ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਬਰਖਾਸਤ ਕੀਤੀ ਜਾਵੇ : ਗੁਲਾਮ ਨਬੀ ਆਜ਼ਾਦ
ਰਾਹੁਲ ਗਾਂਧੀ ਨੇ ਕਿਹਾ, ਪੰਜਾਬ ਵਿਚ ਅਮਨ ਕਾਨੂੰਨ ਨਾਂ ਦੀ ਕੋਈ ਵਿਵਸਥਾ ਨਹੀਂ
ਨਵੀਂ ਦਿੱਲੀ : ਸੰਸਦ ਵਿਚ ਅੱਜ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਖੂਬ ਰਗਾਏ ਲਗਾਏ ਗਏ। ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਰਾਜ ਸਭਾ ਵਿਚ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਹੈ। ਵਿਗੜੀ ਅਮਨ-ਕਾਨੂੰਨ ਵਿਵਸਥਾ ਦੇ ਦੋਸ਼ ਲਾਉਂਦਿਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਅਬੋਹਰ ਵਿੱਚ ਸੁਖਬੀਰ ਬਾਦਲ ਦੇ ਖਾਸ ਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ‘ਤੇ ਬੀਤੇ ਦਿਨੀਂ ਦੋ ਨੌਜਵਾਨਾਂ ਦੇ ਹੱਥ-ਪੈਰ ਕੱਟ ਦਿੱਤੇ। ਇਨ੍ਹਾਂ ਨੌਜਵਾਨਾਂ ‘ਤੇ 3 ਦਸੰਬਰ ਨੂੰ ਬਲਾਤਕਾਰ ਦਾ ਕੇਸ ਦਰਜ ਹੋਇਆ ਸੀ। ਘਟਨਾ ਤੋਂ ਬਾਅਦ ਜਦੋਂ ਨੌਜਵਾਨਾਂ ਨੂੰ ਅੰਮ੍ਰਿਤਸਰ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਤਾਂ ਇੱਕ ਨੌਜਵਾਨ ਭੀਮ ਟਾਂਕ ਦੀ ਮੌਤ ਹੋ ਗਈ ਤੇ ਦੂਜਾ ਗੁਰਜੰਟ ਸਿੰਘ ਜੰਟਾ ਅਜੇ ਵੀ ਗੰਭੀਰ ਹਾਲਤ ਵਿਚ ਹੈ।
ਇਸੇ ਦੌਰਾਨ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਨਾਂ ਦੀ ਕੋਈ ਵਿਵਸਥਾ ਨਹੀਂ। ਅਕਾਲੀ ਦਲ-ਭਾਜਪਾ ਸਰਕਾਰ ਨੂੰ ਆਪਣੇ ਕੰਮ ਕਰਨ ਦਾ ਤਰੀਕਾ ਬਦਲਣਾ ਪਵੇਗਾ।