ਹਵਸਰਾਪੀਆਂ ਜੂਹਾਂ

kahaniyaਰੁਮਕ ਪਈ ਹੈ, ਪਰ ਛੱਤ ‘ਤੇ ਪਏ ਨੂੰ ਵੀ ਨੀਂਦ ਨਹੀਂ ਆ ਰਹੀ। ਧੌਣ ਭੁਆ ਕੇ ਘਰ ਦੇ ਪਾਸੇ ਉਸਰੇ ਢਾਰਿਆਂ  ਵੱਲ ਵੇਖਦਾ ਹਾਂ। ਮੇਰੇ ਘਰ ਦੀ ਛੱਤ ਢਾਰਿਆਂ ਨਾਲੋਂ ਥੋੜ੍ਹੀ ਉੱਚੀ ਹੈ। ਪਾਸੇ ਛੱਜਾ ਬੰਨ੍ਹਿਆ ਹੈ।  ਸੁੱਤ ਉਨੀਂਦੇ ਬੰਦਾ ਉੱਠ ਵੀ ਪਵੇ ਤਾਂ ਡਿੱਗਣ ਦਾ ਡਰ ਨਹੀਂ। ਅੱਜ ਮੈਂ ਰੰਮ ਵੀ ਨਹੀਂ ਲਾਈ।  ਰੰਮ ਪੀਤਿਆਂ ਵੀ ਜ਼ਿਹਨ ਦੀ ਫ਼ਿਰਕੀ ਤੇਜ਼ ਘੁੰਮਣ ਲੱਗ ਪੈਂਦੀ ਹੈ। ਗੰਡਾਸੀ ਜ਼ਰੂਰ ਪਾਵੇ ਨਾਲ ਟਿਕਾ ਰੱਖੀ ਹੈ। ਤਾਰਿਆਂ ਨਾਲ ਭਰੀ ਰਾਤ ਨੂੰ ਟਿਕਟਿਕੀ ਲਾਈ ਦੇਖਦਾ ਹਾਂ। ਮਨ ਅੰਦਰ ਉਬਲਦਾ ਭਵਜਲ ਪੂਰੇ ਵੇਗ ‘ਤੇ  ਹੈ। ਅਜਿਹੇ ਤਣਾਓ ‘ਚ ਨੀਂਦ ਆਉਂਦੀ ਨਹੀਂ। ਜਦੋਂ ਦਾ ਫ਼ੌਜ ‘ਚੋਂ ਸੂਬੇਦਾਰੀ ਪੈਨਸ਼ਨ ਲੈ ਕੇ ਆਇਆ ਹਾਂ ਉਸ ਤੋਂ ਮਗਰੋਂ ਇੰਜ ਜਾਪਦਾ ਹੈ ਜਿਵੇਂ ਸਾਰੇ ਸਮਾਜ ਨਾਲ ਟਕਰਾ ਕੇ ਮੈਂ ਚੀਣਾ-ਚੀਣਾ ਹੋ ਜਾਵਾਂਗਾ। ਸਾਡੇ ਵਿਹੜੇ ਦਾ ਬਿੱਲੂ ਪੰਚ ਕਈ ਵਾਰ ਮੈਨੂੰ ਸਲਾਹ ਦਿੰਦਾ, ”ਬਖਤੌਰ ਸਿਹਾਂ, ਤੂੰ ਪੜ੍ਹਿਆ-ਲਿਖਿਆ ਬੰਦਾ ਏਂ। ਛੱਡ ਪਰ੍ਹਾਂ ਇਨ੍ਹਾਂ ਮੂਰਖਾਂ ਨੂੰ। ਸ਼ਹਿਰ ‘ਚ ਕੋਠੀ ਲੈ ਲਾ। ਏਥੇ ਕੋਈ ਸੁਧਾਰ ਨ੍ਹੀਂ ਹੋਣਾ। ਕਿੰਨਿਆਂ ਨਾਲ ਆਪਾਂ ਲੜਦੇ ਫ਼ਿਰਾਂਗੇ। ਕੀਹਦੇ-ਕੀਹਦੇ ਨਾਲ ਸਿਰ ਦੀਆਂ ਠੀਕਰੀਆਂ ਕਰਾਂਗੇ। ਇਹ ਤਾਂ ਥਿੰਦੇ ਘੜੇ ਨੇ। ਬੂੰਦ ਪਈ ‘ਤੇ ਤਿਲ੍ਹਕੀ।”
