ਸਰਦੀਆਂ ‘ਚ ਪਾਣੀ ਨਾ ਪੀਣਾ ਸਿਹਤ ਲਈ ਵੱਡਾ ਖ਼ਤਰਾ

ਸਰਦੀਆਂ ਦਾ ਮੌਸਮ ਆਉਾਂਦੇ ਹੀ ਬਹੁਤ ਸਾਰੇ ਲੋਕਾਂ ਨੂੰ ਸਿਰਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਪਰੇਸ਼ਾਨ ਕਰਨ ਲੱਗਦੀ ਹੈ। ਠੰਡੀ ਸਵੇਰ, ਧੁੱਪ ਦੀ ਕਮੀ ਅਤੇ ਬਦਲਿਆ ਹੋਇਆ ਰੁਟੀਨ ਸ਼ਰੀਰ ‘ਤੇ ਸਿੱਧਾ ਅਸਰ ਪਾਉਂਦਾ ਹੈ। ਕਈ ਵਾਰ ਸਵੇਰੇ ਉਠਦੇ ਹੀ ਸਿਰ ਭਾਰੀ ਲੱਗਦਾ ਹੈ ਤਾਂ ਕਦੇ ਠੰਡੀ ਹਵਾ ਲੱਗਦੇ ਹੀ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ। ਖ਼ਾਸ ਕਰ ਕੇ ਮਾਈਗ੍ਰੇਨ ਦੇ ਮਰੀਜ਼ਾਂ ਲਈ ਸਰਦੀਆਂ ਕਿਸੇ ਚੁਣੌਤੀ ਤੋਂ ਘੱਟ ਨਹੀਂ। ਆਯੁਰੇਦ ਤੇ ਆਧੁਨਿਕ ਵਿਗਿਆਨ ਦੋਵੇਂ ਮੰਨਦੇ ਹਨ ਕਿ ਮੌਸਮ ਵਿੱਚ ਬਦਲਾਅ ਨਾਲ ਸ਼ਰੀਰ ਦਾ ਸੰਤੁਲਨ ਵਿਗੜਦਾ ਹੈ ਜਿਸ ਨਾਲ ਸਿਰ ਦਰਦ ਦੀ ਸਮੱਸਿਆ ਵੱਧ ਜਾਂਦਾ ਹੈ।
ਠੰਡੀ ਹਵਾ ਦਾ ਸਿਰ ‘ਤੇ ਸਿੱਧਾ ਅਸਰ: ਸਰਦੀਆਂ ‘ਚ ਜਦੋਂ ਠੰਡੀ ਹਵਾ ਸਿੱਧੇ ਮੱਥੇ, ਕੰਨ ਜਾਂ ਗਰਦਨ ‘ਤੇ ਲੱਗਦੀ ਹੈ ਤਾਂ ਸਿਰ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ। ਇਸ ਨਾਲ ਦਿਮਾਗ਼ ਤਕ ਜਾਣ ਵਾਲਾ ਬਲੱਡ ਫ਼ਲੋਅ ਅਚਾਨਕ ਬਦਲ ਜਾਂਦਾ ਹੈ, ਅਤੇ ਸਿਰ ‘ਚ ਤੇਜ਼ ਦਰਦ ਹੋਣ ਲੱਗਦਾ ਹੈ। ਇਹੀ ਵਜ੍ਹਾ ਹੈ ਕਿ ਠੰਡ ‘ਚ ਸਿਰ ਨੂੰ ਢੱਕ ਕੇ ਰੱਖਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
ਸਰਦੀਆਂ ਵਿੱਚ ਪਾਣੀ ਪੀਣਾ ਜ਼ਰੂਰੀ: ਸਰਦੀਆਂ ‘ਚ ਪਿਆਸ ਘੱਟ ਲੱਗਦੀ ਹੈ, ਇਸ ਲਈ ਲੋਕ ਪਾਣੀ ਪੀਣਾ ਭੁੱਲ ਜਾਂਦੇ ਹਨ। ਸ਼ਰੀਰ ‘ਚ ਪਾਣੀ ਦੀ ਕਮੀ ਹੋਣ ਨਾਲ ਖ਼ੂਨ ਗਾੜ੍ਹਾ ਹੋ ਜਾਂਦਾ ਹੈ, ਅਤੇ ਦਿਮਾਗ਼ ਤਕ ਔਕਸੀਜਨ ਦੀ ਸਪਲਾਈ ਸਹੀ ਤਰ੍ਹਾਂ ਨਹੀਂ ਪਹੁੰਚ ਪਾਉਂਦੀ। ਇਸ ਦਾ ਅਸਰ ਸਿੱਧੇ ਸਿਰਦਰਦ ਵਜੋਂ ਦਿਖਦਾ ਹੈ। ਮਾਈਗ੍ਰੇਨ ਦੇ ਮਰੀਜ਼ਾਂ ਵਿੱਚ ਡਿਹਾਈਡ੍ਰੇਸ਼ਨ ਦਰਦ ਨੂੰ ਹੋਰ ਵਧਾ ਸਕਦਾ ਹੈ। ਇਸ ਲਈ ਸਰਦੀਆਂ ‘ਚ ਸਹੀ ਮਾਤਰਾ ਵਿੱਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ।
ਧੁੱਪ ਦੀ ਕਮੀ ਅਤੇ ਵਾਇਟਾਮਿਨ D: ਸਰਦੀਆਂ ‘ਚ ਧੁੱਪ ਘੱਟ ਨਿਕਲਦੀ ਹੈ ਜਿਸ ਨਾਲ ਸ਼ਰੀਰ ਵਿੱਚ ਵਾਇਟਾਮਿਨ D ਦੀ ਕਮੀ ਹੋ ਸਕਦੀ ਹੈ। ਵਾਇਟਾਮਿਨ D ਦਾ ਸਿੱਧਾ ਸਬੰਧ ਸੈਰੋਟੋਨਿਨ ਹੌਰਮੋਨ ਨਾਲ ਹੁੰਦਾ ਹੈ ਜੋ ਮੂਡ ਤੇ ਦਰਦ ਨੂੰ ਕੰਟਰੋਲ ਕਰਦਾ ਹੈ। ਜਦੋਂ ਸੈਰੋਟੋਨਿਨ ਦਾ ਪੱਧਰ ਘੱਟ ਹੁੰਦਾ ਹੈ ਤਾਂ ਮਾਈਗ੍ਰੇਨ ਦਾ ਖ਼ਤਰਾ ਵੱਧ ਜਾਂਦਾ ਹੈ। ਰੋਜ਼ ਥੋੜ੍ਹੀ ਦੇਰ ਧੁੱਪ ‘ਚ ਬੈਠਣਾ ਇਸ ਸਮੱਸਿਆ ਤੋਂ ਬਚਾਅ ‘ਚ ਮਦਦ ਕਰ ਸਕਦਾ ਹੈ।