸਾਡੀ ਅਤੇ ਉਨ੍ਹਾਂ ਬੱਚਿਆਂ ਦੀ ਜ਼ਿੰਮੇਵਾਰੀ ਹੈ।”