ਫ਼ਲਾਪ ਫ਼ਿਲਮਾਂ ਦੇ ਸੀਕੁਅਲ ਨਹੀਂ ਬਣਦੇ: ਸਨਾ ਖ਼ਾਨ

flimy-duniya1ਰਿਆਲਟੀ  ਟੀਵੀ ਸ਼ੋਅ ‘ਬਿੱਗ ਬੌਸ ਹੱਲਾ ਬੋਲ’ ਅਤੇ ‘ਖਤਰੋਂ ਕੇ ਖਿਲਾੜੀ’ ਨਾਲ ਸੁਰਖੀਆਂ ‘ਚ ਆਉਣ ਵਾਲੀ ਅਦਾਕਾਰਾ ਸਨਾ ਖ਼ਾਨ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ‘ਯੇਹ ਹੈ ਹਾਈ ਸੁਸਾਇਟੀ’ ਤੋਂ ਕੀਤੀ ਸੀ। ਫ਼ਿਲਮ ਨਾ ਚੱਲੀ ਤਾਂ ਉਹਨੇ  ਦੱਖਣ ਵੱਲ ਰੁਖ਼ ਕਰ ਲਿਆ ਅਤੇ ਉੱਥੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਕੀਤੀਆਂ। ਇਸ ਤੋਂ ਬਾਅਦ ਉਸ ਨੇ ਟੀਵੀ ਸੀਰੀਅਲ ‘ਇਸ ਪਿਆਰ ਕੋ ਕਿਆ ਨਾਮ ਦੂੰ’ ਵਿੱਚ ਵੀ ਕੰਮ ਕੀਤਾ, ਪਰ ਉਸ ਨੂੰ ਪਛਾਣ ਮਿਲੀ ‘ਬਿੱਗ ਬੌਸ ਹੱਲਾ ਬੋਲ’ ਨਾਲ। ਇਸ ਤੋਂ ਬਾਅਦ ਉਸ ਨੂੰ ਸਲਮਾਨ ਖ਼ਾਨ ਦੀ ਫ਼ਿਲਮ ‘ਜੈ ਹੋ’ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਹੁਣ ਉਸ ਦੀ ਫ਼ਿਲਮ ‘ਗ੍ਰੇਟ ਗ੍ਰੈਂਡ ਮਸਤੀ’ ਆ ਰਹੀ ਹੈ। ਪੇਸ਼ ਹਨ ਸਨਾ ਨਾਲ ਇਸ ਸਬੰਧ ‘ਚ ਹੋਈ ਗੱਲਬਾਤ ਦੇ ਮੁੱਖ ਅੰਸ਼:-
ਦ ‘ਗ੍ਰੇਟ ਗ੍ਰੈਂਡ ਮਸਤੀ’ ਜਿਹੀ ਫ਼ਿਲਮ ਕਰਨ ਤੋਂ ਝਿਜਕੇ ਨਹੀਂ?