ਬਿੱਲੂ ਆਖਣ ਨੂੰ ਤਾਂ ਆਖ ਜਾਂਦਾ। ਫ਼ਿਰ ਉਸ ਅੰਦਰਲਾ ਮਨੁੱਖ ਮਾੜੀਆਂ ਸੋਚਾਂ ਨੂੰ ਢੁੱਡ ਮਾਰ ਖੋਰ ‘ਤੇ ਸੁੱਟ ਦਿੰਦਾ। ਉਹ ਆਪਣਾ ਮਨ ਬਦਲ ਲੈਂਦਾ, ”ਬਖਤੌਰਿਆ, ਊਂ ਯਾਰ ਕਿਹੜਾ ਵਾਰ-ਵਾਰ ਜੰਮਣੈ। ਆਪਾਂ ਯਾਰ ਇਸ ਧਰਤੀ ਦੇ ਅਸਲ ਬਸ਼ਿੰਦੇ ਆਂ। ਦਰਾਵੜ ਆਂ ਆਪਾਂ ਯਾਰ। ਜੇ ਆਪਾਂ ਹਨੇਰੇ ਨੂੰ ਦੇਖ ਕੇ ਨੀਵੀਆਂ ਪਾ ਗਏ। ਫ਼ੇਰ ਸ਼ਮ੍ਹਾਦਾਨ ਕੀ ਕਹਿਣਗੇ?” ?ੁਹ ਸੁਰਜੀਤ ਪਾਤਰ ਦੀਆਂ ਸਤਰਾਂ ਗਾਉਣ  ਲੱਗ ਪੈਂਦਾ। ਬਿੱਲੂ ਨੇ ਹੀ ਮੈਨੂੰ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ਪੜ੍ਹਨ ਨੂੰ ਦਿੱਤਾ ਸੀ। ਉਂਜ ਪੜ੍ਹਦਾ ਤਾਂ ਮੈਂ ਵੀ ਬਹੁਤ ਸੀ, ਪਰ ਬਿੱਲੂ ਨੇ ਮੈਨੂੰ ਨਾਵਲ ਦਾ ਉਹ ਪੈਰ੍ਹਾ ਪੜ੍ਹ ਕੇ ਸੁਣਾਇਆ ਸੀ ਜਿਸ ਵਿੱਚ ਭਿਖਾਰੀ ਬਣ ਕੇ ਜ਼ਿਮੀਂਦਾਰਾਂ ਦੇ ਘਰਾਂ ‘ਚੋਂ ਦਾਨ ਮੰਗਣ ਜਾਂਦੇ ਵਿਹੜੇ ਦੇ ਬਸ਼ਿੰਦੇ ਨੂੰ ਪੰਚ ਡਾਂਗਾਂ ਨਾਲ ਮੋੜਦਾ ਹੈ। ਬਿੱਲੂ ਹੀ  ਮੈਨੂੰ ਬੰਤ ਝੱਬਰ ਦੀਆਂ ਲੱਤਾਂ-ਬਾਹਾਂ ਕੱਟਣ ਵਾਲੇ ਦਬੰਗਾਂ ਖ਼ਿਲਾਫ਼ ਹੋਈ ਰੋਸ ਰੈਲੀ ‘ਚ ਲੈ ਕੇ ਗਿਆ ਸੀ। ਬੁਰੀ ਤਰ੍ਹਾਂ ਅਪੰਗ ਕੀਤਾ ਬੰਤ ਇਨਕਲਾਬ ਦੇ ਗੀਤ ਗਾ ਰਿਹਾ ਸੀ। ਬੰਤ ਨੂੰ ਦੇਖ ਕੇ ਮੇਰੇ ਅੰਦਰਲਾ ਫ਼ੌਜੀ ਜਾਗ ਪਿਆ। ਮੈਂ ਵਿਹੜੇ ਵਾਲਿਆਂ ਨੂੰ ਉਨ੍ਹਾਂ ਦੇ ਦੁੱਖਾਂ ਦੇ ਕਾਰਨ ਦੱਸਣ ਲੱਗ ਪੈਂਦਾ। ਕਈਆਂ  ਨੂੰ ਮੈਂ ਸੀਰੀ ਪ੍ਰਥਾ ਦਾ ਫ਼ਸਤਾ ਵੱਢਣ ਲਈ ਵੀ ਮਨਾ ਲਿਆ। ਕਈ ਮੇਰੇ ਕਹੇ ਗੁਲਾਮੀ ਕਰਨ ਦੀ ਥਾਂ ਆਜ਼ਾਦ ਮਜ਼ਦੂਰੀ ਕਰਨ ਕਾਰਖਾਨਿਆਂ ‘ਚ ਜਾਣ ਲੱਗ ਪਏ। ਵਿਹੜੇ ਦੀਆਂ ਔਰਤਾਂ ਜ਼ਿਮੀਂਦਾਰਾਂ ਦੇ ਘਰੀਂ ਗੋਹਾ-ਕੂੜਾ ਕਰਨ ਦੀ ਥਾਂ ਹੋਰ ਕੰਮ-ਧੰਦੇ ਕਰਨ ਲੱਗ ਪਈਆਂ।
ਪਿੰਡ ਦੇ ਆਗੂ ਬਣੇ ਬੰਦਿਆਂ ਦੀਆਂ ਅੱਖਾਂ ‘ਚ ਮੈਂ ਰੜਕਣ ਲੱਗ ਪਿਆ। ਉਨ੍ਹਾਂ ਮੈਨੂੰ ਕਈ ਵਾਰ  ਜਰਕਾਉਣ ਬਾਰੇ ਸੋਚਿਆ। ਬੰਤ ਝੱਬਰ ਨਾਲ ਹੋਈ ਬੀਤੀ ਦੱਸਣ ਦੀ ਕੋਸ਼ਿਸ਼ ਕੀਤੀ। ਮੇਰਾ ਵੱਡਾ ਮੁੰਡਾ ਸਰਦੂਲ ਕੋਟੇ ‘ਚ ਭਰਤੀ ਹੋ ਕੇ ਪੁਲਿਸ ਇੰਸਪੈਕਟਰ ਬਣ ਗਿਆ ਸੀ। ਛੋਟਾ ਮਾਣਾ ਵੀ ਸਿਪਾਹੀ ਭਰਤੀ ਹੋ ਗਿਆ ਸੀ। ਮੁੰਡੇ ਮੇਰੇ ਖਰੇ ਸੁਭਾਅ ਨੂੰ ਜਾਣਦੇ ਸਨ। ਉਨ੍ਹਾਂ ਨਾਲ ਮੇਰਾ ਜ਼ਜ਼ਬਾਤੀ ਸਬੰਧ ਵੀ ਸੀ। ਜਦੋਂ ਮੈਥੋਂ ਪਿੰਡ ‘ਚ ਕੋਈ ਸੱਚੀ ਗੱਲ ਕਹੀ ਜਾਂਦੀ ਤਾਂ ਆਗੂ ਬੰਦਿਆਂ ਦੇ ਫ਼ੋਨ ਮੁੰਡਿਆਂ ਕੋਲ ਜਾਣ ਲੱਗ ਪੈਂਦੇ। ਉਹ ਅਸਲੀਅਤ ਦਾ ਪਤਾ ਕਰਨ ਪਿੰਡ ਆ ਜਾਂਦੇ। ਮੈਂ ਬਿੱਲੂ ਪੰਚ ਨੂੰ ਸੱਦ ਕੇ ਸਾਰੀ ਗੱਲ ਦੱਸਦਾ। ਨਾਲ ਹੀ ਮੁੰਡਿਆਂ ਨੂੰ ਕਹਿੰਦਾ, ”ਕਾਕਾ, ਮੇਰੀ ਗੱਲ ਸੁਣ ਲਓ। ਤੁਸੀਂ ਵੀ ਇਨ੍ਹਾਂ ਮੁਸ਼ਕ ਮਾਰਦੀਆਂ ਬੀਹੀਆਂ ‘ਚ ਰੁੜ੍ਹਦੇ ਏਸ ਅਹੁਦੇ ਨੂੰ ਪੁੱਜੇ ਓ। ਯਾਰ, ਤੁਸੀਂ ਤਾਂ ਇਨ੍ਹਾਂ ਢਾਰਿਆਂ ਦਾ ਰਿਣ  ਨਹੀਂ ਉਤਾਰਦੇ। ਮੈਨੂੰ ਤਾਂ ਭਗੌੜਾ ਨਾ ਬਣਾਓ। ਮੈਂ ਫ਼ੌਜੀ ਬੰਦਾ ਹਾਂ। ਕਾਨੂੰਨ ਤੋਂ ਬਾਹਰੀ ਮੈਂ ਕੋਈ ਗੱਲ ਨ੍ਹੀਂ ਕਰਦਾ। ਪਰ ਮੈਂ ਸਫ਼ੈਦਪੋਸ਼ਾਂ ਨੂੰ ਇਹ ਤਾਂ ਜ਼ਰੂਰ ਦੱਸੂੰ ਬਈ ਅਸੀਂ ਵੀ ਉਸੇ ਰੱਬ ਦੇ ਬਣਾਏ ਆਂ, ਜਿਸ ਨੇ ਥੋਨੂੰ ਬਣਾ ਕੇ ਘੱਲਿਆ।”
ਮੁੰਡੇ ਮੇਰੀ ਗੱਲ ਧਿਆਨ ਨਾਲ ਸੁਣਦੇ। ਉਨ੍ਹਾਂ ਨੇ ਪਿੰਡ ਦੇ ਚਲਾਕ ਬੰਦਿਆਂ ਦੇ ਫ਼ੋਨ ਸੁਣਨੇ ਬੰਦ ਕਰ ਦਿੱਤੇ। ਉਨ੍ਹਾਂ ਨੇ ਮੇਰਾ ਹੌਸਲਾ ਵੀ ਵਧਾਇਆ। ਵਿਹੜੇ ਦੇ ਕਈ ਬੰਦੇ ਮੇਰੀ ਸਾਫ਼ਗੋਈ ਨਾਲ ਹਮਦਰਦੀ ਕਰਨ ਲੱਗ ਗਏ।
ਲੋਕ ਸਭਾ ਚੋਣਾਂ ਨੇੜੇ ਆ ਗਈਆਂ। ਮੈਂ ਵਿਹੜੇ ਵਾਲਿਆਂ ਨੂੰ ਕਿਸੇ ਵੀ ਪਾਰਟੀ ਤੋਂ ਸ਼ਰਾਬ, ਭੁੱਕੀ ਜਾਂ ਪੈਸਾ ਨਾ ਲੈਣ ਲਈ ਪ੍ਰੇਰਦਾ। ਮੇਰੇ ਮਗਰ ਬਿੱਲੂ ਪੰਚ ਵੀ ਆਖ ਦਿੰਦਾ, ”ਭਾਈਚਾਰਿਆ, ਸਿਰਫ਼ ਵੀਹ ਪੈਸੇ ਰੋਜ਼ ਦੇ ਬਣਦੇ ਐ। ਜਿਹੜਿਆਂ ਪਿੱਛੇ ਆਪਾਂ ਪੰਜ ਸਾਲ ਲਈ ਵਿਕ ਜਾਂਦੇ ਆਂ। ਵੋਟ ਪਾਓ ਜੀਹਨੂੰ ਮਰਜ਼ੀ, ਪਰ ਐਤਕੀਂ ਆਪਾਂ ਕਿਸੇ  ਖੜਪੰਚ ਨੂੰ ਵਿਹੜੇ ਅੰਦਰ ਬੋਤਲਾਂ ਤੇ  ਪੈਸੇ ਨੂੰ ਨ੍ਹੀਂ ਵੰਡਣ ਦੇਣੇ। ਆਪਣੀ ਯਾਰ ਕਿੰਨੀ ਕੁ ਗ਼ਰੀਬੀ ਚੁੱਕੀ ਜਾਊ ਹਜ਼ਾਰ ਨਾਲ? ਬਹੁਤ ਲਾਹਨਤ ਵਾਲੀ ਗੱਲ ਐ ਇਹ ਤਾਂ।”
ਕੁਝ ਦਿਨ ਤਾਂ ਸਾਡਾ ਭਾਈਚਾਰਾ ਦੁਬਿਧਾ ‘ਚ ਰਿਹਾ। ਫ਼ਿਰ ਉਨ੍ਹਾਂ ਨੇ ਮੇਰੇ ਤੇ ਬਿੱਲੂ ਮੂਹਰੇ ਇੱਕ ਸ਼ਰਤ ਰੱਖੀ। ਵਿਹੜੇ ਦੀ ਧਰਮਸ਼ਾਲਾ ਦਾ ਇੱਕ ਕਮਰਾ ਢਾਹ ਕੇ ਇੱਕ ਦਬੰਗ ਨੇ ਰੂੜੀ ਲਾ ਰੱਖੀ ਸੀ। ਧਰਮਸ਼ਾਲਾ ਲਈ ਆਈ ਗਰਾਂਟ ਵੀ ਉਹ ਲੜਾਕਾ ਬੰਦਾ ਲੱਗਣ ਨਹੀਂ  ਦਿੰਦਾ ਸੀ। ਉਸ ਦਾ ਕਹਿਣਾ ਸੀ ਕਿ ਕਿਸੇ ਜ਼ਮਾਨੇ ‘ਚ ਉਸ ਦੇ ਵੱਡ-ਵਡੇਰਿਆਂ ਨੇ ਵਿਹੜੇ ਵਾਲਿਆਂ ਨੂੰ ਸੱਤ ਮਰਲੇ ਥਾਂ ਪੁੰਨ ਨਮਿਤ ਦਿੱਤੀ ਸੀ। ਇਸ ਕਰਕੇ ਥਾਂ ਉਹ ਆਪਣੀ ਸਮਝਦਾ ਸੀ। ਮੈਂ ਵੱਡੇ ਮੁੰਡੇ ਨੂੰ ਫ਼ੋਨ ਕਰ ਕੇ ਵਿਹੜੇ ਦੇ ਮੁੰਡੇ ਲਾ ਉਸ ਦੀ ਰੂੜੀ ਪਰ੍ਹੇ ਸੁਟਵਾ ਦਿੱਤੀ। ਉਹ ਬੰਦਾ ਥਾਣੇ ਵੱਲ ਭੱਜਿਆ, ਮੂਹਰੇ ਮੇਰਾ ਮੁੰਡਾ ਸਰਦੂਲ ਮੁੱਛਾਂ ਨੂੰ ਤਾਅ ਦੇਈ ਬੈਠਾ ਸੀ। ਉਹ ਬੰਦਾ ਪੁੱਠਾ ਮੁੜ ਆਇਆ। ਮੈਂ ਓਨਾ ਚਿਰ ਗੰਡਾਸੀ ਲਈ ਬੈਠਾ ਰਿਹਾ, ਜਿੰਨਾ ਚਿਰ ਧਰਮਸ਼ਾਲਾ ਦੇ ਕਮਰੇ ਦੀ ਛੱਤ ਨਾ ਪੈ ਗਈ। ਸਾਡੀ ਕਰੜਾਈ ਦੇਖ ਕੇ ਵਿਹੜੇ ਵਾਲਿਆਂ ਅੰਦਰੋਂ ਵੀ ਡਰ ਹੋਰ ਘਟ ਗਿਆ।
