ਮੁੰਬਈ : ਬਾਲੀਵੁੱਡ ਦੇ ਨਾਮੀ ਫ਼ਿਲਮਕਾਰ ਸੁਭਾਸ਼ ਘਈ ਆਪਣੀ ਫ਼ਿਲਮ ‘ਖਲਨਾਇਕ’ ਦਾ ਸੀਕਵਲ ਅਦਾਕਾਰ ਸੰਜੇ ਦੱਤ ਨਾਲ ਹੀ ਬਣਾਉਣਗੇ। ਇਹ ਦੋਵੇਂ ਮਿਲਕੇ ਇਸ ਫ਼ਿਲਮ ਦਾ ਨਿਰਮਾਣ ਕਰਨਗੇ। ਸੁਭਾਸ਼ ਘਈ ਨੇ ਦੱਸਿਆ, ‘ਅਸੀਂ ਸੀਕਵਲ ਦਾ ਨਿਰਮਾਣ ਕਰਨ ਲਈ ਇਕ ਐਗਰੀਮੈਂਟ ਸਾਈਨ ਕੀਤਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ ‘ਚ ਜਾਂ ਅਗਲੇ ਸਾਲ ਸ਼ੁਰੂ ਹੋ ਜਾਵੇਗੀ। ਜਦੋਂ ਸੰਜੇ ਦੱਤ ਨੂੰ ਪੈਰੋਲ ‘ਤੇ ਜ਼ਮਾਨਤ ਮਿਲੀ ਸੀ ਤਾਂ ਇਸ ਫ਼ਿਲਮ ਬਾਰੇ ਮੈਂ ਉਨ੍ਹਾਂ ਨਾਲ ਗੱਲ ਕੀਤੀ ਸੀ। ਸੰਜੇ ਨੇ ਫ਼ਿਲਮ ਦੇ ਬੈਕਗ੍ਰਾਊਂਡ ਮਿਊਜ਼ਿਕ ਲਈ ਇਕ ਸਾਊਂਡਟ੍ਰੈਕ ਵੀ ਬਣਾਇਆ ਸੀ, ਜੋ ਮੈਨੂੰ ਕਾਫ਼ੀ ਪਸੰਦ ਆਇਆ ਸੀ। ਮੈਂ ਫ਼ਿਲਮਾਂ ਪ੍ਰਤੀ ਸੰਜੇ ਦੀ ਦੀਵਾਨਗੀ ਤੋਂ ਬੇਹੱਦ ਪ੍ਰਭਾਵਿਤ ਹੋਇਆ ਸੀ।’ ਘਈ ਨੇ ਇਸ ਫ਼ਿਲਮ ਨਾਲ ਜੁੜੇ ਕੁਝ ਨਵੇਂ ਬਦਲਾਅ ਵੀ ਸਾਂਝੇ ਕੀਤੇ। ਉਨ੍ਹਾਂ ਅੱਗੇ ਕਿਹਾ, ‘ਇਸ ਦੀ ਕਹਾਣੀ ਅੱਜ ਦੇ ਦਰਸ਼ਕਾਂ ਮੁਤਾਬਕ ਹੋਵੇਗੀ। ਇਸ ‘ਚ ਪਿਛਲੀ ਫ਼ਿਲਮ ਦਾ ਟਾਈਟਲ ਗੀਤ ‘ਨਾਇਕ ਨਹੀਂ ਖਲਨਾਇਕ ਹੂੰ ਮੈਂ…’ ਦੁਹਰਾਇਆ ਜਾਵੇਗਾ ਪਰ ‘ਚੋਲੀ ਕੇ ਪਿੱਛੇ ਕਿਆ ਹੈ’ ਬਾਰੇ ‘ਚ ਅਜੇ ਕੁਝ ਤੈਅ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਗੀਤ ਕਾਰਨ ਸੁਭਾਸ਼ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਸੁਭਾਸ਼ ਘਈ ਇਸ ਫ਼ਿਲਮ ਦੇ ਨਿਰਦੇਸ਼ਨ ਲਈ ਕਿਸੇ ਨਵੇਂ ਨਿਰਦੇਸ਼ਕ ਨੂੰ ਚੁਣਨਗੇ। ਇਸ ਫ਼ਿਲਮ ਦੀ ਕਹਾਣੀ ਪਿਛਲੀ ਫ਼ਿਲਮ ਦੇ ਅੰਤ ਤੋਂ ਹੀ ਸ਼ੁਰੂ ਹੋਵੇਗੀ, ਜਿੱਥੇ ਬੱਲੂ ਬਲਰਾਮ (ਸੰਜੇ ਦੱਤ) ਕੋਰਟ ‘ਚ ਆਤਮ ਸਮਰਪਣ ਕਰਦਾ ਹੈ।










