ਸਿੰਘ ਸਾਹਿਬ ਦੇ ਫ਼ੈਸਲੇ ਤੋਂ ਪਹਿਲਾਂ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਅੱਜ ਸਾਨੂੰ ਮਿਲੇਗਾ ਸਕੂਨ

ਅੰਮ੍ਰਿਤਸਰ : ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਣ ਜਾ ਰਹੀ ਇਕੱਤਰਤਾ ਤੋਂ ਪਹਿਲਾਂ ਐੱਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਦੇ ਫ਼ੈਸਲੇ ਨਾਲ ਸਾਨੂੰ ਸਕੂਨ ਮਿਲੇਗਾ ਅਤੇ ਰਾਹਤ ਮਿਲੇਗੀ। ਕੌਮ ‘ਤੇ ਜਿਹੜੀ ਦੁਵਿਧਾ ਪਈ ਸੀ ਉਸ ਦੁਵਿਧਾ ਨੂੰ ਖ਼ਤਮ ਕਰਨ ਲਈ ਸਿੰਘ ਸਾਹਿਬਾਨ ਬਹੁਤ ਸੁਚਿੱਜਤਾ ਨਾਲ ਆਪਣਾ ਫ਼ੈਸਲਾ ਸੁਨਾਉਣਗੇ। ਜੋ ਗੁਰੂ ਦੀ ਮਰਿਆਦਾ ਹੈ, ਜੋ ਪਰੰਪਰਾ ਹੈ, ਜੋ ਸਿਧਾਂਤ ਹਨ ਉਸ ਅਨੁਸਾਰ ਹੀ ਸਾਨੂੰ ਉਪਦੇਸ਼ ਦਿੱਤੇ ਜਾਣਗੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਬਖਸ਼ੰਦ ਹੈ, ਬਾਹਰ ਭਾਵੇਂ ਸਿੱਖ ਕਿਸੇ ਵੀ ਅਹੁਦੇ ‘ਤੇ ਹੋਵੇ ਪਰ ਜਦੋਂ ਉਹ ਗੁਰੂ ਦੇ ਕੋਲ ਆਉਂਦਾ ਹੈ ਤਾਂ ਉਹ ਸਿਰਫ ਇਕ ਨਿਮਾਣਾ ਸਿੱਖ ਬਣ ਕੇ ਆਉਂਦਾ ਹੈ। ਗੁਰੂ ਗ਼ਲਤੀ ਕਰਨ ‘ਤੇ ਝਿੜਕਦਾ ਵੀ ਹੈ ਅਤੇ ਗਲ ਵੀ ਲਗਾਉਂਦਾ ਹੈ। ਅੱਜ ਜੋ ਵੀ ਫ਼ੈਸਲਾ ਆਵੇਗੀ ਉਸ ਨੂੰ ਸਿਰ ਮੱਥੇ ਲਗਾਇਆ ਜਾਵੇਗਾ।