ਗੌਹਰ ਖ਼ਾਨ ਕਾਫ਼ੀ ਸਮੇਂ ਤੋਂ ਗਲੈਮਰ ਦੀ ਦੁਨੀਆਂ ਦਾ ਹਿੱਸਾ ਹੈ। ਯਸ਼ਰਾਜ ਫ਼ਿਲਮਜ਼ ਦੀ ‘ਰਾਕੇਟ ਸਿੰਘ: ਸੇਲਜ਼ਮੈਨ ਆਫ਼ ਦਿ ਯੀਅਰ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੌਹਰ ਹੁਣ ਤਕ ‘ਇਸ਼ਕਜ਼ਾਦੇ’, ‘ਗੇਮ’, ‘ਵੰਨਸ ਅਪੌਨ ਏ ਟਾਈਮ ਇਨ ਮੁੰਬਈ’ ਜਿਹੀਆਂ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ ਪਰ ਫ਼ਿਰ ਵੀ ਉਸ ਨੂੰ ਜੋ ਮੁਕਾਮ ਉਸ ਨੂੰ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਹਾਸਲ ਹੈ, ਉਹ ਸਫ਼ਲਤਾ ਉਸ ਨੂੰ ਹਾਲੇ ਤਕ ਫ਼ਿਲਮਾਂ ਵਿੱਚ ਨਹੀਂ ਮਿਲੀ। ‘ਬਿੱਗ ਬਾਸ-7’, ‘ਝਲਕ ਦਿਖਲਾਜਾ’, ‘ਦਿ ਖ਼ਾਨ ਸਿਸਟਰਜ਼’, ‘ਖਤਰੋਂ ਕੇ ਖਿਲਾੜੀ’, ‘ਇੰਡੀਆ ਰਾਕ ਸਟਾਰ’, ‘ਆਈ ਕੈਨ ਡੂ ਦੈਟ’ ਜਿਹੇ ਟੈਲੀਵਿਜ਼ਨ ਸ਼ੋਅਜ਼ ਨਾਲ ਚਰਚਾ ਵਿੱਚ ਆਈ ਗੌਹਰ ਖ਼ਾਨ ਹੁਣ ਲੱਗਦਾ ਹੈ ਕਿ ਫ਼ਿਲਮਾਂ ਵਿੱਚ ਵੀ ਆਪਣੀ ਪਛਾਣ ਬਣਾਉਣ ‘ਚ ਜੁਟ ਗਈ ਹੈ। ਫ਼ਿਲਹਾਲ ਗੌਹਰ ਆਪਣੀ ਨਵੀਂ ਫ਼ਿਲਮ ‘ਫ਼ੀਵਰ’ ਨੂੰ ਲੈ ਕੇ ਚਰਚਾ ਵਿੱਚ ਹੈ। ਪੇਸ਼ ਹਨ ਇਸੇ ਸਬੰਧ ‘ਚ ਗੌਹਰ ਖ਼ਾਨ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:
ਦ ‘ਫ਼ੀਵਰ’ ਨੂੰ ਬੋਲਡ ਫ਼ਿਲਮ ਦੱਸਿਆ ਜਾ ਰਿਹਾ ਹੈ। ਤੁਸੀਂ ਇਹ ਫ਼ਿਲਮ ਕਿਉਂ ਕੀਤੀ?
-ਕਿਉਂਕਿ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਮੈਨੂੰ ਮੁੱਖ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਹਰ ਅਦਾਕਾਰਾ ਦੀ ਇੱਛਾ ਹੁੰਦੀ ਹੈ ਕਿ ਉਹ ਪਰਦੇ ‘ਤੇ ਮੁੱਖ ਕਿਰਦਾਰ ‘ਚ ਨਜ਼ਰ ਆਏ। ਮੈਂ ਵੀ ਉਨ੍ਹਾਂ ਤੋਂ ਵੱਖਰੀ ਨਹੀਂ ਹਾਂ। ਮੈਂ ਵੀ ਹੋਰ ਨਾਇਕਾਵਾਂ ਵਾਂਗ ਵੱਡੀਆਂ ਖ਼ਾਹਿਸ਼ਾਂ ਰੱਖਦੀ ਹਾਂ। ਕਈ ਫ਼ਿਲਮਾਂ ਵਿੱਚ ਸਿਰਫ਼ ਇੱਕ ਗੀਤ ‘ਚ ਡਾਂਸ ਕਰਨ ਜਾਂ ਫ਼ਿਲਮ ਦਾ ਥੋੜ੍ਹਾ ਜਿਹਾ ਹਿੱਸਾ ਹੋਣ ਨਾਲੋਂ ਕਿਤੇ ਵੱਡੀ ਗੱਲ ਹੁੰਦੀ ਹੈ ਕਿਸੇ ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾਉਣਾ। ‘ਫ਼ੀਵਰ’ ਨੇ ਮੈਨੂੰ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਹੈ। ਉਂਜ, ਇਹ ਪਹਿਲੀ ਫ਼ਿਲਮ ਹੈ ਜਿਸ ਵਿੱਚ ਮੇਰਾ ਕੋਈ ਡਾਂਸ ਨੰਬਰ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫ਼ਿਲਮ ਵਿੱਚ ਮੇਰੇ ਕੁਝ ਬੋਲਡ ਦ੍ਰਿਸ਼ ਵੀ ਹਨ ਪਰ ਮੇਰੇ ਲਈ ਇਹ ਗੱਲ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿ ਮੇਰਾ ਫ਼ਿਲਮ ਵਿੱਚ ਮੁੱਖ ਕਿਰਦਾਰ ਹੈ। ਮੈਂ ਚਾਹੁੰਦੀ ਹਾਂ ਕਿ ਇਸ ਫ਼ਿਲਮ ਵਿੱਚ ਵੀ ਮੇਰੇ ਕੰਮ ਦੀ ਤਾਰੀਫ਼ ਹੋਵੇ। ਇਹ ਫ਼ਿਲਮ ਦੇਖਣ ਤੋਂ ਬਾਅਦ ਲੋਕ ਕਹਿਣ ਕਿ ਇਸ ਲੜਕੀ ‘ਚ ਦਮ ਹੈ ਅਤੇ ਇਹ ਆਪਣੇ ਦਮ ‘ਤੇ ਵੀ ਫ਼ਿਲਮ ਚਲਾ ਸਕਦੀ ਹੈ। ਰਾਜੀਵ ਝਾਵੇਰੀ ਦੇ ਨਿਰਦੇਸ਼ਨ ਵਿੱਚ ਬਣੀ ‘ਫ਼ੀਵਰ’ ਦੀ ਸਾਰੀ ਸ਼ੂਟਿੰਗ ਸਵਿਟਜ਼ਰਲੈਂਡ ‘ਚ ਹੋਈ ਹੈ। ਇਸ ਫ਼ਿਲਮ ਦੇ ਨਿਰਮਾਤਾ ਰਵੀ ਅਗਰਵਾਲ, ਮਹੇਸ਼ ਬੇਲਕੁੰਦਰੀ, ਅਜੈ ਛਾਬੜੀਆ ਅਤੇ ਰਜਤ ਮੰਜੂਨਾਥ ਹਨ। ਇਹ 22 ਜੁਲਾਈ ਨੂੰ ਰਿਲੀਜ਼ ਹੋਵੇਗੀ।
ਦ ‘ਫ਼ੀਵਰ’ ਦੀ ਕਹਾਣੀ ਅਤੇ ਆਪਣੇ ਕਿਰਦਾਰ ਬਾਰੇ ਦੱਸੋ?
– ਇਹ ਫ਼ਿਲਮ ਇੱਕ ਸੀਰੀਅਲ ਕਿਲਰ ਦੀ ਕਹਾਣੀ ਹੈ ਜਿਸ ਵਿੱਚ ਰਾਜੀਵ ਖੰਡੇਲਵਾਲ ਸੀਰੀਅਲ ਕਿਲਰ ਦੀ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਵਿੱਚ ਮੈਂ ਇੱਕ ਖ਼ੂਬਸੂਰਤ ਮੁਟਿਆਰ ਦਾ ਕਿਰਦਾਰ ਨਿਭਾ ਰਹੀ ਜਿਸ ਲਈ ਖ਼ੂਬਸੂਰਤੀ ਆਮ ਗੱਲ ਹੈ ਜਦੋਂਕਿ ਰਾਜੀਵ ਲਈ ਖ਼ੂਬਸੂਰਤ ਕੁੜੀਆਂ ਰੋਜ਼ ਦੀ ਗੱਲ। ਜ਼ਿੰਦਗੀ ਦੇ ਗੁਜ਼ਰਦੇ ਵਕਤ ਨਾਲ ਅਚਾਨਕ ਇੱਕ ਹਾਦਸਾ ਵਾਪਰ ਜਾਂਦਾ ਹੈ ਅਤੇ ਰਾਜੀਵ ਦੀ ਯਾਦਦਾਸ਼ਤ ਚਲੀ ਜਾਂਦੀ ਹੈ। ਉਸ ਦੀ ਯਾਦਦਾਸ਼ਤ ਕਿਵੇਂ ਵਾਪਸ ਆਉਂਦੀ ਹੈ? ਕੀ ਇਹ ਸਿਰਫ਼ ਹਾਦਸਾ ਸੀ ਜਾਂ ਕੋਈ ਸਾਜ਼ਿਸ਼? ਕੀ ਉਸ ਦੀ ਯਾਦਦਾਸ਼ਤ ਜਾਣ ਪਿੱਛੇ ਮੇਰਾ ਕੋਈ ਹੱਥ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਤਾਂ ਤੁਹਾਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
ਦ ਪ੍ਰਿਅੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਤੋਂ ਬਾਅਦ ਹੁਣ ਤੁਸੀਂ ਵੀ ਹਾਲੀਵੁੱਡ ਫ਼ਿਲਮ ਵਿੱਚ ਕੰਮ ਕਰਨ ਜਾ ਰਹੇ ਹੋ?
