ਮੰਡੀ ਡੱਬਵਾਲੀ : ਪੰਥਕ ਹਮਦਰਦੀ ਜਥੇਦਾਰ ਹਰਨੇਕ ਸਿੰਘ ਡੱਬਵਾਲੀ ਨੇ ਸ਼ਹੀਦ ਭਾਈ ਹਰਮੰਦਰ ਸਿੰਘ ਦੇ ਪਿਤਾ ਬਾਪੂ ਮਹਿੰਦਰ ਸਿੰਘ ਨਾਲ ਦੁੱਖ-ਸੁੱਖ ਸਾਂਝੇ ਕਰਦਿਆਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਫ਼ਤਹਿਗੜ੍ਹ ਸਾਹਿਬ ਵਿਖੇ 26, 27, 28 ਦਸੰਬਰ ਨੂੰ ਆਯੋਜਤ ਜੋੜ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ । ਉਨ੍ਹਾਂ ਨੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਨੌਜਵਾਨਾਂ ਨੂੰ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਰਹੇ । ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਜੂਝਦੇ ਹੋਏ ਮੰਡੀ ਡੱਬਵਾਲੀ ਵਿਖੇ 18 ਜੁਲਾਈ 2008 ਨੂੰ ਡੇਰਾ-ਸਿੱਖ ਵਿਵਾਦ ਦੌਰਾਨ ਭਾਈ ਹਰਮੰਦਰ ਸਿੰਘ ਜੀ ਸ਼ਹੀਦ ਹੋ ਗਏ ਸਨ । ਜਥੇਦਾਰ ਹਰਨੇਕ ਸਿੰਘ ਡੱਬਵਾਲੀ ਨੇ ਇਹ ਵੀ ਕਿਹਾ ਕਿ ਬਾਪੂ ਮਹਿੰਦਰ ਸਿੰਘ ਦੇ ਪਰਿਵਾਰ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ । ਇਸ ਪਰਿਵਾਰ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਸਿੱਖ ਕੌਮ ਇਸ ਪਰਿਵਾਰ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗੀ । ਸਿੱਖ ਕੌਮ ਇਸ ਪਰਿਵਾਰ ਦੇ ਨਾਲ ਖੜ੍ਹੀ ਹੈ । ਇਸ ਮੌਕੇ ਉਨ੍ਹਾਂ ਨੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ।