ਹਾਈ ਕਮਾਨ ਨੇ ਖੱਟੜ ਨੂੰ ਦਿੱਲੀ ਕੀਤਾ ਤਲੱਬ, ਜੇ.ਜੇ.ਪੀ. ਵਰਕਰ ਮਨ੍ਹਾ ਰਹੇ ਜਸ਼ਨ

ਹਰਿਆਣਾ— ਤਾਜ਼ਾ ਰੁਝਾਨਾਂ ‘ਚ ਹਰਿਆਣਾ ਦੇ ਤ੍ਰਿਸ਼ੰਕੂ ਵਿਧਾਨ ਸਭਾ ਵੱਲ ਵਧਣ ਦਰਮਿਆਨ ਖਬਰ ਹੈ ਹੈ ਕਿ ਭਾਜਪਾ ਹਾਈ ਕਮਾਨ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਦਿੱਲੀ ਤਲੱਬ ਕੀਤਾ ਹੈ। ਸੂਬੇ ਦੀ 90 ਮੈਂਬਰੀ ਵਿਧਾਨ ਸਭਾ ‘ਚ 75 ਸੀਟਾਂ ਜਿੱਤਣ ਦਾ ਟੀਚਾ ਤੈਅ ਕਰਨ ਵਾਲੀ ਭਾਜਪਾ 35 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਵੀ 35 ਸੀਟਾਂ ‘ਤੇ ਅੱਗੇ ਹੈ। ਭਾਜਪਾ ਸੂਤਰਾਂ ਨੇ ਦੱਸਿਆ ਕਿ ਹਾਈ ਕਮਾਨ ਨੇ ਖੱਟੜ ਨੂੰ ਦਿੱਲੀ ਬੁਲਾਇਆ ਹੈ। ਹਰਿਆਣਾ ‘ਚ ਜੇਕਰ ਇਹੀ ਰੁਝਾਨ ਨਤੀਜੇ ‘ਚ ਬਦਲਦੇ ਹਨ ਤਾਂ ਕਿਸੇ ਵੀ ਦਲ ਨੂੰ ਸਰਕਾਰ ਗਠਨ ਲਈ ਸਾਧਾਰਣ ਬਹੁਮਤ ਨਹੀਂ ਮਿਲੇਗਾ।
ਦੂਜੇ ਪਾਸੇ ਕਾਂਗਰਸ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਹਾਈ ਕਮਾਨ ਨੇ ਵੀ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੂੰ ਦਿੱਲੀ ਬੁਲਾਇਆ ਹੈ। ਸਾਬਕਾ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਅਜਿਹੀ ਸਥਿਤੀ ‘ਚ ਸੂਬੇ ‘ਚ ‘ਕਿੰਗਮੇਕਰ’ ਦੀ ਭੂਮਿਕਾ ਅਦਾ ਕਰ ਸਕਦੇ ਹਨ। ਉਨ੍ਹਾਂ ਦੀ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਉੱਤਰੀ ਹੈ ਅਤੇ 10 ਸੀਟਾਂ ‘ਤੇ ਅੱਗੇ ਹੈ। ਚੌਟਾਲਾ ਉਚਾਨਾ ਕਲਾਂ ਸੀਟ ਤੋਂ ਆਪਣੇ ਮੁਕਾਬਲੇਬਾਜ਼ ਅਤੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੀ ਪਤਨੀ ਪ੍ਰੇਮਲੱਤਾ ਤੋਂ ਕਾਫੀ ਅੱਗੇ ਚੱਲ ਰਹੇ ਹਨ। ਸਾਬਕਾ ਸੰਸਦ ਮੈਂਬਰ ਨੇ ਕਿਹਾ,”ਹੁਣ ਤੱਕ ਸਾਨੂੰ ਕਿਸੇ ਵੀ ਪਾਰਟੀ ਤੋਂ ਸਮਰਥਨ ਦੀ ਅਪੀਲ ਨਹੀਂ ਮਿਲੀ ਹੈ। ਅਸੀਂ ਕੱਲ ਪਾਰਟੀ ਦੀ ਕਾਰਜ ਕਮੇਟੀ ਦੀ ਬੈਠਕ ਬੁਲਾਈ ਹੈ।” ਇਸ ਵਿਚ ਜੇ.ਜੇ.ਪੀ. ਸਮਰਥਕ ਅਤੇ ਵਰਕਰ ਜੀਂਦ ‘ਚ ਪਾਰਟੀ ਦੇ ਦਫ਼ਤਰ ਦੇ ਸਾਹਮਣੇ ਜਸ਼ਨ ਮਨਾਉਂਦੇ ਦੇਖੇ ਗਏ। ਉਨ੍ਹਾਂ ਨੇ ਮਠਿਆਈਆਂ ਵੰਡੀਆਂ ਅਤੇ ਭਰੋਸਾ ਦਿੱਤਾ ਕਿ ਦੁਸ਼ਯੰਤ ਚੌਟਾਲਾ ਅਗਲੇ ਮੁੱਖ ਮੰਤਰੀ ਹੋਣਗੇ।