-ਨਹੀਂ, ਕਿਉਂਕਿ ਅੱਜ ਦੇ ਦਰਸ਼ਕ ਅਜਿਹੀਆਂ ਫ਼ਿਲਮਾਂ ਪਸੰਦ ਕਰਦੇ ਹਨ। ਇਸ ਗੱਲ ਦਾ ਸਬੂਤ ਇਹ ਹੈ ਕਿ ਅੱਜ ਅਜਿਹੀਆਂ ਫ਼ਿਲਮਾਂ ਹਿੱਟ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ‘ਮਸਤੀ’ ਸੀਰੀਜ਼ ਦੀਆਂ ਸਾਰੀਆਂ ਫ਼ਿਲਮਾਂ ਸੁਪਰਹਿੱਟ ਰਹੀਆਂ ਹਨ। ਇਸ ਲਈ ਹੀ ਇਸ ਦੇ ਨਿਰਮਾਤਾ ਇਸ ਦਾ ਸੀਕੁਅਲ ਬਣਾਉਣ ਲਈ ਉਤਸ਼ਾਹਿਤ ਹੋਏ। ਫਲਾਪ ਫ਼ਿਲਮਾਂ ਦੇ ਕਦੇ ਸੀਕੁਅਲ ਨਹੀਂ ਬਣਦੇ। ‘ਮਸਤੀ’ ਅਤੇ ‘ਮਸਤੀ-2’ ਦੀ ਸਫ਼ਲਤਾ ਤੋਂ ਬਾਅਦ ਹੀ ਨਿਰਮਾਤਾਵਾਂ ਨੇ ਇਸ ਦਾ ਤੀਜਾ  ਭਾਗ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਇਸ ਨੂੰ ‘ਗ੍ਰੇਟ ਗ੍ਰੈਂਡ ਮਸਤੀ’ ਨਾਂ ਦਿੱਤਾ। ਇਸ ਫ਼ਿਲਮ ਨੂੰ ‘ਮਸਤੀ-3’ ਵਜੋਂ ਵੀ ਜਾਣਿਆ ਜਾਂਦਾ ਹੈ। ਸੱਚ ਕਹਾਂ ਤਾਂ ਮੈਨੂੰ ‘ਗ੍ਰੇਟ ਗ੍ਰੈਂਡ ਮਸਤੀ’ ਜਿਹੀ ਫ਼ਿਲਮ ਕਰਨ ਦਾ ਕੋਈ ਪਛਾਤਾਵਾ ਨਹੀਂ  ਹੈ।
ਦ ਪਰ ਕਈ ਨਾਇਕਾਵਾਂ ਨੇ ਇਹ ਫ਼ਿਲਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ?
–  ਮੈਨੂੰ ਫ਼ਿਲਮ ਲਈ ਹਾਂ ਕਰਨ ਤੋਂ ਪਹਿਲਾਂ ਹੀ ਇਹ ਗੱਲ ਪਤਾ ਸੀ ਪਰ ਹੁਣ ਸ਼ਰਧਾ ਦਾਸ, ਉਰਵਸ਼ੀ ਰੋਟੇਲਾ, ਮਿਸ਼ਟੀ ਮੁਖਰਜੀ, ਸੋਨਲ ਚੌਹਾਨ, ਪੂਜਾ ਚੋਪੜਾ ਜਿਹੀਆਂ ਅੱਧੀ ਦਰਜਨ ਨਾਇਕਾਵਾਂ ਇਸ ਫ਼ਿਲਮ ਦਾ ਹਿੱਸਾ ਹਨ ਜਦੋਂਕਿ ਨਾਇਕ ਉਹੀ ਤਿੰਨ ਹਨ ਵਿਵੇਕ ਓਬਰਾਏ, ਰਿਤੇਸ਼ ਦੇਸ਼ਮੁਖ ਅਤੇ ਆਫ਼ਤਾਬ ਸ਼ਿਵਦਸਾਨੀ। ਫ਼ਿਲਮ ‘ਚ ਮੇਰਾ ਕੀ ਕਿਰਦਾਰ ਹੈ, ਇਹ ਤੁਹਾਨੂੰ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ। ਫ਼ਿਲਮ ਨੂੰ ਏਕਤਾ ਕਪੂਰ, ਅਸ਼ੋਕ ਠਾਕਰੀਆ ਅਤੇ ਇੰਦਰ ਕੁਮਾਰ ਨੇ ਬਣਾਇਆ ਹੈ ਜਦੋਂਕਿ ਫ਼ਿਲਮ ਦੇ ਨਿਰਦੇਸ਼ਕ ਵੀ ਇੰਦਰ ਕੁਮਾਰ ਹੀ ਹਨ। ਸੰਗੀਤ ਆਨੰਦ ਰਾਜ ਆਨੰਦ ਅਤੇ ਸੰਜੀਵ ਦਰਸ਼ਨ ਦਾ ਹੈ। ਇਹ ਫ਼ਿਲਮ ਪਹਿਲੇ ਭਾਗ ਮਸਤੀ ਜਿੰਨੀ ਹੀ ਮਜ਼ੇਦਾਰ ਹੋਵੇਗੀ। ਫ਼ਿਲਮ ‘ਚ ਮਸਤੀ ਜ਼ਿਆਦਾ ਹੋਵੇਗੀ ਤੇ ਅਸ਼ਲੀਲਤਾ ਘੱਟ, ਕਹਿਣ ਤੋਂ ਭਾਵ ਫ਼ਿਲਮ ਮਜ਼ੇਦਾਰ ਤੇ ਸਾਫ਼-ਸੁਥਰੀ ਹੈ। ਫ਼ਿਲਮ ‘ਚ ਸ਼ਰਾਰਤਾਂ, ਬਦਮਾਸ਼ੀਆਂ ਹੋਣਗੀਆਂ, ਪਰ ਫ਼ਿਲਮ ਸਾਫ਼-ਸੁਥਰੀ ਹੋਵੇਗੀ।
ਦ ਪਹਿਲੀ ਫ਼ਿਲਮ ‘ਜੈ ਹੋ’ ‘ਚ ਤੁਹਾਡਾ ਮੁਕਾਬਲਾ ਡੇਜ਼ੀ ਸ਼ਾਹ ਨਾਲ ਸੀ ਤੇ ਹੁਣ  ‘ਗ੍ਰੇਟ ਗ੍ਰੈਂਡ ਮਸਤੀ’ ‘ਚ ਅੱਧੀ ਦਰਜਨ ਨਾਇਕਾਵਾਂ ਨਾਲ?
– ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ।  ਇੱਕ ਸੱਚਾ ਕਲਾਕਾਰ ਕਦੇ ਮੁਕਾਬਲੇ ‘ਚ ਯਕੀਨ ਨਹੀਂ ਰੱਖਦਾ। ਹਰ ਕਲਾਕਾਰ ਅਤੇ ਉਸ ਦੇ ਕਿਰਦਾਰ ਦਾ ਕਹਾਣੀ ‘ਚ ਅਹਿਮ ਰੋਲ ਹੁੰਦਾ ਹੈ ਅਤੇ ਉਹ ਉਸ ਨੂੰ ਜਿਉਂਦਾ ਹੈ। ਹਾਂ, ਸਾਥੀ ਕਲਾਕਾਰਾਂ ਨੂੰ ਦੇਖ ਕੇ ਹੋਰ ਬਿਹਤਰੀਨ ਕੰਮ ਕਰਨ ਦਾ ਹੌਸਲਾ ਤੇ ਉਤਸ਼ਾਹ ਮਿਲਦਾ ਹੈ।
ਦ ਅੱਜ-ਕੱਲ੍ਹ ਤੁਹਾਨੂੰ ਸਿਰਫ਼ ਕਾਮੇਡੀ ਫ਼ਿਲਮਾਂ ਦੀ ਹੀ ਪੇਸ਼ਕਸ਼ ਹੋ ਰਹੀ ਹੈ?
– ਹਾਂ, ਗ੍ਰੇਟ ਗ੍ਰੈਂਡ ਮਸਤੀ ਤੋਂ ਬਾਅਦ ਇੱਕ ਹੋਰ ਕਾਮੇਡੀ ਫ਼ਿਲਮ ‘ਟੌਮ-ਡਿਕ ਐਂਡ ਹੈਰੀ’ ਦਾ ਸੀਕੁਅਲ ਕਰ ਰਹੀ ਹਾਂ। ਇਸ ਵਿੱਚ ਮੇਰੇ ਨਾਲ  ਆਫ਼ਤਾਬ ਸ਼ਿਵਦਸਾਨੀ, ਸ਼ਰਮਨ ਜੋਸ਼ੀ ਤੇ ਪੂਜਾ ਚੋਪੜਾ ਜਿਹੇ ਸਿਤਾਰੇ ਨਜ਼ਰ ਆਉਣਗੇ। ਜਿੱਥੋਂ ਤਕ ਕਾਮੇਡੀ ਦਾ ਸੁਆਲ ਹੈ ਤਾਂ ਕਾਮੇਡੀ ਨੂੰ ਸਭ ਤੋਂ ਮੁਸ਼ਕਿਲ ਮੰਨਿਆ ਜਾਂਦਾ ਹੈ। ਕਿਸੇ ਨੂੰ ਰੁਲਾਉਣਾ ਤਾਂ ਸੌਖਾ ਹੈ, ਪਰ ਹਸਾਉਣਾ ਬਹੁਤ ਮੁਸ਼ਕਿਲ। ਜੇ ਮੈਨੂੰ ਕਾਮੇਡੀ ਫ਼ਿਲਮਾਂ ਕਰਨ ਨੂੰ ਮਿਲ ਰਹੀਆਂ ਹਨ ਤਾਂ ਮੈਂ ਇਸ ਨੂੰ ਆਪਣੇ ਕਰੀਅਰ ਦੀ ਉਚਾਈ ਹੀ ਮੰਨਾਂਗੀ।
ਦ ਸੁਣਨ ‘ਚ ਆਇਆ ਹੈ ਕਿ ਇਸ ਵਾਰ ਵੈਲਨਟਾਈਨ ਡੇਅ ‘ਤੇ ਤੁਹਾਨੂੰ ਖ਼ਾਸ ਤੋਹਫ਼ਾ ਮਿਲਿਆ?
