ਮਿਸ ਰੀਟਾ ਹਮੇਸ਼ਾਂ ਆਪਣੇ ਕਾਲੇ ਸ਼ਿਆਹ ਵਾਲਾਂ ਦਾ ਮੋਟਾ ਕਸਵਾਂ ਜੂੜਾ ਕਰਕੇ ਹੀ ਖਿੜਿਆ ਗੁਲਾਬ ਬਣਦੀ ਹੈ। ਉਸ ਦਾ ਗੋਰਾ ਟਹਿ-ਟਹਿ ਕਰਦਾ ਚਿਹਰਾ ਉਦੋਂ ਹੋਰ ਵੀ ਟਹਿ-ਟਹਿ ਕਰਨ ਲੱਗਦਾ ਹੈ ਜਦ ਉਸ ਨੇ ਆਪਣੇ ਗੋਲ ਚਿਹਰੇ ਉਪਰਲੇ ਗੋਲ ਸਿਰ ਪਿਛੇ ਕਸਵੇਂ ਵਾਹੇ ਵਾਲਾਂ ਦਾ ਭਰਵਾਂ ਜੂੜਾ ਕਰਕੇ, ਕਲਿੱਪਾਂ ਵਰਗੀਆਂ ਪੰਜ ਸੂਈਆਂ ਜੂੜੇ ਵਿੱਚ ਲਗਾ ਕੇ, ਉਨ੍ਹਾਂ ਦੀਆਂ ਮੋਟੀਆਂ ਸੂਲਾਂ ਵਰਗੀਆਂ ਕੌਕਾਂ ਥੇੜੀਆਂ ਜਿਹੀਆਂ ਸਾਰੇ ਪਾਸੇ ਬਾਹਰ ਨੂੰ ਕੱਢੀਆਂ ਹੁੰਦੀਆਂ ਹਨ। ”ਵਾਹ—ਤੇਰਾ ਜੂੜਾ ਕੀ ਹੈ…..ਇਹ ਤਾਂ ਕਾਲੇ ਗੁਲਾਬ ਹੈ?” ਪਿਛਲੇ ਐਤਵਾਰ ਜਦ ਬਗੀਚੇ ਸਾਹਮਣੇ ਬੈਠੇ ਅਸੀਂ ਗੱਪ-ਸ਼ੱਪ ਕਰ ਰਹੇ ਸਾਂ ਤਾਂ ਮੈਂ ਇਹ ਟਿੱਪਣੀ ਕੀਤੀ ਸੀ। ”ਕਿਉਂ….?” ਉਹ ਕਸਮਸਾਈ, ”ਹੋਰਨਾਂ ਦੇ ਵੀ ਤਾਂ ਜੂੜੇ ਕੀਤੇ ਹੁੰਦੇ ਹਨ…..ਕੀ ਉਨ੍ਹਾਂ ਸਭ ਦੀਆਂ ਧੋਣਾਂ ‘ਤੇ ਵੀ ਕਾਲੇ ਗੁਲਾਬ ਖਿੜੇ ਹੋਏ ਹਨ?” ”ਨਹੀਂ…..ਕਿਉਂਕਿ ਉਨ੍ਹਾਂ ਨਾਲ ਕੰਡੇ ਨਹੀਂ…..ਤੇ ਕੰਡਿਆਂ ਤੋਂ ਬਿਨਾਂ ਕਦੇ ਕੋਈ ਗੁਲਾਬ ਨਹੀਂ ਹੁੰਦਾ……।” ”ਸੱਚਮੁੱਚ……ਕੀ ਕਾਲਾ ਗੁਲਾਬ ਹੁੰਦਾ ਹੈ……ਮੈਂ ਤਾਂ ਨਹੀਂ ਦੇਖਿਆ ਕਦੇ…..?” ”ਹੁੰਦਾ ਹੈ ਰੀਟਾ ਮੈਂ ਵੇਖਿਆ ਹੈ ਯੂਨੀਵਰਸਿਟੀ ਵਿੱਚ। ਦਰਅਸਲ ਰੀਟਾ ਹੁਸਨ ਦਾ ਅਸਲੀ ਬੇਤਾਜ ਬਾਦਸ਼ਾਹ ਤਾਂ ਪ੍ਰਾਕਿਰਤਕ ਗੁਲਾਬ ਹੀ ਹੈ। ਅਸਲੀ ਗੁਲਾਬੀ ਰੰਗਤ ਵਾਲਾ। ਜਿਵੇਂ ਪਿੰਡਾਂ ਵਿੱਚ ਹਾਲੇ ਵੀ ਅਸਲੀ ਰੰਗਤ ਵਾਲਾ ਅਸਲੀ ਹੁਸਨ ਮਿਲ ਜਾਂਦਾ ਹੈ ਕਿਤੇ ਕਿਤੇ।” ”ਇਹ ਕਹਿ ਕੇ ਤੁਸੀਂ ਸ਼ਹਿਰੀ ਹੁਸਨ ਦੀ ਤੌਹੀਨ ਕਰ ਰਹੇ ਹੋ ਜਨਾਬ?” ”ਨਹੀਂ ਰੀਟਾ ਮੈਂ ਅਸਲੀਅਤ ਬਿਆਨ ਕਰ ਰਿਹਾ ਹਾਂ ਪਿਛਲੇ ਐਤਵਾਰ ਇਸੇ ਥਾਂ ਮੇਰੇ ਕੋਲ ਬਾਟਨੀ ਦਾ ਪ੍ਰੋਫ਼ੈਸਰ ਗੁਲਵੰਤ ਬੈਠਾ ਸੀ। ਗੱਲ ਟਿਉਲਪ ਦੇ ਫ਼ੁੱਲਾਂ ਬਾਰੇ ਛਿੜ ਪਈ ਸੀ। ਪ੍ਰੋਫ਼ੈਸਰ ਗੁਲਵੰਤ ਨੇ ਦੱਸਿਆ ਕਿ ਇਸ ਸਮੇਂ ਦੁਨੀਆਂ ਤੋਂ ਪ੍ਰਾਕਿਰਤਕ ਟਿਊਲਪ ਖਤਮ ਹੋ ਚੁੱਕਿਆ ਹੈ। ਵੈਸੇ ਵਿਗਿਆਨੀ ਫ਼ਿਰ ਤੋਂ ਉਸ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇੰਜ ਜਾਪਦਾ ਹੈ ਕਿ ਪ੍ਰਾਕਿਰਤਕ ਟਿਊਲਪ ਦਾ ਅਸਲੀ ਰੂਪ ਵਿੱਚ ਹੁਣ ਵਾਪਸ ਲਿਆਉਣਾ ਬਹੁਤ ਮੁਸ਼ਕਿਲ ਹੈ…….। ਇਸੇ ਤਰ੍ਹਾਂ ਸਾਰੇ ਚਿਹਰਿਆਂ ਤੋਂ ਵੀ ਪ੍ਰਾਕਿਰਤਕ ਰੂਪ ਗਾਇਬ ਹੋ ਰਿਹਾ ਹੈ……।” ਇਹ ਕਿੰਜ ਹੋਇਆ?” ਰੀਟਾ ਨੇ ਦਿਲਚਸਪੀ ਲਈ, ”ਕੀ ਉਸ ਤਰ੍ਹਾਂ ਹੀ ਧਰਤੀ ਦੇ ਲੋਕਾਂ ਨੇ ਟਿਊਲਪ ਵੀ ਖਤਮ ਕਰ ਦਿੱਤਾ ਜਿਵੇਂ ਕਿੰਨੇ ਹੀ ਖੂਬਸੂਰਤ ਪਸ਼ੂ ਪੰਛੀਆਂ ਦਾ ਸ਼ਿਕਾਰ ਕਰਕੇ ਉਹ ਖਤਮ ਕਰ ਦਿੱਤੇ ਨੇ ਸ਼ਿਕਾਰੀ ਲੋਕਾਂ ਨੇ?” ”ਇਸ ਤਰ੍ਹਾਂ ਤਾਂ ਨਹੀਂ ਰੀਟਾ….