ਅਖੀਰ ਸਫ਼ੈਦਪੋਸ਼ਾਂ ਨੇ ਚੋਣਾਂ  ਤੋਂ ਪਹਿਲਾਂ ਮੈਨੂੰ ਆਪਣੇ ਨਾਲ ਰਲਾਉਣ ਲਈ ਇੱਕ ਦਾਅ ਹੋਰ ਖੇਡਿਆ। ਪਿੰਡ ‘ਚ ਕਬੱਡੀ ਦਾ ਟੂਰਨਾਮੈਂਟ ਰਖਵਾ ਲਿਆ। ਯੂਥ ਕਲੱਬ ਦੇ ਮੁੰਡਿਆਂ ਨੇ ਟੂਰਨਾਮੈਂਟ ਦਾ ਜਿਹੜਾ ਇਸ਼ਤਿਹਾਰ ਛਪਵਾਇਆ, ਉਸ ਉੱਤੇ ਮੇਰੀ ਅਤੇ ਬਿੱਲੂ ਪੰਚ ਦੀ ਫ਼ੋਟੋ ਲਗਵਾ ਦਿੱਤੀ। ਨਾਲ  ਸਾਡੇ ਗੁਰਦੁਆਰੇ ਦੇ ਮਹੰਤ ਦੀ ਫ਼ੋਟੋ ਛਾਪ ਦਿੱਤੀ। ਇਹ ਸਤਰਾਂ ਵੀ ਇਸ਼ਤਿਹਾਰ ‘ਤੇ ਪਵਾ ਦਿੱਤੀਆਂ ਕਿ ਅਸੀਂ ਤਿੰਨੇ ਕਬੱਡੀ ‘ਚ ਪਹਿਲੇ, ਦੂਜੇ ਤੇ ਤੀਜੇ ਨੰਬਰ ‘ਤੇ ਆਈਆਂ ਟੀਮਾਂ ਨੂੰ ਇਨਾਮ ਵੰਡਾਂਗੇ।
ਸਫ਼ੈਦਪੋਸ਼ਾਂ ਨੇ ਮੁੰਡਿਆਂ ਨੂੰ  ਮੇਰੇ ਕੋਲ ਭੇਜ ਦਿੱਤਾ। ਮੈਂ ਇਨ੍ਹਾਂ ਮੁੰਡਿਆਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ। ਸਾਡੇ ਸਮਾਜ ਨੂੰ ਨਿਵਾਣਾਂ ਵੱਲ ਲਿਜਾਣ ਵਾਲੇ ਕੰਮ ਇਹੀ ਮੁੰਡੇ ਕਰਦੇ ਸਨ। ਮੈਂ ਟੂਰਨਾਮੈਂਟ ਲਈ ਸੱਦਾ ਦੇਣ ਆਏ ਮੁੰਡਿਆਂ ਨੂੰ ਪੁੱਛਿਆ, ”ਪਿਛਲੀਆਂ ਵੋਟਾਂ ਵੇਲੇ ਵਿਹੜੇ ‘ਚ ਸ਼ਰਾਬ ਤੇ ਪੈਸਾ ਥੋਡੇ ‘ਚੋਂ ਕਿਹੜੇ ਵੰਡਦੇ ਸੀ?”
ਮੇਰੀ ਗੱਲ ਸੁਣ ਕੇ ਉਨ੍ਹਾਂ ਦੇ ਮੂੰਹ ਉੱਡ ਗਏ। ਸਾਰੇ ਇੱਕ-ਦੂਜੇ ਦੇ ਮਗਰ ਲੁਕਣ ਲੱਗ ਪਏ। ਹੋਰ ਕਿਸੇ ਗ਼ਰੀਬ ਨੇ ਇਹੀ ਗੱਲ ਕਹੀ ਹੁੰਦੀ ਤਾਂ ਇਨ੍ਹਾਂ ਮੁੰਡਿਆਂ ਨੇ ਗਲ ਪੈਣ ਲੱਗਿਆਂ ਮਿੰਟ ਲਾਉਣਾ ਸੀ। ਪਰ ਉਹ ਸਭ ਜਾਣਦੇ ਸਨ ਕਿ ਛੇ-ਛੇ ਫ਼ੁੱਟ ਦੇ ਦੋ ਕੁੰਢੀਆਂ ਮੁੱਛਾਂ ਵਾਲੇ ਮੇਰੇ ਪੁੱਤ ਥਾਣੇ ‘ਚ ਸਰਕਾਰੀ ਵਰਦੀ ‘ਚ ਸਨ।
”ਕਾਕਾ, ਅਸੀਂ ਹੁਣ ਜਾਗ ਪਏ ਹਾਂ। ਸਾਨੂੰ ਵੀ ਬੰਦੇ ਸਮਝੋ। ਭੇਡਾਂ, ਬੱਕਰੀਆਂ ਵਾਂਗ ਸਾਡਾ ਮੁੱਲ ਨਾ ਲਾਉ। ਵੋਟਾਂ ਲਉ  ਬੜੀ ਖ਼ੁਸ਼ੀ ਨਾਲ, ਪਰ ਇਹ ਖ਼ਰੀਦੋ-ਫ਼ਰੋਖਤ ਕਰਨ ਐਤਕੀਂ ਨਾ ਆਇਓ। ਉਂਜ ਵੀ ਇਹ ਗ਼ੈਰ-ਕਾਨੂੰਨੀ ਕੰਮ ਐ। ਜਿਹੜਾ ਅਸੀਂ ਫ਼ੜ ਲਿਆ, ਪੁਲਿਸ ਦੇ ਹਵਾਲੇ ਕਰਾਂਗੇ।” ਮੁੰਡੇ ਪੁੱਠੇ ਮੁੜ ਗਏ। ਮੈਂ ਟੂਰਨਾਮੈਂਟ ‘ਤੇ ਵੀ ਨਾ ਗਿਆ। ਖੇਡਾਂ ਵੀ ਹੁਣ ਸਿਆਸੀ ਲੋਕਾਂ ਦੀ ਚਾਲ ਦਾ ਸ਼ਿਕਾਰ ਹੋ ਚੁੱਕੀਆਂ ਹਨ।
ਚੋਣਾਂ ਤੋਂ ਪਹਿਲਾਂ ਦੀਆਂ ਦੋ ਰਾਤਾਂ ਅਸੀਂ ਵਿਹੜੇ ਦੀਆਂ  ਬੀਹੀਆਂ ‘ਤੇ ਪਹਿਰਾ ਬਿਠਾ ਦਿੱਤਾ। ਪਹਿਰੇ ਵਾਲਿਆਂ ਦੀ ਚਾਹ ਲੈ  ਕੇ ਆਇਆ ਬਿੱਲੂ ਪੰਚ ਹੱਸਣ ਲੱਗਾ, ”ਦੇਖ ਲੈ ਬਖਤੌਰ ਸਿਹਾਂ। ਊਂ ਤਾਂ ਪਿੰਡ ਵਾਲੇ ਸਾਡੇ ਵਿਹੜੇ ਨੂੰ ਕੁੰਭੀ ਨਰਕ ਆਖਦੇ ਐ। ਆਹ ਵੋਟਾਂ ਵਾਲੀ ਰਾਤ ਵੱਡੇ ਚੌਧਰੀ ਗੰਦ ‘ਚ ਡਿੱਗਦੇ ਸਾਨੂੰ ਹਜ਼ਾਰ ਰੁਪਈਆ ਦੇ ਕੇ ਸਰਕਾਰ ਬਣਾਉਂਦੇ ਐ। ਉਸ ਰਾਤ ਕੁੰਭੀ ਨਰਕ ‘ਚ ਡਿੱਗਦਿਆਂ ਇਨ੍ਹਾਂ ਨੂੰ ਮੁਸ਼ਕ ਨ੍ਹੀਂ ਆਉਂਦਾ?”
