ਸਿੱਖੀ ਜੀਵਨ-ਜਾਚ ਦੇ ਮਾਪਦੰਡ ਰਹਿਤਨਾਮੇ

walia bigਸਿੱਖ ਕੌਮ ਵਿੱਚ ਤਨਖਾਹੀਆ ਸ਼ਬਦ ਬਹੁਤ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਹ ਤਨਖਾਹੀਆ ਜਾਂ ਤਨਖਾਹ ਲਾਉਣਾ ਕੀ ਹੈ। ਮੈਂ ਇਹ ਸਵਾਲ ਇਕ ਦਿਨ ਆਪਣੇ ਵਿਦਿਆਰਥੀਆਂ ਨੂੰ ਪੁੱਛਿਆ। ਮੈਨੂੰ ਹੈਰਾਨੀ ਹੋਈ ਕਿ ਕਿਸੇ ਵਿਦਿਆਰਥੀ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਸਿੱਖੀ ਪਿਛੋਕੜ ਵਾਲੇ ਵਿਦਿਆਰਥੀ ਵੀ ਇਸ ਪੱਖੋਂ ਅਣਜਾਣ ਸਨ। ਮੇਰਾ ਸਵਾਲ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਕਿਸ ਨੂੰ ਲਾਈ ਜਾਂਦੀ ਹੈ। ਇਕ ਪੱਤਰਕਾਰ ਦੇ ਤੌਰ ‘ਤੇ ਇਨ੍ਹਾਂ ਸਾਰੀਆਂ ਗੱਲਾਂ ਦਾ ਲਾਜ਼ਮੀ ਪਤਾ ਹੋਣਾ ਚਾਹੀਦਾ ਹੈ।
”ਜਦੋਂ ਕਿਸੇ ਸਿੱਖ ਤੋਂ ਕਿਸੇ ਰਹਿਤ ਮਰਿਆਦਾ ਦੀ ਉਲੰਘਣਾ ਹੋ ਜਾਵੇ, ਤਾਂ ਉਹ ਸਿੱਖ ‘ਤਨਖਾਹੀਾ’ ਅਥਵਾ ਧਾਰਮਿਕ ਅਪਰਾਧੀ ਮੰਨਿਆ ਜਾਂਦਾ ਹੈ। ਤੇ ਉਸ ਨੂੰ ਰਹਿਤਨਾਮੇ ਅਨੁਸਾਰ ਧਰਮ-ਦੰਡ ਦਿੱਤਾ ਜਾਂਦਾ ਹੈ,ਜਿਸ ਨੂੰ ‘ਤਨਖਾਹ’ ਕਿਹਾ ਜਾਂਦਾ ਹੈ। ਰਹਿਤਨਾਮਿਆਂ ਵਿੱਚ ਰਹਿਤ ਮਰਿਆਦਾ ਵੇਰਵੇ ਨਾਲ ਦਿੱਤੀ ਮਿਲਦੀ ਹੈ ਅਤੇ ਨਾਲ ਹੀ ਰਹਿਤ ਭੰਗ ਕਰਨ ਤੇ ਦਿੱਤੇ ਦੰਡ ਦਾ ਵੇਰਵਾ ਵੀ। ਵਣਜਾਰਾ ਬੇਦੀ ਅਨੁਸਾਰ ਅੰਮ੍ਰਿਤਧਾਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਂ ਸਾਧ ਸੰਗਤ ਦੇ ਜੋੜਿਆਂ ਵਿੱਚ ਖੜ੍ਹਾ ਹੋ ਕੇ, ਆਪਣੀ ਕਿਸੇ ਰਹਿਤ-ਬਹਿਤ ਵਿੱਚ ਹੋਈ ਉਕਾਈ ਉਤੇ ਪਛਤਾਵਾ ਪ੍ਰਗਟ ਕਰਦਾ ਹੈ ਤੇ ਸਾਧ ਸੰਗਤ ਅਥਵਾ ਪੰਜ ਪਿਆਰੇ ਉਸਨੂੰ ਕੋਈ ਧਾਰਮਿਕ ਦੰਡ ਦਿੰਦੇ ਹਨ। ਜਿਵੇਂ ਸਾਧ ਸੰਗਤ ਦੇ ਜੋੜੇ ਝਾੜਨੇ, ਲੰਗਰ ਵਿੱਚ ਸੇਵਾ ਕਰਨੀ, ਲੰਗਰ ਵਿੱਚ ਖਰਚਾ ਪਾਉਣਾ ਜਾਂ ਨਕਦ ਦਾਨ ਦੇਣਾ। ਜਿਸ ਸਿੱਖ ਨੂੰ ‘ਤਨਖਾਹ’ ਸਜ਼ਾ ਵਜੋਂ ਦਿੱਤੀ ਜਾਂਦੀ ਹੈ, ਉਸ ਨੂੰ ਤਨਖਾਹੀਆ ਕਿਹਾ ਜਾਂਦਾ ਹੈ।
”ਰਹਿਤਨਾਮਾ ਕੀ ਹੁੰਦਾ ਹੈ?” ਵਿਦਿਆਰਥੀ ਸਵਾਲ ਕਰਦੇ ਹਨ।
”ਉਹ ਗ੍ਰੰਥ ਜਿਸ ਵਿੱਚ ਸਿੱਖ ਧਰਮ ਦੀ ਰਹਿਤਲ ਦੇ ਨੇਮ ਦੱਸੇ ਗਏ ਹੋਣ। ਰਹਿਤਨਾਮਿਆਂ ਵਿੱਚ ਉਹਨਾਂ ਕਿਰਿਆਵਾਂ ਦਾ ਵਰਣਨ ਮਿਲਦਾ ਹੈ, ਜਿਹੜੀਆਂ ਸਿੱਖਾਂ ਲਈ ਵਰਜਿਤ ਹਨ।” ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਅਨੁਸਾਰ ਪੰਜਾਬੀ ਵਿੱਚ ਕਈ ਰਹਿਤਨਾਮੇ ਮਿਲਦੇ ਹਨ, ਜਿਹਨਾਂ ਵਿੱਚ ਕੁਝ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਸਿੱਖਾਂ ਦੀ ਕਿਰਤ ਹਨ। ਸਭ ਤੋਂ ਪੁਰਾਣਾ ਰਹਿਤਨਾਮਾ ‘ਤਨਖਾਹਨਾਮਾ’ ਹੈ ਜੋ ਭਾਈ ਨੰਦ ਲਾਲ ਦਾ ਰਚਿਆ ਮੰਨਿਆ ਗਿਆ ਹੈ। ਭਾਈ ਚੋਪਾ ਸਿੰਘ ਦਾ ਰਹਿਤਨਾਮਾ ਵੀ ਪੁਰਾਣੇ ਰਹਿਤਨਾਮਿਆਂ ਵਿੱਚੋਂ ਇਕ ਗਿਣਿਆ ਜਾਂਦਾ ਹੈ। ਭਾਈ ਚੋਪਾ ਸਿੰਘ ਗੁਰੂ ਗੋਬਿੰਦ ਸਿੰਘ ਦੇ ਖਿਵਾਡੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਕਾਫ਼ੀ ਨੇੜੇ ਸਨ ਅਤੇ ਹਜ਼ੂਰੀ ਸਿੰਘਾਂ ਵਿੱਚ ਉਹਨਾਂ ਦਾ ਕਾਫ਼ੀ ਸਤਿਕਾਰ ਸੀ। ਕੁਝ ਵਿਦਵਾਨਾਂ ਦਾ ਵਿੱਚਾਰ ਹੈ ਕਿ ਰਹਿਤਨਾਮੇ ਗੁਰੂ ਜੀ ਨੇ ਆਪਣੇ ਹਜ਼ੂਰੀ ਸਿੱਖਾਂ ਤੋਂ ਖੁਦ ਲਿਖਵਾਏ। ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀਨਾਮਾ’ ਵਿੱਚ ਗੁਰੂ ਜੀ ਵੱਲੋਂ ਭਾਈ ਚੋਪਾ ਸਿੰਘ ਤੋਂ ਰਹਿਤਨਾਮਾ ਲਿਖਵਾਉਣ ਦਾ ਸੰਕੇਤ ਮਿਲਦਾ ਹੈ:
ਤਿਸ ਰਹਿਤਨਾਮਾ ਲਿਖਿਆ, ਦਿਨ ਤ੍ਰੈ ਚਾਰ ਲਾਈ
ਜੋ ਸਿੱਖੀ ਦੀ ਰੀਤ ਆਹੀ ਸਭ ਲਿੱਖੀ
ਜਿਸਦੇ ਪੜ੍ਹਿਆ ਪ੍ਰਾਪਤ ਹੋਵੇ ਸਿੱਖੀ।
ਮਹਾਨ ਕੋਸ਼ ਅਨੁਸਾਰ ‘ਰਹਿਤਨਾਮਿਆਂ’ ਦੇ ਉਹੀ ਵਾਕ ਮੰਨਣਯੋਗ ਹਨ, ਜੋ ਗੁਰਬਾਣੀ ਅਤੇ ਭਾਈ ਗੁਰਦਾਸ ਦੀ ਬਾਣੀ ਨਾਲ ਵਿਰੋਧ ਨਾ ਰੱਖਦੇ ਹੋਣ।ਭਾਈ ਕਾਹਨ ਸਿੰਘ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਜੀਵਨ ਵਿਧੀ ਤੇ ਰਹਿਣੀ ਬਹਿਣੀ ਬਾਰੇ ਮਿਲਦੀਆਂ ਉਕਤੀਆਂ ਨੂੰ ਵੀ, ਰਹਿਤਨਾਮਿਆਂ ਦੇ ਅੰਤਰਗਤ ਮੰਨਦੇ ਹਨ ਤੇ ਉਹਨਾਂ ਅਨੁਸਾਰ ਨੰਦ ਲਾਲ ਦੀ ਰਚਨਾ, ਸਰਬ ਲੋਹ ਪ੍ਰਕਾਸ਼, ਪ੍ਰੇਮ ਸੁਮਾਰਗ, ਗੁਰ ਸੋਭਾ, ਰਤਨਮਾਲ ਵਾਜਬੁਲ ਅਰਜ਼, ਮਹਿਮਾ ਪ੍ਰਕਾਸ਼, ਗੁਰ ਬਿਲਾਸ, ਗੁਰ ਪ੍ਰਤਾਪ ਸੂਰਯ, ਰਹਿਤਨਾਮੇ ਹੀ ਹਨ।
ਪੰਡਤ ਭਗਵਾਨ ਸਿੰਘ ਨੇ ‘ਬਿਬੇਕ ਵਾਰਧਿ’ ਗ੍ਰੰਥ ਵਿੱਚ 37 ਰਹਿਤਨਾਮੇ ਦਰਜ ਕੀਤੇ ਹਨ। ਇਹ ਪੁਸਤਕ 1876 ਈ. ਵਿੱਚ ਲਿਖੀ ਗਈ। ਭਾਈ ਕਾਹਨ ਸਿੰਘ ਇਸ ਗ੍ਰੰਥ ਨੂੰ ਮਹੱਤਤਾ ਨਹੀਂ ਦਿੰਦੇ। ਕਿਉਂ ਜੋ ਲੇਖਕ ਨੇ ਆਪਣੀ ਮਨਮਤ ਮਿਲਾ ਕੇ ਗੁਰਮਤਿ ਦੇ ਲੋਪ ਕਰਨ ਦਾ ਯਤਨ ਕੀਤਾ ਹੈ। ਪੰਡਤ ਭਗਵਾਨ ਸਿੰਘ ਨੇ ਇਕ ਰਹਿਤਨਾਮਾ ਖੁਦ ਵੀ ਰਚਿਆ ਜਿਸਦਾ ਨਾਂ ‘ਰਹਿਤ ਦਰਪਣ’ ਹੈ।
ਭਾਈ ਚੋਪਾ ਸਿੰਘ, ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਵੱਧ ਪ੍ਰਮਾਣਿਕ ਮੰਨਿਆ ਜਾਂਦਾ ਹੈ। ਹੇਠਾਂ ਇਸ ਵਿੱਚੋਂ ਕੁਝ ਸੱਤਰਾਂ ਅਥਵਾ ਰਹਿਤਾਂ ਦਿੱਤੀਆਂ ਜਾਂਦੀਆਂ ਹਨ:
