ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 11 ਸਾਲਾਂ ‘ਚ ਕੋਈ ਜਵਾਬਦੇਹੀ ਨਹੀਂ, ਸਗੋਂ ਸਿਰਫ਼ ਪ੍ਰਚਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਮੌਜੂਦਾ ਸਮੇਂ ਬਾਰੇ ਗੱਲ ਕਰਨਾ ਬੰਦ ਕਰ ਦਿੱਤਾ ਹੈ ਅਤੇ ਹੁਣ 2047 ਦੇ ਸੁਫ਼ਨੇ ਵੇਚ ਰਿਹਾ ਹੈ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਭੀੜ ਵਾਲੀ ਲੋਕਲ ਟਰੇਨ ਤੋਂ ਡਿੱਗਣ ਨਾਲ ਘੱਟੋ-ਘੱਟ 5 ਯਾਤਰੀਆਂ ਦੀ ਮੌਤ ਅਤੇ 6 ਦੇ ਜ਼ਖਮੀ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਸਰਕਾਰ ‘ਤੇ ਹਮਲਾ ਬੋਲਿਆ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ,”ਜਦੋਂ ਮੋਦੀ ਸਰਕਾਰ 11 ਸਾਲ ਦੀ ‘ਸੇਵਾ’ ਦਾ ਜਸ਼ਨ ਮਨਾ ਰਹੀ ਹੈ, ਉਦੋਂ ਦੇਸ਼ ਦੀ ਅਸਲੀਅਤ ਮੁੰਬਈ ਤੋਂ ਆ ਰਹੀਆਂ ਦਰਦਨਾਕ ਖ਼ਬਰਾਂ ‘ਚ ਦਿਖਾਈ ਦਿੰਦੀ ਹੈ- ਟਰੇਨ ਤੋਂ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ।”
ਉਨ੍ਹਾਂ ਕਿਹਾ ਕਿ ਭਾਰਤੀ ਰੇਲ ਕਰੋੜਾਂ ਦੀ ਜ਼ਿੰਦਗੀ ਦੀ ਰੀੜ੍ਹ ਹੈ ਪਰ ਅੱਜ ਇਹ ਅਸੁਰੱਖਿਆ, ਭੀੜ ਅਤੇ ਅਵਿਵਸਥਾ ਦੀ ਪ੍ਰਤੀਕ ਬਣ ਚੁੱਕੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,”ਮੋਦੀ ਸਰਕਾਰ ਦੇ 11 ਸਾਲ ‘ਚ ਨਾ ਜਵਾਬਦੇਹੀ, ਨਾ ਤਬਦੀਲੀ, ਸਿਰਫ਼ ਪ੍ਰਚਾਰ ਹੋਇਆ ਹੈ। ਸਰਕਾਰ 2025 ‘ਤੇ ਗੱਲ ਕਰਨਾ ਛੱਡ, ਹੁਣ 2047 ਦੇ ਸੁਫ਼ਨੇ ਵੇਚ ਰਹੀ ਹੈ।” ਉਨ੍ਹਾਂ ਕਿਹਾ,”ਦੇਸ਼ ਅੱਜ ਕੀ ਝੱਲ ਰਿਹਾ ਹੈ, ਇਹ ਕੌਣ ਦੇਖੇਗਾ? ਮੈਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।” ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਰੇਲ ਹਾਦਸਾ ਦਿਵਿਆ ਅਤੇ ਕੋਪਰ ਰੇਲਵੇ ਸਟੇਸ਼ਨ ਦਰਮਿਆਨ ਉਸ ਸਮੇਂ ਵਾਪਰਿਆ, ਜਦੋਂ ਟਰੇਨ ਕਸਾਰਾ ਵੱਲ ਜਾ ਰਹੀ ਸੀ। ਰੇਲਵੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੇ ਬਿਨਾਂ ਦੱਸਿਆ ਕਿ ਘਟਨਾ ਭੀੜ ਵਾਲੀਆਂ 2 ਟਰੇਨਾਂ ਦੇ ਦਰਵਾਜ਼ਿਆਂ ਨਾਲ ਲਟਕੇ ਯਾਤਰੀਆਂ ਅਤੇ ਉਨ੍ਹਾਂ ਦੇ ਬੈਗ ਦੇ ਇਕ-ਦੂਜੇ ਨਾਲ ਟਕਰਾਉਣ ਕਾਰਨ ਹੋਈ, ਕਿਉਂਕਿ ਰੇਲ ਗੱਡੀਆਂ ਉਲਟ ਦਿਸ਼ਾਵਾਂ ਤੋਂ ਲੰਘ ਰਹੀਆਂ ਸਨ।