ਪਰ ਸ਼ਿਕਾਰੀ ਸ਼ਬਦ ਨੂੰ ਦਰੁਸਤ ਹੀ ਵਰਤਿਆ ਹੈ। ਕਿਉਂਕਿ ਇਸ ਸ਼ਿਕਾਰੀ ਵਿਅਕਤੀ ਦਾ ਰੋਲ ਜ਼ਰੂਰ ਹੁੰਦਾ ਹੈ ਕਿਸੇ ਵੀ ਚੀਜ਼ ਦਾ ਪ੍ਰਾਕਿਰਤਕ ਰੂਪ ਖਤਮ ਹੋ ਜਾਣ ਪਿਛੇ……। ਹਾਂ ਤੇ ਮੈਂ ਗੱਲ ਕਰ ਰਿਹਾ ਸੀ ਫ਼ੁੱਲਾਂ ਦੇ ਦੂਸਰੇ ਬੇਤਾਜ ਬਾਦਸ਼ਾਹ ਟਿਊਲਪ ਦੇ ਫ਼ੁੱਲਾਂ ਬਾਰੇ……।” ”ਪਹਿਲਾਂ ਦੱਸੋ…..ਫ਼ੁੱਲਾਂ ਦੇ ਬੇਤਾਜ ਬਾਦਸ਼ਾਹ ਦੋ ਕਿਵੇਂ ਹੋਏ?” ”ਹੋ ਸਕਦੇ ਨੇ ਰੀਟਾ…..ਸਿਰ, ਤੇ ਸਜੇ ਤਾਜ ਵਾਲੇ ਬੇਸ਼ੱਕ ਕਿਸੇ ਖੇਤਰ ਦੇ ਬਾਦਸ਼ਾਹ ਨਾ ਹੁੰਦੇ ਹੋਣ। ਪਰ ਬੇਤਾਜ ਬਾਦਸ਼ਾਹ ਤਾਂ ਦੋ ਹੋ ਸਕਦੇ ਹਨ ਜਿਵੇਂ ਯੋਰਪ ਵਾਲੇ ਸਾਹਿਤ ਦੀ ਨਾਟਕੀ ਵਿਧਾ ਦੇ ਖੇਤਰ ਵਿੱਚ ਬੇਤਾਜ ਬਾਦਸ਼ਾਹ ‘ਸ਼ੈਕਸਪੀਅਰ” ਨੂੰ ਮੰਨਦੇ ਹਨ ਤੇ ਅਸੀਂ ਆਪਣੇ ‘ਕਾਲੀਦਾਸ’ ਨੂੰ ਤੇ ਇਸੇ ਤਰ੍ਹਾਂ ਫ਼ਿਲਮੀ ਹੁਸਨ ਦੇ ਸਿਲਸਿਲੇ ਵਿੱਚ ਉਹ ਅਸਲੀ ਗੁਲਾਬ ‘ਮਾਰਲਿਨ ਮੁਨਰੋ’ ਨੂੰ ਕਹਿੰਦੇ ਹਨ ਤੇ ਅਸੀਂ ਆਪਣੀ ਮਧੂਬਾਲਾ ਨੂੰ।” ”ਤੇ ਹੁਣ ਅਸੀਂ ਮਾਧੁਰੀ ਦੀਕਸ਼ਤ ਨੂੰ…..?” ਰੀਟਾ ਚਹਿਕੀ। ”ਨਹੀਂ ਇਹ ਤਾਂ ਨਰਸਰੀ ਦਾ ਗੁਲਾਬ ਹੈ ਪ੍ਰਾਕਿਰਤਕ ਨਹੀਂ ਜਿਵੇਂ ਤੂੰ ਵੀ ਨਹੀਂ?” ਰੀਟਾ ਨੇ ਪਤਾ ਨਹੀਂ ਅਸਲੀ ਜਾਂ ਨਕਲੀ ਗੁੱਸੇ ਨਾਲ ਮੱਥੇ ‘ਤੇ ਤਿਉੜੀ ਪਾਈ ਤਾਂ ਮੈਂ ਹੱਸ ਪਿਆ। ਫ਼ਿਰ ਮੈਂ ਅੱਗੇ ਗੱਲ ਸ਼ੁਰੂ ਕੀਤੀ। ”ਬਈ ਗੁਲਾਬ ਤਾਂ ਫ਼ੇਰ ਵੀ ਆਖਰ ਗੁਲਾਬ ਹੀ ਹੁੰਦਾ ਹੈ ਭਾਵੇਂ ਨਰਸਰੀ ਵਾਲਾ ਹੀ ਹੋਵੇ ਤੇ ਭਾਵੇਂ ਕਿਸੇ ਵੀ ਰੰਗ ਦਾ ਹੋਵੇ……। ਖੁਸ਼ਵੰਤ ਸਿੰਘ ਨੇ ਇੱਕ ਨੀਗਰੋ ਔਰਤ ਬਾਰੇ ਬੜੀ ਖੂਬਸੂਰਤ ਕਹਾਣੀ ਲਿਖੀ ਸੀ, ‘ਕਾਲੀ ਚਮੇਲੀ….ਪੜ੍ਹੀ ਆ…..? ਨਹੀਂ ਪੜ੍ਹੀ ਨੀ। ਤੈਨੂੰ ਦਿਆਂਗਾ ਉਹ ਕਿਤਾਬ ਜਿਸ ਵਿੱਚ ਇਹ ਵਾਲੀ ਕਹਾਣੀ ਆ…..। ਹਾਂ ਤੇ ਇੱਕ ਗੱਲ…..ਸਾਰੇ ਨਰਸਰੀ ਵਾਲੇ ਗੁਲਾਬਾਂ ਵਿੱਚ ਵੀ ਖੁਸ਼ਬੂ ਤਾਂ ਹੁੰਦੀ ਹੈ ਨਾ ਤੇ ਉਧਰ ਯੋਰਪ ਦੇ ਬਹੁਤ ਸਾਰੇ ਫ਼ੁੱਲਾਂ ਵਿੱਚ ਖੁਸ਼ਬੂ ਬਿਲਕੁਲ ਨਹੀਂ ਹੁੰਦੀ। ਇਸ ਗੱਲ ਦਾ ਜ਼ਿਕਰ ਇੰਗਲੈਂਡ ਤੋਂ ਆਏ ਕਮਲ ਇੱਕਾਰਸੀ ਦੇ ਪਿਛਲੇ ਖਤ ਵਿੱਚ ਵੀ ਆ….। ਉਹ ਲਿਖਦੀ ਆ ਬੜੀ ਹੈਰਾਨੀ ਜਿਹੀ ਹੋ ਕੇ, ਤੁਹਾਨੂੰ ਇੱਕ ਗੱਲ ਦੱਸਾਂ…..? ਇਥੋਂ ਦੇ ਫ਼ੁੱਲਾਂ ਵਿੱਚ ਖੁਸ਼ਬੂ ਉੱਕਾ ਨਹੀਂ ਹੁੰਦੀ……। ”ਹੂੰ…..ਤੇ ਉਹ ਜੋ ਟਿਊਲਪ ਦੀ ਗੱਲ ਕਰ ਰਹੇ ਸੀ ਕਿ ਉਸ ਦੇ ਅਸਲੀ ਰੂਪ ਦੇ ਗੁਆਚ ਜਾਣ ਦੀ….?” ਰੀਟਾ ਨੇ ਕਮਲ ਇੱਕਾਰਸੀ ਦੇ ਜ਼ਿਕਰ ਨੂੰ ਅਣਗੌਲਿਆ ਕਰਦਿਆਂ ਕਿਹਾ। ”ਹਾਂ….ਪ੍ਰੋਫ਼ੈਸਰ ਗੁਲਵੰਤ ਉਸ ਦਿਨ ਦਸ ਰਿਹਾ ਸੀ ਕਿ ਕੁਦਰਤ ਆਪਣੇ ਨਾਲ ਜ਼ਿਆਦਾ ਖਿਲਵਾੜ ਪਸੰਦ ਨਹੀਂ ਕਰਦੀ…..। ਕਈ ਵਾਰ ਲੱਖ ਯਤਨ ਕਰਨ ‘ਤੇ ਹੀ ਅਸੀਂ ਪਸ਼ੂ ਪੰਛੀਆਂ ਅਤੇ ਫ਼ੁੱਲਾਂ ਬੂਟਿਆਂ ਦੀਆਂ ਗੁਆਚੀਆਂ ਨਸਲਾਂ ਦੁਆਰਾ ਵਿਕਸਤ ਨਹੀਂ ਕਰ ਸਕਦੇ…..