(1) ਗੁਰੂ ਕਾ ਸਿਖ ਸ਼ਰਾਬ ਕਬੀ ਨਾ ਪੀਵੇ,
ਸਾਖ, ‘ਜਿਤ ਪੀਤੇ ਮਤਿ ਦੂਰ ਹੋਇ ਬਰਲੁ ਪਵੈ ਵਿੱਚ ਆਦਿ
(2) ਗੁਰੂ ਕਾ ਸਿੱਖ ਕੰਨਯਾ ਨਾ ਮਾਰੇ,
ਕੁੜੀਮਾਰ ਨਾਲ ਨਾ ਵਰਤੇ।
(3) ਕੰਨਯਾ ਕਾ ਪੈਸਾ ਨਾ ਖਾਇ।
(4) ਨਾਤਾ ਗੁਰੂ ਕੇ ਸਿੱਖ ਨਾਲ ਕਰੇ।
(5) ਗੁਰੂ ਕਾ ਸਿੱਖ ਜੰਝੂ ਟਿੱਕੇ ਦੀ ਕਾਣ ਨਾ ਕਰੇ।
(6) ਗੁਰੂ ਕਾ ਸਿੱਖ ਗਰੀਬ ਦੀ ਰਸਨਾ ਕੋ ਗੁਰੂ ਕੀ ਗੋਲਕ ਜਾਣੇ।
(7) ਗੁਰੂ ਕਾ ਸਿੱਖ ਭੱਦਣ ਨਾ ਕਰਾਵੇ।
ਇਹ ਬਹੁਤੇ ਵਰਜਨ ਹਨ। ਰਹਿਤਨਾਮਿਆਂ ਵਿੱਚ। ਕੁਝ ਗੱਲਾਂ ਜੋ ਸਿੱਖੀ ਜੀਵਨ ਵਿਧੀ ਲਈ ਜ਼ਰੂਰੀ ਹਨ, ਦਾ ਵੀ ਜ਼ਿਕਰ ਹੈ ਜਿਵੇਂ:
ਪ੍ਰਾਣੀ ਕਾ ਸਰੀਰ ਅੰਤ ਹੋਵੇ ਤਾਂ ਕੀਰਤਨ ਕਰਾਵੇ, ਯਥਾ ਸ਼ਕਤਿ ਸ ਾਧ ਪ੍ਰਯਾਦ ਲੇ ਜਾਇ।
ਧਰਮ ਕਿਰਤੇ ਦੇ ਨਫ਼ੇ ਵਿੱਚੋਂ ਗੁਰੂਅਰਥ ਦਸਵੰਧ ਦੇਵੇ।
ਰਸੋਈਆ ਸਿੱਖ ਰੱਖੇ।
ਗੁਰੂ ਕੀ ਫ਼ਤੇ ਮਿਲਣ ਵਖਤ ਬੁਲਾਵੇ
ਸਿੱਖ ਕੇ ਸੰਕਟ ਕੋ ਜਯੋਂ ਤਯੋਂ ਕਰਕੇ ਦੂਰ ਕਰੇ।
ਗੁਰੂ ਗ੍ਰੰਥ ਸਾਹਿਬ ਦਾ ਭੋਗ ਸ਼ਲੋਕਾਂ ਪਰ ਪਾਵੇ
ਪਿੰਡ ਵਿੱਚ ਇਕ ਅਸਥਾਨ ਸਾਧ ਸੰਗਤ ਕਾ ਬਣਾਵਣਾ, ਜਹਾਂ ਸਾਧ ਸੰਗਤ ਇਕੱਤਰ ਹੋਵੇ ਅਤ ਆਰਗ ਗਯਾ ਬਿਸ਼੍ਰਾਮ ਕਰੇ।ਅਗਿਯਾ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ
ਤਨਖਾਹੀਆਂ ਬਾਰੇ ਵੀ ਰਹਿਤਨਾਮਿਆਂ ਵਿੱਚ ਵਰਣਨ ਹੈ।
ਸਿੱਖ ਕਲਫ਼ ਨਾ ਲਗਾਵੇ, ਜੋ ਲਗਾਵੇ ਸੋ ਤਨਖਾਹੀਆ।
ਜੋ ਸਿੱਖ ਚਿੱਟੇ ਕੇਸ ਚੁਗੇ, ਸੋ ਤਨਖਾਹੀਆ।
ਸਿੱਖ ਕੋ ਦੇਖ ਕੇ ਪਹਿਲੇ ਫ਼ਤੇ ਬੁਲਾਵੇ, ਜੋ ਫ਼ਤੇ ਨਾ ਮੰਨੇ ਸੋ ਤਨਖਾਹੀਆ।
ਅਨਅੰਮ੍ਰਿਤੀੲੈ ਸੇ ਜੋ ਬਰਤੈ ਸੋ ਤਨਖਾਹੀਆ।
