ਵੱਡੇ ਲੀਡਰਾਂ ਦੇ ਮਨਾਉਣ ਦੇ ਬਾਵਜੂਦ ਜ਼ਿਮਨੀ ਚੋਣਾਂ ‘ਚ ਪ੍ਰਚਾਰ ਨਹੀਂ ਕਰ ਰਹੇ ਜਾਖੜ!

ਲੁਧਿਆਣਾ – ਪੰਜਾਬ ਵਿਚ ਚਾਰ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦਾ ਪ੍ਰਚਾਰ ਅੰਤਿਮ ਗੇੜ ਵਿਚ ਪੁੱਜ ਗਿਆ ਹੈ, ਪਰ ਅਜੇ ਤੱਕ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਕਿਧਰੇ ਨਜ਼ਰ ਨਹੀਂ ਆਏ। ਉਨ੍ਹਾਂ ਦਾ ਗੁੱਸਾ ਅਜੇ ਵੀ ਸੱਤਵੇਂ ਅਸਮਾਨ ’ਤੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੇ ਗੁੱਸੇ ਦੇ ਕਾਰਨਾਂ ਵਿਚ ਉਨ੍ਹਾਂ ਦੀ ਭਾਜਪਾ ਵਿਚ ਅਣਦੇਖੀ ਹੋਣਾ ਤੇ ਕੇਂਦਰ ਵਿਚ ਤੀਜੀ ਵਾਰ ਬਣਨ ਵਾਲੀ ਸਰਕਾਰ ਵਿਚ ਨੁਮਾਇੰਦਗੀ ਜਾਂ ਰਾਜ ਸਭਾ ਮੈਂਬਰ ਦੀ ਕੁਰਸੀ ਨਾ ਮਿਲਣਾ ਆਦਿ ਖ਼ਬਰਾਂ ਭਾਵੇਂ ਸਮੇਂ-ਸਮੇਂ ਚਰਚਾ ਵਿਚ ਰਹੀਆਂ ਸਨ, ਜਾਖੜ ਨਾਰਾਜ਼ ਹੋ ਕੇ ਦਿੱਲੀ ਜਾ ਬੈਠੇ।
ਪਿਛਲੇ ਦਿਨੀਂ ਚੰਡੀਗੜ੍ਹ ਵਿਚ ਪ੍ਰਧਾਨ ਮੰਤਰੀ ਦੀ ਮੀਟਿੰਗ ਵਿਚ ਜਾਖੜ ਨੂੰ ਜ਼ਰੂਰ ਦੇਖਿਆ ਗਿਆ, ਪਰ ਉਸ ਤੋਂ ਬਾਅਦ ਉਹ ਫਿਰ ਅਗਿਆਤਵਾਸ ’ਚ ਚਲੇ ਗਏ। ਹੁਣ ਉਨ੍ਹਾਂ ਨੂੰ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਮਨਾਉਣ ਲਈ ਦਰਜਨ ਦੇ ਕਰੀਬ ਵੱਡੇ ਲੀਡਰ ਸਰਗਰਮ ਦੱਸੇ ਜਾ ਰਹੇ ਹਨ, ਪਰ ਰਾਜਸੀ ਪੰਡਤਾਂ ਨੇ ਉਨ੍ਹਾਂ ਦੀ ‘ਮੈਂ ਨਾ ਮਾਨੂ’ ਵਾਲੀ ਸਥਿਤੀ ਬਾਰੇ ਇਸ਼ਾਰਾ ਕੀਤਾ ਹੈ। ਬਾਕੀ ਹੁਣ ਦੇਖਦੇ ਹਾਂ ਕਿ ਭਾਜਪਾ ਨੇਤਾ ਜਾਖੜ ਨੂੰ ਮਨਾਉਣ ਲਈ ਕਿੰਨੇ ਕੁ ਸਫਲ ਹੁੰਦੇ ਹਨ?