ਇੱਕ ਰਾਤ ਸੌਖੀ ਲੰਘ ਗਈ। ਪੈਸੇ ਵੰਡਣ ਦੀ ਝਾਕ ‘ਚ ਫ਼ਿਰਦੇ ਬੰਦੇ ਸਾਡੇ ਸੋਟੀ ਖੜਕਾਉਣ ‘ਤੇ ਪਰਤ ਜਾਂਦੇ। ਅਗਲੀ ਰਾਤ ਪੈਸੇ ਵੰਡਣ ਵਾਲਿਆਂ ਦਾ ਸਬਰ ਜਵਾਬ ਦੇਣ ਲੱਗ ਪਿਆ। ਲੜਾਈ-ਝਗੜਾ ਹੋਣ ਦੀ ਨੌਬਤ ਆ ਸਕਦੀ ਸੀ। ਮੈਂ ਚੋਣ ਕਮਿਸ਼ਨ ਵੱਲੋਂ ਦਿੱਤੇ ਨੰਬਰ ‘ਤੇ ਗੱਲ ਕੀਤੀ। ਪੈਸੇ ਵੰਡਣ ਵਾਲਿਆਂ ਨੂੰ ਫ਼ੜਣ ਵਾਲਾ ਫ਼ਲਾਈਂਗ ਸਕੁਐਡ ਆ ਗਿਆ। ਮੈਂ ਦਬੰਗ ਬੰਦਿਆਂ ਦੀ ਮਨਸ਼ਾ ਬਾਰੇ ਦੱਸਿਆ ਤਾਂ ਸਾਡੇ ਭਾਈਚਾਰੇ ‘ਚੋਂ ਭਰਤੀ ਹੋਏ ਇੱਕ ਹੌਲਦਾਰ ਨੇ ਮੇਰੀ ਬਾਂਹ ਫ਼ੜ ਕੇ ਪਾਸੇ ਕਰ ਲਿਆ, ”ਸੂਬੇਦਾਰਾ, ਪੈਸੇ ਹੋਰ ਵਿਹੜਿਆਂ ‘ਚ ਵੰਡੀ ਜਾਂਦੇ ਐ।”
ਮੈਂ ਵਿਰੋਧ ਕੀਤਾ, ”ਗਲਤ ਗੱਲ ਐ। ਤੁਸੀਂ ਰੋਕਦੇ ਕਿਉਂ ਨਹੀਂ?” ਉਸ ਨੇ ਬੜੇ ਦੁੱਖ ਨਾਲ ਕਿਹਾ, ”ਸਾਡੇ ਉਪਰਲੇ ਅਫ਼ਸਰ ਆਖ਼ਰੀ ਰਾਤ ਵਿਕ ਗਏ। ਸਾਡਾ ਅਪਮਾਨ ਹੋ ਰਿਹਾ ਐ।” ਇੰਨਾ ਕਹਿ ਕੇ ਉਹ ਖ਼ਾਮੋਸ਼ ਹੋ ਗਿਆ। ਮੈਂ ਉਸ ਦੀਆਂ ਅੱਖਾਂ ‘ਚ ਝਾਕਣ ਲੱਗਾ।”ਸੂਬੇਦਾਰਾ, ਏਥੇ ਡਟਿਆ ਰਹਿ। ਮੈਂ ਸੁਣਿਆ, ਹਰੇਕ ਹਨੇਰੀ ਰਾਤ ਮਗਰੋਂ ਸਵੇਰਾ ਜ਼ਰੂਰ ਹੁੰਦੈ। ਜਿਹੜੀਆਂ ਸਰਾਪੀਆਂ ਜੂਹਾਂ ‘ਚ ਉਹ ਇਨਸਾਨਾਂ ਦੀ ਕੀਮਤ ਲਾਉਂਦੇ ਫ਼ਿਰਦੇ ਐ। ਉੱਥੇ ਵੀ ਇੱਕ ਦਿਨ ਤੇਰੇ ਵਰਗੇ ਬੰਦੇ ਪੈਦਾ ਹੋਣਗੇ।” ਉਹ ਮੇਰੇ ਮੋਢੇ ਨੂੰ ਥਾਪੜਾ ਦੇ ਕੇ ਜਿਪਸੀ ਵੱਲ ਤੁਰ ਪਿਆ। ਉਸ ਦੇ ਮੋਢਿਆਂ ‘ਤੇ ਲੱਗੇ ਸਟਾਰ ਟਿਊਬ ਦੇ ਚਾਨਣ ‘ਚ ਲਿਸ਼ਕਾਂ ਮਾਰ ਰਹੇ ਸਨ।
– ਸੁਖਦੇਵ ਸਿੰਘ ਮਾਨ

LEAVE A REPLY