ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਲਗਭਗ ਦੋ ਦਹਾਕਿਆਂ ਦੇ ਲੰਬੇ ਕਰੀਅਰ ਦੌਰਾਨ ਉਨ੍ਹਾਂ ਨੇ 6164 ਦੌੜਾਂ ਬਣਾਈਆਂ ਅਤੇ ਉਨ੍ਹਾਂ ਦੀ ਕਪਤਾਨੀ ਵਿੱਚ ਪਾਕਿਸਤਾਨ ਨੇ 2017 ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਅੱਠ ਸਾਲਾਂ ਬਾਅਦ ICC ਖਿਤਾਬ ਆਪਣੇ ਨਾਮ ਕੀਤਾ ਸੀ।
ਕਰਾਚੀ ‘ਚ ਜਨਮੇ ਵਿਕਟਕੀਪਰ ਬੱਲੇਬਾਜ਼ ਸਰਫਰਾਜ਼ ਨੇ ਨਵੰਬਰ 2007 ਵਿੱਚ ਜੈਪੁਰ ਵਿੱਚ ਭਾਰਤ ਵਿਰੁੱਧ ਵਨਡੇ ਮੈਚ ਨਾਲ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਪਾਕਿਸਤਾਨ ਲਈ 54 ਟੈਸਟ, 117 ਵਨਡੇ ਅਤੇ 61 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਤਿੰਨਾਂ ਫਾਰਮੈਟਾਂ ਨੂੰ ਮਿਲਾ ਕੇ ਉਨ੍ਹਾਂ ਦੇ ਨਾਮ 6164 ਦੌੜਾਂ ਬਣਾਈਆਂ , ਜਿਸ ਵਿੱਚ 6 ਸੈਂਕੜੇ ਅਤੇ 35 ਅਰਧ ਸੈਂਕੜੇ ਸ਼ਾਮਲ ਹਨ।
ਸਰਫਰਾਜ਼ ਨੇ ਪਾਕਿਸਤਾਨ ਦੀ ਕਪਤਾਨੀ 100 ਅੰਤਰਰਾਸ਼ਟਰੀ ਮੈਚਾਂ ਵਿੱਚ ਕੀਤੀ। ਇਨ੍ਹਾਂ ਵਿੱਚ 50 ਵਨਡੇ, 37 ਟੀ-20 ਅਤੇ 13 ਟੈਸਟ ਸ਼ਾਮਲ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਪਾਕਿਸਤਾਨ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ ਨੰਬਰ-1 ਬਣਿਆ ਅਤੇ ਟੀਮ ਨੇ ਲਗਾਤਾਰ 11 ਟੀ-20 ਸੀਰੀਜ਼ ਜਿੱਤਣ ਦਾ ਵਿਸ਼ਵ ਰਿਕਾਰਡ ਵੀ ਬਣਾਇਆ।