ਜਿਵੇਂ ਅਸੀਂ ਨਕਲੀ ਡਾਇਨਾਸੋਰ ਬਣਾ ਕੇ ਕਲਪਨਾ ਨਾਲ ਹੀ ਅਸਲੀ ਡਾਇਨਾਸੌਰ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ…..।” ਪਰ ਕਹਿੰਦੇ ….. ਉਹ ਤਾਂ ਕੁਦਰਤ ਦੀ ਕਰੋਪੀ ਨਾਲ ਹੀ ਖਤਮ ਹੋਇਆ?” ”ਖ਼ਬਰੇ ਕਿਵੇਂ ਹੋਇਆ…..ਪਰ ਹੁਣ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਕੇ ਅਸੀਂ ਕੁਦਰਤ ਨਾਲ ਬਹੁਤ ਖਿਲਵਾੜ ਕਰ ਰਹੇ ਹਾਂ…..। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਇੰਜ ਹੀ ਹੁੰਦਾ ਰਿਹਾ ਤਾਂ ਕੱਲ ਦਾ ਮਨੁੱਖ ਰੋਵੇਗਾ ਤੇ ਆਪਣੇ ਪੁਰਖਿਆਂ ਦੇ ਗੁਨਾਹਾਂ ਲਈ ਬਹੁਤ ਮਹਿੰਗਾ ਮੁੱਲ ਤਾਰੇਗਾ……। ਅਸੀਂ ਹੁਣ ਵੀ ਰੋਂਦੇ ਹਾਂ….ਕਿਥੇ ਹੈ ਤੂੰ ਅਸਲੀ ਟਿਊਲਪ ਪਿਆਰੇ?” ..ਤੇ ਜਿਵੇਂ ਅਸੀਂ ਮਧੂਬਾਲਾ ਦੇ ਫ਼ੈਨ ਉਸ ਨੂੰ ਉਦਾਸ ਹੋ ਕੇ ਯਾਦ ਕਰਦੇ ਹਾਂ ਕਿ ਉਹ ਗੁਲਾਬ ਦਾ ਫ਼ੁੱਲ ਖ਼ੁਦ ਤਾਂ ਵੱਧ ਸ਼ਰਾਬ ਪੀ-ਪੀ ਕੇ ਆਪਣਾ ਜਿਗਰ ਛਲਣੀ ਕਰਕੇ ਸਮੇਂ ਤੋਂ ਪਹਿਲਾਂ ਹੀ ਪਤਝੜ ਤੋਂ ਪਹਿਲਾਂ ਹੀ ਟਾਹਣੀ ਨਾਲੋਂ ਟੁੱਟ ਗਿਆ ਹੈ ਅਤੇ ਆਪਣੇ ਵਰਗਾ ਕੋਈ ਹੋਰ ਗੁਲਾਬ ਖਿੜਾ ਕੇ ਵੀ ਨਹੀਂ ਗਿਆ, ਖ਼ੈਰ ਫ਼ਿਰ ਵੀ ਨਰਸਰੀ ਦੇ ਗੁਲਾਬ ਤਾਂ ਹਨ, ਮਨੀਸ਼ਾ ਕੋਇਰਾਲਾ….ਹੈ….ਮੈਂ ਹਾਂ…..ਰੀਟਾ ਨੇ ਬੜੀ ਤਨਜ਼ੀਆ ਮੁਸਕੁਰਾਹਟ ਬਖੇਰਦਿਆਂ ਮੇਰੇ ਵੱਲ ਵੇਖਿਆ ਪਰ ਮੈਂ ਗੰਭੀਰ ਹੋ ਕੇ ਕਿਹਾ, ”ਹਾਂ….ਇਸੇ ਤਰ੍ਹਾਂ ਹਾਲੈਂਡ ਦੇ ਵਿਗਿਆਨੀਆਂ ਵਲੋਂ ਤਿਆਰ ਕੀਤੇ ਗਏ ਬੜੇ ਖੂਬਸੂਰਤ ਫ਼ੁੱਲ ਗਰੇਗ ਟਿਊਲਪ ਤੇ ਕਾਊਫ਼ਮਨ ਟਿਊਲਪ ਵੀ ਹਨ ਪਰ ਫ਼ਿਰ ਵੀ ਕਹਿੰਦੇ ਹਨ ਕਿ ਪ੍ਰਾਕਿਰਤਕ ਟਿਊਲਪ ਦਾ ਮੁਕਾਬਲਾ ਕਿਥੇ…..।” ”ਤੁਸੀਂ ਮੈਨੂੰ ਵੀ ਕਿਤੇ ਇਹ ਵਾਲੇ ਟਿਊਲਪ ਵਿਖਾਉ ਨਾ…..?” ”ਜ਼ਰੂਰ…..ਪਰ ਕਹਿੰਦੇ ਨੇ ਕਿ ਪ੍ਰਾਕਿਰਤਕ ਟਿਊਲਪ ਦਾ ਮੁਕਾਬਲਾ ਤਾਂ ਗੁਲਾਬ ਵੀ ਨਹੀਂ ਸੀ ਕਰ ਸਕਦਾ……ਹਾਂ ਜੰਗਲੀ ਗੁਲਾਬ ਵੀ ਨਹੀਂ…..। ਇਸ ਤਰ੍ਹਾਂ ਦਾ ਹੀ ਹੁੰਦਾ ਹੈ ਕੁਝ ਪੇਂਡੂ ਕੁੜੀਆਂ ਦਾ ਪ੍ਰਾਕਿਰਤਕ ਹੁਸਨ…..ਜਿਸ ਦਾ ਮੁਕਾਬਲਾ ਕੋਈ ਮਧੂਬਾਲਾ ਵੀ ਨਹੀਂ ਕਰ ਸਕਦੀ……।” ”ਉਹ ਹੁਸਨ ਤਾਂ ਕਿਤੇ ਤੁਹਾਡੀ ਕਲਪਨਾ ਵਿੱਚ ਹੀ ਹੋਣਾ ਜਨਾਬ….?” ਰੀਟਾ ਮੁਸਕਰਾਈ। ”ਹਾਂ…..ਮੇਰੇ ਖਾਬਾਂ ਵਿੱਚਲੀ ਉਹ ਲੜਕੀ ਅਸਲ ਵਿੱਚ ਕਿਤੇ ਹੈ ਨਹੀਂ….। ਤੇ ਮੈਂ ਅਕਸਰ ਸੋਚਦਾ ਰਹਿੰਦਾ….ਕਿਥੇ ਹੈ ਉਹ ਗੁੱਲ ਓ ਲਾਲਾ?” ”ਇਹ ‘ਗੁਲ ਓ ਲਾਲ’ ਕੀ ਬਲਾ ਹੈ?” ”ਅਸਲੀ ਟਿਊਲਪ ਦਾ ਫ਼ਾਰਸੀ ਨਾਂ ਹੈ। ਇਹ ਫ਼ਾਰਸੀ ਲੋਕਾਂ ਦੀਆਂ ਧਾਰਨਾ ਹੈ ਕਿ ਇਹ ਫ਼ੁੱਲ ਬਹਾਦਰਾਂ ਦੀਆਂ ਕਬਰਾਂ ਤੇ ਆਪਣੇ ਆਪ ਹੀ ਉੱਗ ਆਉਂਦਾ ਸੀ…..। ਸ਼ਾਇਦ ਹੁਣ ਵੀ ਉਗਦਾ ਹੋਵੇ ਕਿਧਰੇ……। ਖੋਜ ਤਾਂ ਜਾਰੀ ਰਹਿਣੀ ਚਾਹੀਦੀ ਹੈ ਨਾ…..।” ”ਹਾਂ…..ਤੇ ਤੁਹਾਡੇ ਖ਼ਾਬਾਂ ਵਿੱਚਲੀ ਲੜਕੀ ਦੀ ਖੋਜ ਵੀ…..ਸ਼ਾਇਦ ਕਿਤੇ…..?” ਰੀਟਾ ਫ਼ਿਰ ਮੁਸਕਰਾਈ ਮੈਂ ਵੀ ਮੁਸਕਰਾਇਆ। ”ਤੁਰਕੀ ਦੇ ਅਮੀਰ ਕਹਿੰਦੇ ਆਪਣੇ ਹਰਮਾਂ ਵਿੱਚ ‘ਗੁਲ ਓ ਲਾਲਾ’ ਦੀ ਸ਼ਾਨ ਵਿੱਚ ਇੱਕ ਖਾਸ ਦਿਨ ਮਨਾਇਆ ਕਰਦੇ ਸਨ ਤੇ ਫ਼ਾਰਸੀ ਦੇ ਪ੍ਰਸਿੱਧ ਕਵੀ ਹਾਫ਼ਿਜ਼ ਨੇ ‘ਗੁਲ ਓ ਲਾਲਾ’ ਦੀ ਸ਼ਾਨ ਵਿੱਚ ਕਿੰਨੇ ਹੀ ਖੂਬਸੂਰਤ ਸ਼ਿਆਰ ਕਹੇ ਸਨ…..।” ”ਤਾਂ ਹੀ ਤੁਸੀਂ ਵੀ ਆਪਣੇ ਇੱਕ ਗ਼ਜ਼ਲ ਵਿੱਚ ਉਹ ਸ਼ਿਅਰ ਕਿਹਾ ਹੈ ਨਾ…..।” ”ਕਿਹੜਾ?” ”ਹਾਂ ਉਹੋ ਹੀ ਇਸ ਤਰ੍ਹਾਂ ਹੈ ਨਾ ਉਹ…..”ਫ਼ੁੱਲ ਟਿਊਲਪ ਦੇ ਉੱਗ ਪੈਣ ਕਬਰਾਂ ਉੱਤੇ ਕਿੰਨਾ ਚਿਰ ਸੂਹੇ ਸੁਪਨੇ ਮਰੇ ਰਹਿਣਗੇ। ”ਵਾਹ ਬਈ ਵਾਹ ਮੁਬਾਰਕਾਂ। ਇਹ ਸ਼ਿਅਰ ਯਾਦ ਰੱਖਣ ਲਈ। ਮੈਂ ਗੁਲ ਓ ਲਾਲਾ ਬਾਰੇ ਹਾਲੇ ਗੱਲ ਕਰ ਰਿਹਾ ਸੀ ਨਾ…..ਉਹ ਦੀ ਗੱਲ ਕਹੀ ਸੀ…..ਉਧਰ ਯੌਰਪ ਵਿੱਚ ਵੀ ਟਿਊਲਪ ਦੇ ਬਹੁਤ ਸਾਰੇ ਪ੍ਰਸੰਸਕ ਹੋਏ ਹਨ। ਕਹਿੰਦੇ ਹਨ, ਕਾਰਡੀਨਲ, ਰਿਸੈਲੇ, ਵਾਲਤੇਅਰ, ਮਾਰਸ਼ਲਬਿਰੋ, ਤੇ ਲੂਈ ਅਠਾਰਵਾਂ ਟਿਊਲਪ ਦੇ ਰੂਪ, ਤੇ ਮੁੱਗਧ ਸਨ…..।” ”ਐਨਾ ਗੁਲਵੰਤ ਨੇ ਵੀ ਦੱਸਿਆ ਬਹੁਤ ਕੁਝ ਟਿਊਲਪ ਬਾਰੇ…..।” ”ਪ੍ਰੋਫ਼ੈਸਰ ਗੁਲਵੰਤ ਯੂਨੀਵਰਸਿਟੀ ਵਿੱਚ ਹੀ ਹਨ ਨਾ….?” ”ਹੈ ਤਾਂ ਉਥੇ ਹੀ….ਪਰ ਉਹ ਵੀ ਪ੍ਰਾਕਿਰਤਕ ਟਿਊਲਪ ਨਹੀਂ ਹੈ?” ਮੈਂ ਸ਼ਰਾਰਤ ਨਾਲ ਕਿਹਾ। ”ਜਿਵੇਂ ਮੈਂ ਪ੍ਰਾਕਿਰਤਕ ਗੁਲਾਬ ਨਹੀਂ ਹਾਂ…..ਹੈ ਨਾ?” ਰੀਟਾ ਨੇ ਤਨਜ਼ ਨਾਲ ਕਿਹਾ। ਮੈਂ ਸਿਰਫ਼ ਮੁਸਕਰਾਇਆ ਤੇ ਜਦ ਕੁਝ ਪਲ ਖਾਮੋਸ਼ ਹੀ ਰਿਹਾ ਤਾਂ ਰੀਟਾ ਨੇ ਪਤਾ ਨਹੀਂ ਅਸਲੀ ਜਾਂ ਨਕਲੀ, ਗੰਭੀਰਤਾ ਨਾਲ ਕਿਹਾ। ”ਤੁਹਾਡੇ ਖ਼ਾਬਾਂ ਵਿੱਚ ਜੋ ਲੜਕੀ ਹੈ ਉਹ ਸਚਮੁੱਚ ਹੋ ਨਹੀਂ ਸਕਦੀ।” ”ਹਾਂ ਹੋ ਨਹੀਂ ਸਕਦੀ…..।” ਗੁਲ ਓ ਲਾਲਾ ਹੈ ਉਹ ਲੜਕੀ ਤਾਂ…..ਉਹ ਸੱਚਮੁੱਚ ਹੋ ਨਹੀਂ ਸਕਦੀ…..।” ਮੈਂ ਇਹ ਕਹਿੰਦਾ ਹੋਇਆ ਕੁਰਸੀ ਤੋਂ ਉਠ ਖਲੋਇਆ ਤਾਂ ਰੀਟਾ ਵੀ ਉਠ ਖਲੋਈ। ਫ਼ਿਰ ਉਹ ਪੈਨੀ ਦ੍ਰਿਸ਼ਟੀ ਨਾਲ ਵੇਖਦੀ ਹੋਈ ਬੋਲੀ, ”ਖੋਜ ਕਰੋ……ਕਿਤੇ ਹੋ ਵੀ ਸਕਦੀ ਹੈ……।” ਮੈਂ ਧੱਫ਼ਾ ਉਸ ਦੇ ਜੂੜੇ ਦੇ ਕਾਲੇ ਗੁਲਾਬ ਵਿੱਚ ਮਾਰਿਆ ਤਾਂ ਉਸ ਨਾਲ ਲੱਗਿਆ ਕੰਡਾ ਮੇਰੀ ਅਨਾਮਿਕਾ ਵਾਲੀ ਉਂੁਗਲੀ ਵਿੱਚ ਚੁੱਭ ਗਿਆ। ਉਂਗਲੀ ਵਿੱਚੋਂ ਸਿੰਮਦੇ ਲਹੂ ਨੂੰ ਮੈਂ ਬੁੱਲ੍ਹਾਂ ਨਾਲ ਚੂਸਣ ਲੱਗਾ ਹੀ ਸਾਂ ਤਾਂ ਰੀਟਾ ਨੇ ਉਂਗਲੀ ਫ਼ੜ ਕੇ ਲਹੂ ਆਪ ਚੂਸ ਲਿਆ।
ਮਹਿਮਾ ਸਿੰਘ