– ਜੀ ਹਾਂ, ਮੈਂ ਵੀ ਹਾਲੀਵੁੱਡ ਫ਼ਿਲਮ ਵਿੱਚ ਕੰਮ ਕਰਨ ਜਾ ਰਹੀ ਹਾਂ। ਪ੍ਰਿਅੰਕਾ ਅਤੇ ਦੀਪਿਕਾ ਤਾਂ ਪਹਿਲਾਂ ਹੀ ਹਾਲੀਵੁੱਡ ਵਿੱਚ ਆਪਣੇ ਹੁਨਰ ਨਾਲ ਆਪਣੇ ਨਾਂ ਦੇ ਝੰਡੇ ਗੱਡ ਚੁੱਕੀਆਂ ਹਨ ਤੇ ਹੁਣ ਮੇਰੀ ਵਾਰੀ ਹੈ। ਉਂਜ, ਮੈਂ ਇਸ ਹਾਲੀਵੁੱਡ ਫ਼ਿਲਮ ਦੇ ਸਿਰਫ਼ ਇੱਕ ਗੀਤ ਵਿੱਚ ਨਜ਼ਰ ਆਵਾਂਗੀ। ਇਹ ਇੱਕ ਪੀਰੀਅਡ ਫ਼ਿਲਮ ਹੈ ਜਿਸ ਦਾ ਨਾਮ ਹੈ ‘ਸੋਲਰ ਐਕਲਿਪਸ: ਡੈਪਥ ਆਫ਼ ਡਾਰਕਨੈੱਸ’। ਮੈਂ ਇਸ ਫ਼ਿਲਮ ਦੇ ਇੱਕ ਗੀਤ ਵਿੱਚ ਮੁਜਰਾ ਕਰਦੀ ਨਜ਼ਰ ਆਵਾਂਗੀ। ਇਸ ਗੀਤ ਨੂੰ ਬੌਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫ਼ਰ ਸਰੋਜ ਖ਼ਾਨ ਕੋਰੀਓਗ੍ਰਾਫ਼ ਕਰੇਗੀ। ਇਸ ਫ਼ਿਲਮ ਵਿੱਚ ਓਮ ਪੁਰੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਦ ਤੁਸੀਂ ਟੈਲੀਵਿਜ਼ਨ ਦੀ ਦੁਨੀਆਂ ‘ਚ ਚੰਗਾ ਨਾਮ ਕਮਾਇਆ ਪਰ ਫ਼ਿਲਮਾਂ ‘ਚ ਕੁਝ ਖ਼ਾਸ ਨਹੀਂ ਕਰ ਸਕੇ, ਕਿਉ?
– ਦੁਨੀਆਂ ਭਰ ਵਿੱਚ ਟੈਲੀਵਿਜ਼ਨ ਬਹੁਤ ਹਰਮਨਪਿਆਰਾ ਹੈ ਪਰ ਅਫ਼ਸੋਸ ਕਿ ਭਾਰਤ ਵਿੱਚ ਟੀਵੀ ਕਲਾਕਾਰਾਂ ਨੂੰ ਹੀਣਭਾਵਨਾ ਨਾਲ ਦੇਖਿਆ ਜਾਂਦਾ ਹੈ। ਮੈਂ ਇਹ ਗੱਲ ਅੱਜ ਤਕ ਨਹੀਂ ਸਮਝ ਸਕੀ ਕਿ ਭਾਰਤ ਵਿੱਚ ਟੀਵੀ ਨੂੰ ਹੇਠਲੇ ਪੱਧਰ ਨਾਲ ਜੋੜ ਕੇ ਕਿਉਂ ਦੇਖਿਆ ਜਾਂਦਾ ਹੈ। ਅੱਜ ਮੈਨੂੰ ਜੋ ਵੀ ਪਿਆਰ, ਪ੍ਰਸਿੱਧੀ ਜਾਂ ਪ੍ਰਸ਼ੰਸਾ ਮਿਲੀ ਹੈ, ਉਹ ਸਭ ਟੈਲੀਵਿਜ਼ਨ ਦੀ ਬਦੌਲਤ ਹੈ। ‘ਝਲਕ ਦਿਖਲਾਜਾ’, ‘ਬਿੱਗ ਬੌਸ’ ਅਤੇ ‘ਖਤਰੋਂ ਕੇ ਖਿਲਾੜੀ’ ਜਿਹੇ ਰਿਆਲਟੀ ਸ਼ੋਅਜ਼ ਦਾ ਹਿੱਸਾ ਬਣਨ ਦੇ ਬਾਵਜੂਦ ਮੈਨੂੰ ਫ਼ਿਲਮੀ ਦੁਨੀਆਂ ਵਿੱਚ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਟੀਵੀ ਵੱਲ ਧਿਆਨ ਵਧੇਰੇ ਕੇਂਦਰਿਤ ਕਰਨ ਕਾਰਨ ਵੀ ਫ਼ਿਲਮਸਾਜ਼ਾਂ ਦਾ ਮੇਰੇ ਵੱਲ ਧਿਆਨ ਨਹੀਂ ਗਿਆ ਪਰ ਹੁਣ ਮੈਂ ਖ਼ੁਦ ਨੂੰ ਫ਼ਿਲਮਾਂ ਵਿੱਚ ਵੀ ਸਾਬਤ ਕਰ ਕੇ ਰਹਾਂਗੀ।
ਦ ਕੀ ਫ਼ਿਰ ਟੀਵੀ ਤੋਂ ਦੂਰੀ ਬਣਾ ਲਓਗੇ?
-ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮੈਂ ਕਦੇ ਕਿਸੇ ਟੈਲੀਵਿਜ਼ਨ ਲੜੀਵਾਰ ‘ਚ ਕੰਮ ਨਹੀਂ ਕੀਤਾ, ਸਗੋਂ ਖ਼ੁਦ ਨੂੰ ਰਿਆਲਟੀ ਸੋਅਜ਼ ਤਕ ਹੀ ਸੀਮਤ ਰੱਖਿਆ ਹੈ। ਇਸ ਪਿੱਛੇ ਮਕਸਦ ਸਾਫ਼ ਸੀ ਕਿ ਰਿਆਲਟੀ ਸ਼ੋਅਜ਼ ਇੱਕ ਕਲਾਕਾਰ ਨੂੰ ਸਿੱਧੇ ਤੌਰ ‘ਤੇ ਦਰਸ਼ਕਾਂ ਨਾਲ ਜੋੜਦੇ ਹਨ। ਦਰਸ਼ਕ ਰਿਆਲਟੀ ਸ਼ੋਅਜ਼ ਦੇ ਕਲਾਕਾਰ ਨੂੰ ਕਿਸੇ ਕਿਰਦਾਰ ਵਜੋਂ ਨਹੀਂ ਦੇਖਦੇ ਬਲਕਿ ਉਹ ਅਸਲੀ ਕਲਾਕਾਰ ਨੂੰ ਦੇਖਦੇ ਹਨ। ਇਹ ਬਹੁਤ ਵੱਡੀ ਉਪਲਬਧੀ ਹੁੰਦੀ ਹੈ। ਜੇ ਕਿਸੇ ਰਿਆਲਟੀ ਸ਼ੋਅ ਦੀ ਪੇਸ਼ਕਸ਼ ਹੋਈ ਤਾਂ ਜ਼ਰੂਰ ਕਰਾਂਗੀ।
ਦ ਤੁਸੀਂ ਕਈ ਰਿਆਲਟੀ ਸ਼ੋਅਜ਼ ‘ਚ ਕਾਫ਼ੀ ਤਕੜੇ ਦਿਸੇ ਹੋ। ਅਸਲ ਜ਼ਿੰਦਗੀ ‘ਚ ਕਿਹੋ ਜਿਹੇ ਹੋ?
– ਮੈਂ ਬਹੁਤ ਜਲਦੀ ਡਰ ਜਾਂਦੀ ਹਾਂ ਪਰ ਜੀਵਨ ਵੀ ਸਾਨੂੰ ਇੱਕ ਵਾਰ ਹੀ ਮਿਲਦਾ ਹੈ ਤਾਂ ਕੁਝ ਨਵਾਂ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਇੱਕ ਨਾ ਇੱਕ ਦਿਨ ਸਾਨੂੰ ਆਪਣੇ ਡਰ ਤੋਂ ਬਾਹਰ ਆਉਣਾ ਹੀ ਪੈਂਦਾ ਹੈ। ਰਹਿਣ-ਸਹਿਣ ਪੱਖੋਂ ਮੈਂ ਕਾਫ਼ੀ ਨਾਜ਼ੁਕ ਹਾਂ ਪਰ ਦਿਲ ਤੇ ਦਿਮਾਗ ਤੋਂ ਬਹੁਤ ਮਜ਼ਬੂਤ ਹਾਂ।