– ਜੀ ਹਾਂ, ਮੇਰੇ ਲਈ ਇਸ ਵਾਰ ਦਾ ਵੈਲਨਟਾਈਨ ਡੇਅ ਕਾਫ਼ੀ ਖ਼ਾਸ ਰਿਹਾ ਕਿਉਂਕਿ ਇਸ ਦਿਨ ਮੇਰੇ ਇੱਕ ਪ੍ਰਸੰਸਕ ਨੇ ਮੈਨੂੰ ਚੋਰੀ-ਛੁਪੇ ਬਹੁਤ ਸਾਰੇ ਟੈਡੀ ਬੀਅਰ, ਚਾਕਲੇਟ ਅਤੇ ਫਲ ਭੇਜੇ। ਹਾਲਾਂਕਿ ਇਸ ਪ੍ਰਸ਼ੰਸਕ ਨੇ ਮੈਨੂੰ ਆਪਣਾ ਨਾਂ ਨਹੀਂ ਦੱਸਿਆ।
ਦ ਤੁਹਾਨੂੰ ਤੁਹਾਡੇ ਪ੍ਰੇਮੀ ਤੋਂ ਕੀ ਤੋਹਫ਼ਾ ਮਿਲਿਆ?
– ਮੈਂ ਇਕੱਲੀ  ਹਾਂ ਅਤੇ ਮੇਰਾ ਕੋਈ ਪ੍ਰੇਮ ਚੱਕਰ  ਨਹੀਂ ਹੈ। ਉਂਜ, ਮੈਨੂੰ ਯਕੀਨ ਹੈ ਕਿ ਅਗਲੇ ਸਾਲ ਤਕ ਮੈਨੂੰ ਕੋਈ ਹਮਸਫ਼ਰ ਮਿਲ ਹੀ ਜਾਵੇਗਾ ਜਿਸ ਨਾਲ ਮੈਂ ਵੈਲਟਾਈਨ ਡੇਅ ਮਨਾਵਾਂਗੀ।
ਦ ਜੇ ਤੁਸੀਂ ਕੋਈ ਤੋਹਫ਼ਾ ਦੇਣਾ ਹੋਵੇ ਤਾਂ ਕੀ ਤੇ ਕਿਸ ਨੂੰ ਦੇਵੋਗੇ?
-ਸੱਚ ਕਹਾਂ ਤਾਂ ਮੈਂ ਵਰੁਣ ਧਵਨ ਨੂੰ ਟੈਡੀ ਬੀਅਰ ਦੇਣਾ ਪਸੰਦ ਕਰਾਂਗੀ ਕਿਉਂਕਿ ਉਹੀ ਇਸ ਦੀ ਭਾਵਨਾ ਨੂੰ ਸਮਝਣਗੇ।
– ਸੰਜੀਵ ਕੁਮਾਰ ਝਾਅ

LEAVE A REPLY