ਸਪੈਨਿਸ਼ ਜੋੜੇ ਦੀ ਕੁੱਟਮਾਰ ਦੇ ਮਾਮਲੇ ‘ਚ ਪੰਜਾਬ ਪੁਲਸ ਕਰੇਗੀ ਕਾਰਵਾਈ, ਮੰਤਰੀ ਧਾਲੀਵਾਲ ਨੇ ਕਰ ‘ਤਾ ਐਲਾਨ

ਅੰਮ੍ਰਿਤਸਰ- ਪਹਾੜਾਂ ਦੀ ਸੈਰ ਕਰਨ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ ਦਾ ਮਾਮਲਾ ਕਾਫ਼ੀ ਚਰਚਾ ‘ਚ ਬਣ ਗਿਆ ਹੈ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੈਨਿਸ਼ ਜੋੜੇ ਨਾਲ ਹਸਪਤਾਲ ਪਹੁੰਚ ਕੇ ਮੁਲਾਕਾਤ ਕੀਤੀ ਹੈ। ਮੰਤਰੀ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਇਹ ਜੋੜਾ ਪਰਿਵਾਰ ਸਮੇਤ ਡਲਹੋਜੀ ਦੇ ਪਹਾੜਾਂ ‘ਚ ਘੁੰਮਣ ਗਿਆ ਸੀ ਜਿਥੇ ਇਨ੍ਹਾਂ ਦਾ ਭੀੜ ਨਾਲ ਝਗੜਾ ਹੋ ਗਿਆ ਸੀ ਅਤੇ ਉਨ੍ਹਾਂ ਵਲੋਂ ਸਪੈਨਿਸ਼ ਜੋੜੇ ਦੇ ਕਾਫ਼ੀ ਗੰਭੀਰ ਸੱਟਾਂ ਮਾਰੀਆਂ ਗਈਆਂ। ਕਾਫ਼ੀ ਦਿਨਾਂ ਤੋਂ ਜੋੜੇ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਅਤੇ ਪਤਾ ਲੈਣ ਲਈ ਅੱਜ ਹਸਪਤਾਲ ਪਹੁੰਚੇ ਹਾਂ।
ਮੰਤਰੀ ਧਾਲੀਵਾਲ ਨੇ ਕਿਹਾ ਜੇਕਰ ਕੋਈ ਐੱਨ. ਆਰ. ਆਈ. ਨਾਲ ਅਜਿਹੀ ਘਟਨਾ ਵਾਪਰੇ ਤਾਂ ਬਹੁਤ ਦੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਇਸ ਮਸਲੇ ਬਾਰੇ ਹਿਮਾਚਲ ਦੇ ਡੀ. ਜੀ. ਪੀ. ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਜਾਂਚ ਕੀਤੀ ਜਾਵੇਗੀ ਅਤੇ ਆਪਣੇ ਤੌਰ ‘ਤੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਹਿਮਾਚਲ ਸਰਕਾਰ ਨੂੰ ਭੇਜਾਂਗੇ , ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਪੰਜਾਬ ਸਰਕਾਰ ਵਲੋਂ ਭਰੋਸਾ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤੁਹਾਡੇ ਨਾਲ ਹੈ। ਉਨ੍ਹਾਂ ਕਿਹਾ ਹਿਮਾਚਲ ਦੀ ਸਰਕਾਰ ਨੂੰ ਲਾਅ ਐਂਡ ਆਰਡਰ ਬਰਕਰਾਰ ਰੱਖੇ ਤਾਂ ਜੋ ਇਸ ਤਰ੍ਹਾਂ ਦੀ ਦੁਬਾਰਾ ਕੋਈ ਘਟਨਾ ਨਾ ਵਾਪਰੇ।