ਬਚਨ ਕਰਕੇ ਜੋ ਮੁਕਰੇ, ਸੋ ਤਨਖਾਹੀਆ।
ਦਗਾ ਕਰੇ ਜੋ ਤਨਖਾਹੀਆ।
ਇਉਂ ਰਹਿਤਨਾਮੇ ਸਿੱਖਾਂ ਨੂੰ ਨੈਤਿਕ ਜ਼ਿੰਦਗੀ ਜਿਊਣ ਲਈ ਮਾਰਗ ਦਰਸ਼ਨ ਦਿੰਦੇ ਹਨ। ਇਹ ਰਹਿਤਨਾਮੇ ਹੀ ਹਨ ਜੋ ਸਿੱਖ ਨੂੰ ਰਹਿਤ ਮਰਿਯਾਦਾ ਅਨੁਸਾਰ ਜੀਵਨ ਬਿਤਾਉਣ ਦਾ ਰਾਹ ਦੱਸਦੇ ਹਨ। ਸਿੱਖੀ ਰਹਿਤ ਮਰਿਆਦਾ ਅਨੁਸਾਰ ਜ਼ਿੰਦਗੀ ਜਿਊਣਾ ਬਹੁਤ ਮੁਸ਼ਕਿਲ ਕੰਮ ਹੈ ਪਰ ਇਹ ਰਹਿਤਨਾਮੇ ਇਹਨਾਂ ਰਹਿਤਨਾਮਿਆਂ ਵਿੱਚ ਦੱਸੀ ਰਹਿਤ ਮਰਿਆਦਾ ਅਨੁਸਾਰ ਜ਼ਿੰਦਗੀ ਜਿਊਣ ਲਈ ਪ੍ਰੇਰਦੇ ਹਨ। ਇਹ ਵੀ ਸਪਸ਼ਟ ਹੈ ਕਿ ਅੱਜ ਕੌਮ ਇਹ ਰਹਿਤਨਾਮਿਆਂ ਵਿੱਚ ਦੱਸੀਆਂ ਮਰਿਆਦਾਵਾਂ ਅਨੁਸਾਰ ਜ਼ਿੰਦਗੀ ਜਿਊਣ ਤੋਂ ਕੰਨੀ ਕਤਰਾ ਰਹੀ ਹੈ। ਜੇ ਅਸੀਂ ਕੁੜੀਆਂ ਨਾਲ ਨਾ ਵਰਤਣ ਦੀ ਗੱਲ ਮੰਨਦੇ ਤਾਂ ਅੱਜ ਪੰਜਾਬ ਵਿੱਚ ਮਾਦਾ ਭਰੂਣ ਹੱਤਿਆ ਬੰਦ ਹੋਣੀ ਸੀ। ਕੀ ਅੱਜ ਸਿੱਖ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਰਿਹਾ ਹੈ? ਕੀ ਸਿੱਖ ਗਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਮੰਨ ਰਿਹਾ ਹੈ।ਕੀ ਅੱਜ ਸਾਡੀ ਜ਼ਿੰਦਗੀ ਵਿੱਚੋਂ ਦਗਾ, ਫ਼ਰੇਬ ਅਤੇ ਧੋਖਾ ਖਤਮ ਹੋ ਗਿਆ ਹੈ। ਇਹ ਰਹਿਤਨਾਮੇ ਸਾਨੂੰ ਆਪਣੀ ਸਵੈ-ਪੜਚੋਲ ਲਈ ਗੁਰੂ ਸਾਹਿਬਾਨ ਵੱਲੋਂ ਦਿੱਤੇ ਮਾਪਦੰਡ ਹਨ। ਇਹਨਾਂ ਮਾਪਦੰਡਾਂ ‘ਤੇ ਪੂਰਾ ਉਤਰਨ ਵਾਲਾ ਹੀ ਪੂਰਨ ਗੁਰਸਿੱਖ ਦੀ ਪਦਵੀ ਗ੍ਰਹਿਣ ਕਰ ਸਕਦਾ ਹੈ। ਸੋ ਸਿੱਖ ਕੌਮ ਨੂੰ ਨੈਤਿਕ ਭਰਪੂਰ ਜ਼ਿੰਦਗੀ ਜਿਊਣ ਲਈ ਇਹਨਾਂ ਰਹਿਤਨਾਮਿਆਂ ਵਿੱਚਲੀ ਰਹਿਤ ਮਰਿਆਦਾਵਾਂ ਨੂੰ ਮੰਨਣਾ ਜ਼ਰੂਰੀ ਹੈ।

LEAVE A REPLY