ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੀਟ-ਪੀਜੀ 2024 ਕਾਊਂਸਲਿੰਗ ਦੇ ਅਖਿਲ ਭਾਰਤੀ ਕੋਟਾ (ਏਆਈਕਿਯੂ) ਦੇ ਤੀਜੇ ਪੜਾਅ ਨੂੰ ਰੱਦ ਕਰਨ ਅਤੇ ਇਸ ਨੂੰ ਨਵੇਂ ਸਿਰੇ ਤੋਂ ਆਯੋਜਿਤ ਕਰਨ ਦਾ ਨਿਦੇਸ਼ ਦੇਣ ਦੀ ਅਪੀਲ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਜੱਜ ਬੀ.ਆਰ. ਗਵਈ ਅਤੇ ਜੱਜ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਇਹ ਆਦੇਸ਼ ਉਦੋਂ ਸੁਣਾਇਆ, ਜਦੋਂ ਰਾਸ਼ਟਰੀ ਆਯੂਰਵਿਗਿਆਨ ਕਮਿਸ਼ਨ (ਐੱਨ.ਐੱਮ.ਸੀ.) ਵਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਿਸੇ ਵੀ ਨਿਰਦੇਸ਼ ਦਾ ਸਾਰੇ ਰਾਜਾਂ ‘ਤੇ ਵਿਆਪਕ ਪ੍ਰਭਾਵ ਪਵੇਗਾ।
ਵਕੀਲ ਨੇ ਕਿਹਾ,”ਜੇਕਰ ਹੁਣ ਕੁਝ ਵੀ ਕਰਨਾ ਪੈਂਦਾ ਹੈ ਤਾਂ ਇਸ ਦਾ ਸਾਰੇ ਰਾਜਾਂ ‘ਤੇ ਵਿਆਪਕ ਪ੍ਰਭਾਵ ਪਵੇਗਾ, ਕਿਉਂਕਿ ਵਿਦਿਆਰਥੀ ਪਹਿਲਾਂ ਹੀ ਕਾਊਂਸਲਿੰਗ ‘ਚ ਹਿੱਸਾ ਲੈ ਚੁੱਕੇ ਹਨ।” ਅਰਜ਼ੀ ਖਾਰਜ ਕਰਦੇ ਹੋਏ ਬੈਂਚ ਨੇ ਕਿਹਾ ਕਿ ਜੇਕਰ ਉਹ ਤਿੰਨ ਪਟੀਸ਼ਨਕਰਤਾਵਾਂ ਦੀ ਪਟੀਸ਼ਨ ‘ਤੇ ਵਿਚਾਰ ਕਰੇਗੀ ਤਾਂ ”ਸਾਡੇ ਇੱਥੇ 30 ਹੋਰ ਪਟੀਸ਼ਕਰਤਾ ਆ ਜਾਣਗੇ।” 4 ਫਰਵਰੀ ਨੂੰ ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਕੇਂਦਰ, ਐੱਨਐੱਮਸੀ ਅਤੇ ਹੋਰ ਤੋਂ ਜਵਾਬ ਮੰਗਿਆ ਸੀ।