ਅਜੇ ਦੇਵਗਨ ਅਤੇ ਆਰ ਮਾਧਵਨ ਦੀ ਹਾਰਰ ਫ਼ਿਲਮ ਸ਼ੈਤਾਨ ਨੇ ਰਿਲੀਜ਼ ਹੁੰਦੇ ਸਾਰ ਹੀ ਧੂਮ ਮਚਾ ਦਿੱਤੀ ਹੈ। ਸ਼ੈਤਾਨ ਨੇ ਬੌਕਸ ਆਫ਼ਿਸ ਨੂੰ ਆਪਣੇ ਵੱਸ ‘ਚ ਕਰ ਲਿਆ ਹੈ। ਫ਼ਿਲਮ ਨੇ ਆਪਣੀ ਰਿਲੀਜ਼ ਦੇ ਪਹਿਲੇ ਪੰਜ ਦਿਨਾਂ ‘ਚ ਭਾਰਤੀ ਬੌਕਸ ਆਫ਼ਿਸ ‘ਤੇ 60 ਕਰੋੜ ਅਤੇ ਵਿਸ਼ਵ ਪੱਧਰ ‘ਤੇ 80 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਉਮੀਦ ਹੈ ਕਿ ਥੋੜ੍ਹਾ ਹੋਰ ਉੱਪਰ ਨੂੰ ਜਾਵੇਗਾ। ਪਹਿਲੇ ਤਿੰਨ ਦਿਨਾਂ ‘ਚ ਹੀ ਇਸ ਫ਼ਿਲਮ ਨੇ ਅਜੇ ਦੇਵਗਨ ਦੇ ਕਰੀਅਰ ਦੀਆਂ 10 ਤੋਂ ਵੱਧ ਫ਼ਿਲਮਾਂ ਦਾ ਰਿਕਾਰਡ ਤੋੜ ਦਿੱਤਾ ਸੀ, ਪਰ ਸੋਮਵਾਰ ਨੂੰ ਫ਼ਿਲਮ ਕੇਵਲ ਸੱਤ ਕਰੋੜ ਅਤੇ ਮੰਗਲਵਾਰ ਨੂੰ ਤਿੰਨ ਕਰੋੜ ਹੀ ਕਮਾ ਸਕੀ ਸੀ। ਆਉਣ ਵਾਲੇ ਦਿਨਾਂ ‘ਚ ਇਹ ਅੰਕੜਾ ਹੋਰ ਹੇਠਾਂ ਆਵੇਗਾ।
ਤਿੰਨ ਦਿਨਾਂ, 50 ਕਰੋੜ
ਬੌਲੀਵੁਡ ਦੀ ਇਸ ਹੌਰਰ ਫ਼ਿਲਮ ਨੇ ਪਹਿਲੇ ਦਿਨ 14.75 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ। ਦੂਜੇ ਦਿਨ 18.75 ਕਰੋੜ ਰੁਪਏ ਦੀ ਕਮਾਈ ਹੋਈ, ਅਤੇ ਤੀਜੇ ਦਿਨ 20.5 ਕਰੋੜ ਰੁਪਏ ਦਾ ਕੋਲੈਕਸ਼ਨ ਹੋਇਆ। ਇਸ ਤਰ੍ਹਾਂ ਫ਼ਿਲਮ ਨੇ ਪਹਿਲੇ ਤਿੰਨ ਦਿਨਾਂ ‘ਚ 50 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਸੀ। ਫ਼ਿਲਮ ਦਾ ਕੁੱਲ੍ਹ ਬਜਟ 60 ਕਰੋੜ ਰੁਪਏ ਹੈ। ਅਜਿਹੇ ‘ਚ ਪੰਜ ਦਿਨਾਂ ‘ਚ ਸ਼ੈਤਾਨ ਦੀ ਵਰਲਡਵਾਈਡ ਕੋਲੈਕਸ਼ਨ 80 ਕਰੋੜ ਤਕ ਪਹੁੰਚ ਗਈ ਹੈ।