ਹਰਿਆਣਾ ‘ਚ ਅਮਿਤ ਸ਼ਾਹ ਦੀ ਰੈਲੀ : ਬੋਲੇ- ਰਾਹੁਲ ਬਾਬਾ ਕੰਨ ਖੋਲ੍ਹ ਕੇ ਸੁਣ ਲੈਣ PoK ਨੂੰ ਲੈ ਕੇ ਰਹਾਂਗੇ

ਕਰਨਾਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਯਾਨੀ ਸੋਮਵਾਰ ਨੂੰ ਕਰਨਾਲ ਪਹੁੰਚੇ ਹਨ। ਅਮਿਤ ਸ਼ਾਹ ਕਰਨਾਲ ਦੇ ਸੈਕਟਰ 4 ਸਥਿਤ ਦੁਸਹਿਰਾ ਗਰਾਊਂਡ ‘ਚ ਲੋਕ ਸਭਾ ਸੀਟ ਤੋਂ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਬਾਜਪਾ ਉਮੀਦਵਾਰ ਮਨੋਹਰ ਲਾਲ ਖੱਟੜ ਅਤੇ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਈ ਵੋਟ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ, ਮਨੋਹਰ ਲਾਲ ਕਾਰਨ ਹਰਿਆਣਾ ਨੂੰ ਕਈ ਸੌਗਾਤਾਂ ਮਿਲੀਆਂ। ਇੱਥੇ ਖੱਟੜ ਜੀ ਨੇ 12 ਐਕਸਪ੍ਰੈੱਸ ਵੇਅ, 77 ਕਾਲਜ ਖੋਲ੍ਹੇ, 16 ਨਵੇਂ ਹਸਪਤਾਲ ਖੋਲ੍ਹਣ ਦਾ ਕੰਮ ਕੀਤਾ। ਪੂਰੇ ਹਰਿਆਣਾ ਨੂੰ 10 ਸਾਲਾਂ ਅੰਦਰ ਵਿਕਸਿਤ ਕਰਨ ਦਾ ਕੰਮ ਭਾਜਪਾ ਸਰਕਾਰ ਨੇ ਕੀਤਾ ਹੈ। ਪਹਿਲੇ ਇੱਥੇ ਇਕ ਪਰਿਵਾਰ ਆਉਂਦਾ ਸੀ ਤਾਂ ਭ੍ਰਿਸ਼ਟਾਚਾਰ ਸਿਖਰ ‘ਤੇ ਪਹੁੰਚ ਜਾਂਦਾ ਸੀ। ਮਨੋਹਰ ਨੇ ਭ੍ਰਿਸ਼ਟਾਚਾਰ ਵੀ ਖ਼ਤਮ ਕੀਤਾ ਅਤੇ ਭਰਾ-ਭਤੀਜਾਵਾਦ ਵੀ ਖ਼ਤਮ ਕੀਤਾ। ਪਹਿਲੇ ਮੁੱਖ ਮੰਤਰੀ ਰੋਹਤਕ ਦਾ ਹੁੰਦਾ ਸੀ ਜਾਂ ਸਿਰਸਾ ਦਾ ਹੁੰਦਾ ਸੀ। ਪਹਿਲੀ ਵਾਰ ਮੁੱਖ ਮੰਤਰੀ ਹਰਿਆਣਾ ਦਾ ਮਿਲਿਆ। ਹੁਣ ਪ੍ਰਦੇਸ਼ ਦੀ ਕਮਾਨ ਨਾਇਬ ਸਿੰਘ ਸੈਣੀ ਨੂੰ ਮਿਲੀ ਹੈ। ਦੇਖਣ ‘ਚ ਉਹ ਸ਼ਾਂਤ ਦਿੱਸਦੇ ਹਨ ਪਰ ਜਦੋਂ ਜਨਤਾ ਦੀ ਲੜਾਈ ਦੀ ਗੱਲ ਆਉਂਦੀ ਹੈ ਤਾਂ ਉਹ ਹੱਕ ਲਈ ਲੜ ਵੀ ਪੈਂਦੇ ਹਨ। ਕਰਨਾਲ ਦੀ ਸੀਟ ਮੁੱਖ ਮੰਤਰੀ ਦੀ ਸੀ ਅਤੇ ਚੋਣਾਂ ਤੋਂ ਬਾਅਦ ਵੀ ਕਰਨਾਲ ਦੀ ਹੀ ਰਹੇਗੀ।
ਸ਼ਾਹ ਨੇ ਕਿਹਾ ਕਿ ਭਰਾਓ-ਭੈਣੋ ਇਹ ਦੱਸੋ ਕਿ ਕਸ਼ਮੀਰ ਸਾਡਾ ਹੈ ਜਾਂ ਨਹੀਂ, ਤੁਹਾਡੀ ਆਵਾਜ਼ ਖੜਗੇ ਤੱਕ ਜਾਣੀ ਚਾਹੀਦੀ ਹੈ। ਖੜਗੇ ਸਾਹਿਬ ਤੁਸੀਂ 80 ਦੇ ਹੋ ਗਏ ਪਰ ਤੁਸੀਂ ਇਹ ਨਹੀਂ ਜਾਣ ਸਕੇ ਕਿ ਹਰਿਆਣਾ ਦੇ ਲੋਕ ਦੇਸ਼ ਲਈ ਮਰਦੇ ਹਨ। ਮੈਂ ਅੱਜ ਰਾਹੁਲ ਬਾਬਾ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕੰਨ ਖੋਲ੍ਹ ਕੇ ਸੁਣ ਲਵੋ, ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਹੈ ਅਤੇ ਰਹੇਗਾ, ਅਸੀਂ ਇਸ ਨੂੰ ਲੈ ਕੇ ਰਹਾਂਗੇ। ਉਨ੍ਹਾਂ ਕਿਹਾ ਕਿ ਇਹ ਮੋਦੀ ਦੀ ਸਰਕਾਰ ਹੀ ਹੈ ਕਿ ਆਰਥਿਕ ਤੰਤਰ ‘ਚ ਦੇਸ਼ ਨੂੰ 11ਵੇਂ ਸਥਾਨ ਤੋਂ ਲਿਆ ਕੇ 5ਵੇਂ ਸਥਾਨ ‘ਤੇ ਕੀਤਾ ਹੈ। ਜੇਕਰ ਤੁਸੀਂ ਤੀਜੀ ਵਾਰ ਸਰਕਾਰ ਲਿਆਓਗੇ ਤਾਂ ਦੇਸ਼ ਦੀ ਵੱਡੀ ਆਰਥਿਕ ਸ਼ਕਤੀ ਦੇ ਰੂਪ ‘ਚ ਦੇਖੋਗੇ।