ਨਵੀਂ ਦਿੱਲੀ – ਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਖ਼ਿਤਾਬ ਦਿਵਾਉਣ ਦੇ ਨਾਲ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵਰਲਡ ਕ੍ਰਿਕਟ ‘ਚ ਦਰਜਾ ਹੋਰ ਵੱਧ ਗਿਆ ਹੈ। ਹਰ ਕੋਈ ਉਨ੍ਹਾਂ ਦੇ ਸ਼ਾਂਤ ਸੁਭਾਅ ਅਤੇ ਲੀਡਰਸ਼ਿਪ ਦਾ ਕਾਇਲ ਹੈ ਜਦਕਿ ਤਮਾਮ ਕ੍ਰਿਕਟ ਮਾਹਿਰ ਅਤੇ ਕ੍ਰਿਕਟ ਪ੍ਰੇਮੀ ਇਹ ਗੱਲ ਮੰਨਣ ਲੱਗੇ ਹਨ ਕਿ ਹਰ ਸਮੇਂ ਵਧਦੀ ਲੋਕਪ੍ਰਿਅਤਾ ਨੇ ਉਸ ਨੂੰ ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਤੋਂ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਧੋਨੀ ਦਾ ਕਿਸੇ ਵੀ ਟੀਮ ਨਾਲ ਜੁੜਿਆ ਹੋਣਾ ਹੀ ਉਸ ਦੀ ਜਿੱਤ ਦੀ ਗੈਰੰਟੀ ਮੰਨੀ ਜਾਣ ਲੱਗੀ ਹੈ, ਅਤੇ ਅਜਿਹਾ ਵਿਸ਼ਾਲ ਕੱਦ ਰੱਖਣ ਵਾਲਾ ਇਸ ਦੁਨੀਆ ਦਾ ਉਹ ਇਕਲੌਤਾ ਖਿਡਾਰੀ ਹੈ। ਹਾਂ, ਉਹ ਆਪਣੀ ਮਰਜ਼ੀ ਦੇ ਮਾਲਕ ਹੈ ਅਤੇ ਟੈੱਸਟ ਕ੍ਰਿਕਟ ਤੋਂ ਸੰਨਿਆਸ ਤੋਂ ਇਲਾਵਾ ਵਨਡੇਅ ਅਤੇ ਟੀ-20 ਟੀਮ ਦੀ ਕਪਤਾਨੀ ਛੱਡਣ ਵਰਗੇ ਫ਼ੈਸਲੇ ਇਸ ਗੱਲ ਦੀਆਂ ਉਦਾਹਰਣਾਂ ਹਨ। ਕਦੀ ਕਦੀ ਲੱਗਦਾ ਹੈ ਕਿ ਵਰਲਡ ਕ੍ਰਿਕਟ ਲਈ ਕਪਤਾਨ ਧੋਨੀ ਇੱਕ ਨਾਮ ਨਹੀਂ ਇੱਕ ਜਨੂੰਨ ਹੈ।
ਇਸ ਸਮੇਂ IPL 11 ‘ਚ ਚੇਨਈ ਦੇ ਚੈਂਪੀਅਨ ਬਣਨ ਦੇ ਨਾਲ ਇੱਕ ਵਾਰ ਫ਼ਿਰ ਧੋਨੀ ਆਪਣੇ ਸੁਭਾਅ ਅਤੇ ਲੀਡਰਸ਼ਿਪ ਨੂੰ ਲੈ ਕੇ ਚਰਚਾ ‘ਚ ਹੈ। ਸੱਚ ਤਾਂ ਇਹ ਹੈ ਕਿ ਮੌਜੂਦਾ ਸੀਜ਼ਨ ਦੀ ਸ਼ੁਰੂਆਤ ‘ਚ ਸਾਰਿਆਂ ਨੇ ਚੇਨਈ ਨੂੰ ‘ਬੁੱਢਿਆਂ ਦੀ ਫ਼ੌਜ ‘ਕਹਿ ਕੇ ਖ਼ਾਰਿਜ ਕਰ ਦਿੱਤਾ ਸੀ।ਜਦੋਂ ਧੋਨੀ ਨੂੰ ਮੌਕਾ ਮਿਲਿਆ ਤਾਂ ਉਸ ਨੇ ਆਪਣੇ ਆਲੋਚਕਾਂ ਨੂੰ ਆਪਣੇ ਅੰਦਾਜ਼ ‘ਚ ਕਰਾਰਾ ਜਵਾਬ ਦਿੱਤਾ। IPL ਦੇ 11ਵੇਂ ਸੀਜ਼ਨ ਤਕ ਚੇਨਈ ਦਾ ਸੱਤ ਵਾਰ ਫ਼ਾਈਨਲ ‘ਚ ਪਹੁੰਚਣਾ ਦਸਦਾ ਹੈ ਕਿ ਧੋਨੀ ਹੁਣ IPL ਦੀ ਚੋਣ ਬਣ ਚੁੱਕਾ ਹੈ। ਉਸ ਦੀ ਟੀਮ ਨੇ 2010,2011 ਅਤੇ ਹੁਣ 2018 ‘ਚ ਤੀਸਰੀ ਵਾਰ ਖ਼ਿਤਾਬ ਜਿੱਤ ਕੇ ਮੁੰਬਈ ਇੰਡੀਅਨਜ਼ ਦੀ ਬਰਾਬਰੀ ਵੀ ਕਰ ਲਈ ਹੈ। ਉੱਥੇ ਉਸ ਦੀ ਟੀਮ 2008, 2012, 2013 ਅਤੇ 2015 ‘ਚ ਉੱਪ ਜੇਤੂ ਰਹੀ ਹੈ। ਇਸ ਤੋਂ ਇਲਾਵਾ ਚੇਨਈ ਨੇ ਉਸ ਦੀ ਅਗਵਾਈ ‘ਚ 2009 ‘ਚ ਸੈਮੀਫ਼ਾਈਨਲ ਅਤੇ 2014 ‘ਚ ਤੀਜਾ ਸਥਾਨ ਹਾਸਿਲ ਕੀਤਾ ਸੀ। ਅੰਕੜੇ ਦੱਸਦੇ ਹਨ ਕਿ IPL ‘ਚ ਸਾਰੀਆਂ ਟੀਮਾਂ ਸਿਰਫ਼ ਧੋਨੀ ਐਂਡ ਕੰਪਨੀ ਨਾਲ ਮੁਕਾਬਲਾ ਕਰਨ ਲਈ ਮੈਦਾਨ ‘ਚ ਉਤਰਦੀਆਂ ਹਨ।
IPL ‘ਚ ਧੋਨੀ
ਧੋਨੀ ਨੇ 2008 ਤੋਂ ਲੈ ਕੇ IPL ‘ਚ 175 ਮੈਚ ਖੇਡੇ ਹਨ ਜਿਨ੍ਹਾਂ ‘ਚ 20 ਅਰਧਸੈਂਕੜਿਆਂ ਦੀ ਮਦਦ ਨਾਲ 4016 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 275 ਚੌਕੇ ਅਤੇ 186 ਛੱਕੇ ਵੀ ਨਿਕਲੇ ਹਨ। ਇਹੀ ਨਹੀਂ ਉਸ ਨੇ 87 ਕੈਚ ਅਤੇ 33 ਸਟੰਪ ਵੀ ਕੀਤੇ ਹਨ। ਬਤੌਰ ਕਪਤਾਨ ਉਸ ਨੇ ਚੇਨਈ ਅਤੇ ਪੁਣੇ ਨੂੰ 159 ਮੈਚਾਂ ‘ਚ ਲੀਡ ਕੀਤਾ ਜਿਨ੍ਹਾਂ ‘ਚੋਂ 94 ‘ਚ ਜਿੱਤ ਅਤੇ 64 ‘ਚ ਹਾਰ ਮਿਲੀ। ਧੋਨੀ ਦਾ ਸਫ਼ਲਤਾ ਪ੍ਰਤੀਸ਼ਤ 59.49 ਹੈ।
ਧੋਨੀ ਦੇ ਪ੍ਰਸ਼ੰਸਕਾਂ ਦਾ ਪਿਆਰ
ਇਹ ਸੱਚ ਹੈ ਕਿ ਸਚਿਨ ਤੇਂਦੁਲਕਰ ਦੇ ਬਾਅਦ ਮਹਿੰਦਰ ਸਿੰਘ ਧੋਨੀ ਭਾਰਤ ਦੇ ਸਭ ਤੋਂ ਲੋਕਪ੍ਰਿਅ ਕ੍ਰਿਕਟਰ ਹੈ, ਪਰ ਜਦੋਂ IPL ‘ਚ ਉਸ ਦੀ ਦੀਵਾਨਗੀ ਦੇਖਣ ਨੂੰ ਮਿਲੀ ਤਾਂ ਲੱਗਦਾ ਹੈ ਸ਼ਾਇਦ ਸਚਿਨ ਸਰ ਵੀ ਹੁਣ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਗਏ ਹਨ। ਇੰਟਰਨੈਸ਼ਨਲ ਕ੍ਰਿਕਟ ਦੇ ਨਾਲ-ਨਾਲ IPL ਦੌਰਾਨ ਦੇਸ਼ ਦੇ ਸਾਰੇ ਮੈਦਾਨਾਂ ‘ਚ ਧੋਨੀ ਦੇ ਨਾਮ ਦੀ ਜੈ ਜੈਕਾਰ ਹੋ ਰਹੀ ਸੀ। ਉਸ ਵਰਗੀ ਸਫ਼ਲਤਾ ਅਤੇ ਲੋਕਾਂ ਦਾ ਪਿਆਰ ਪਾਉਣਾ ਹਰ ਕਿਸੇ ਦੀ ਕਿਸਮਤ ‘ਚ ਨਹੀਂ ਹੁੰਦਾ। ਉਹ ਜਿੱਥੇ ਵੀ ਖੇਡਦਾ ਹੈ ਉਥੇ ਯੈਲੋ ਆਰਮੀ ਦਾ ਜ਼ੋਰ ਦਿਖਾਈ ਦਿੰਦਾ ਹੈ। ਫ਼ਿਰ ਕੀ ਫ਼ਰਕ ਪੈਂਦਾ ਹੈ ਕਿ ਉਹ ਚੇਨਈ ਹੈ, ਮੁੰਬਈ ਜਾਂ ਫ਼ਿਰ ਦਿੱਲੀ।