
ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕੇਸ ਭਾਰਤ ਵਿਚ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਸ ਦਰਮਿਆਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਲੋਕ ਸਭਾ ਵਿਚ ਬਿਆਨ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਦਰ ਘੱਟ ਹੈ। ਕੋਰੋਨਾ ਦੇ ਨਵੇਂ ਕੇਸਾਂ ਅਤੇ ਮੌਤਾਂ ‘ਤੇ ਰੋਕ ਲਾਉਣ ‘ਚ ਸਫਲਤਾ ਮਿਲੀ ਹੈ।
ਹਰਸ਼ਵਰਧਨ ਨੇ ਕਿਹਾ ਕਿ ਜ਼ਿਆਦਾਤਰ ਕੇਸ ਅਤੇ ਮੌਤਾਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਬਿਹਾਰ, ਤੇਲੰਗਾਨਾ, ਓਡੀਸ਼ਾ, ਅਸਾਮ, ਕੇਰਲ ਅਤੇ ਗੁਜਰਾਤ ਵਿਚ ਹੋਈਆਂ ਹਨ। ਇਥੇ 1 ਲੱਖ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 77,512 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਦੇਸ਼ ਵਿਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 37,80,107 ਤੱਕ ਹੋ ਗਈ ਹੈ। ਕੋਰੋਨਾ ਨਾਲ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 78 ਫੀਸਦੀ ਹੋ ਗਿਆ ਹੈ।
ਡਾ. ਹਰਸ਼ਵਰਧਨ ਨੇ ਲੋਕ ਸਭਾ ਵਿਚ ਕਿਹਾ ਕਿ ਭਾਰਤ ‘ਚ ਪ੍ਰਤੀ 10 ਲੱਖ ਲੋਕ 3,328 ਲੋਕ ਕੋਰੋਨਾ ਤੋਂ ਪੀੜਤ ਹੋ ਰਹੇ ਹਨ, ਜਦਕਿ ਪ੍ਰਤੀ 10 ਲੱਖ ਮੌਤਾਂ ਦਾ ਅੰਕੜਾ 55 ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਤੋਂ ਪ੍ਰਭਾਵਿਤ ਦੁਨੀਆ ਦੇ ਦੇਸ਼ਾਂ ਵਿਚ ਇਹ ਸਭ ਤੋਂ ਘੱਟ ਹੈ। ਦੱਸਣਯੋਗ ਹੈ ਕਿ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 48,46,428 ਲੱਖ ਹੋ ਚੁੱਕਾ ਹੈ। ਇਸ ਜਾਨਲੇਵਾ ਬੀਮਾਰੀ ਨਾਲ ਦੇਸ਼ ‘ਚ ਹੁਣ ਤੱਕ 79,722 ਲੋਕਾਂ ਦੀ ਜਾਨ ਜਾ ਚੁੱਕੀ ਹੈ। 9,86,598 ਲੱਖ ਸਰਗਰਮ ਕੇਸ ਹਨ।
News Credit :jagbani(punjabkesar)