ਸੁਧਾਰ ਲਹਿਰ ਨੇ ਸਵਾਲਾਂ ‘ਚ ਘੇਰੇ SGPC ਪ੍ਰਧਾਨ, ਸੁਖਬੀਰ ਬਾਦਲ ਨੂੰ ਬਚਾਉਣ ਦੀ ਹੋ ਰਹੀ ਕੋਸ਼ਿਸ਼ !

ਅੰਮ੍ਰਿਤਸਰ- ਬਾਗੀ ਧੜੇ ਵੱਲੋਂ ਅਕਾਲੀ ਦਲ ‘ਤੇ ਵੱਡੇ ਇਲਜ਼ਾਮ ਲਾਏ ਗਏ। ਦੱਸ ਦੇਈਏ ਕਿ ਬਾਗੀ ਧੜੇ ਦਾ ਕਹਿਣਾ ਹੈ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਗੁਪਤ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਇਨ੍ਹਾਂ ਦੀ ਮੁਲਾਕਾਤਾਂ ‘ਚ ਪ੍ਰਧਾਨ ਧਾਮੀ ਵਿਚੋਲਗੀ ਕਰ ਰਹੇ ਹਨ।
ਇਸ ਦੌਰਾਨ ਸੁਧਾਰ ਲਹਿਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ‘ਤੇ ਵੀ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਬਲਵਿੰਦਰ ਸਿੰਘ ਭੂੰਦੜ ਨੇ ਮੁੜ ਫਤਿਹਗੜ੍ਹ ਸਾਹਿਬ ਮੀਟਿੰਗ ਕੀਤੀ, ਜਿਸ ਦੌਰਾਨ ਜਥੇਦਾਰ ਸਾਹਿਬ ਨੂੰ ਪਟਿਆਲਾ ਤੋਂ ਫਤਿਹਗੜ੍ਹ ਸਾਹਿਬ ਲਿਆਂਦਾ ਗਿਆ। ਉਨ੍ਹਾਂ ਕਿਹਾ ਇਹ ਵੀ ਘਟਨਾਕ੍ਰਮ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਰਗਾ ਹੈ ਕਿਉਂਕਿ ਇਹ ਮੀਟਿੰਗ ਦਾ ਸੰਦਰਭ ਸੁਖਬੀਰ ਸਿੰਘ ਬਾਦਲ ਨਾਲ ਜੋੜਿਆ ਗਿਆ ਹੈ। ਸੁਧਾਰ ਲਹਿਰ ਦਾ ਕਹਿਣਾ ਹੈ ਕਿ ਇਹ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਨੂੰ ਮੁਆਫ਼ੀ ਮਿਲ ਜਾਵੇ ਅਤੇ ਸਜ਼ਾ ਨਾ ਦਿੱਤੀ ਜਾਵੇ, ਜਿਸ ‘ਚ ਪ੍ਰਧਾਨ ਧਾਮੀ ਵੱਲੋਂ ਵਿਚੋਲਗੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਪਰਮਿੰਦਰ ਸਿੰਘ ਢਿੰਡਸਾ ਦਾ ਕਹਿਣਾ ਹੈ ਕਿ ਅਜਿਹਾ ਹੀ ਕੰਮ ਰਾਮ ਰਹੀਮ ਦੇ ਸਮੇਂ ਸੁਖਬੀਰ ਬਾਦਲ ਤੇ ਡਾ. ਦਲਬੀਰ ਸਿੰਘ ਚੀਮਾ ਨੇ ਕੀਤਾ ਹੈ। ਜਿਸ ਦੌਰਾਨ ਉਨ੍ਹਾਂ ਵੱਲੋਂ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਧਾਮੀ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਨੂੰ ਮੁਆਫ਼ੀ ਦਿੱਤੀ ਜਾਵੇ, ਕਿਉਂਕਿ ਅਜੇ ਫੈਸਲਾ ਰਾਖਵਾਂ ਰੱਖਿਆ ਗਿਆ ਹੈ।
ਇੱਥੇ ਦੱਸ ਦੇਈਏ ਕਿ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਅਤੇ ਸਜ਼ਾ ਉਨ੍ਹਾਂ ਨੂੰ ਮਿਲਣੀ ਬਾਕੀ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਸੁਖਬੀਰ ਬਾਦਲ ਨੂੰ ਸਿਆਸੀ ਜਾਂ ਧਾਰਮਿਕ ਸਜ਼ਾ ‘ਚੋਂ ਕਿਹੜੀ ਸਜ਼ਾ ਮਿਲਦੀ ਹੈ।