ਜੂਨ 1984 ਦੇ ਸਾਕਾ ਨੀਲਾ ਤਾਰਾ ਦੀ ਮੰਦਭਾਗੀ ਘਟਨਾ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੱਡੇ ਵੱਡੇ ਗੁਮਰਾਹਕੁਨ ਬਿਆਨ ਦਾਗ਼ੇ ਕਿ ਜੇਕਰ ਹਰਿਮੰਦਰ ਸਹਿਬ ਕੌਂਪਲੈਕਸ ਅੰਦਰ ਫ਼ੌਜ ਦਾਖ਼ਲ ਹੋਈ ਤਾਂ ਸਾਡੀਆਂ ਲਾਸ਼ਾਂ ਤੋਂ ਹੋ ਕੇ ਹੀ ਅੰਦਰ ਜਾ ਸਕੇਗੀ, ਜਦੋਂ ਕਿ ਸਚਾਈ ਇਹ ਸੀ ਕਿ ਸਿੱਖ ਲੀਡਰਾਂ ਦੀ ਖਿੱਚੜੀ ਕੱਟੜ ਹਿੰਦੂ ਸੰਗਠਨ ਆਰ.ਐੱਸ.ਐੱਸ. ਅਤੇ ਕੇਂਦਰ ਸਰਕਾਰ ਦੇ ਨਾਲ ਹੀ ਪੱਕ ਰਹੀ ਸੀ। ਇੱਕ ਪਾਸੇ ਸਿੱਖ ਕੌਮ ਨੂੰ ਗੁਮਰਾਹ ਕਰਨ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਸਨ, ਦੂਜੇ ਪਾਸੇ ਕੇਂਦਰ ਨੂੰ ਫ਼ੌਜੀ ਹਮਲਾ ਕਰਨ ਦੀ ਖੁਲ੍ਹ ਦਿੱਤੀ ਜਾ ਰਹੀ ਸੀ। ਭਾਰਤੀ ਫ਼ੌਜ ਵਲੋਂ ਜੋ ਅਤਿਆਚਾਰ ਬੇਗੁਨਾਹ ਸ਼ਰਧਾਲੂਆਂ ‘ਤੇ ਕੀਤੇ ਗਏ ਓਹਦੇ ਲਈ ਸਿੱਖ ਆਗੂ ਖ਼ੁਦ ਜ਼ਿੰਮੇਵਾਰ ਸਨ ਜਿੰਨਾਂ ਲਈ ਐਡਾ ਵੱਡਾ ਨੁਕਸਾਨ ਇੱਕ ਡਰਾਮੇ ਤੋਂ ਵੱਧ ਹੋਰ ਕੁਝ ਵੀ ਨਹੀਂ ਸੀ। ਆਪਣਾ ਮਕਸਦ ਪੂਰਾ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਹੱਥ ਖੜ੍ਹੇ ਕਰ ਕੇ ਦਰਬਾਰ ਸਹਿਬ ਕੌਂਪਲੈਕਸ ‘ਚੋਂ ਬਾਹਰ ਆ ਗਏ।
ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ, ਇੱਹਨਾਂ ਸਿੱਖ ਆਗੂਆਂ ਨੂੰ ਫ਼ੌਜ ਨੇ ਗ੍ਰਿਫ਼ਤਾਰ ਕਰਨ ਦਾ ਨਾਟਕ ਕਰ ਕੇ ਬਾਇਜ਼ਤ ਸੁਰੱਖਿਅਤ ਸਥਾਨਾਂ ‘ਤੇ, ਭਾਵ ਇਹਨਾਂ ਦੀਆਂ ਮਨ ਭਾਉਂਦੀਆਂ ਜੇਲ੍ਹਾਂ (ਰੈਸਟ ਹਊਸਾਂ) ਵਿੱਚ, ਛੱਡ ਦਿੱਤਾ। ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਰਣਨੀਤੀ ਮੁਤਾਬਿਕ ਆਪਣੇ ਪਿੰਡ ਬਾਦਲ ਵਿਖੇ ਹੀ ਬੈਠ ਕੇ ਸਾਰੀ ਸਥਿਤੀ ‘ਤੇ ਨਜ਼ਰ ਰੱਖ ਰਹੇ ਸਨ। ਕੇਂਦਰੀ ਹਦਾਇਤਾਂ ਮੁਤਾਬਿਕ ਬਾਦਲ ਵਲੋਂ ਇੱਕ ਸਰਕਾਰੀ ਗੱਡੀ ਰਾਹੀਂ ਚੰਡੀਗੜ ਪਹੁੰਚ ਕੇ ਇੱਕ ਪ੍ਰੈਸ ਕਾਨਫ਼ਰੈਂਸ ਬੁਲਾਈ ਗਈ ਜਿਸ ਵਿੱਚ ਸਿੱਖ ਫ਼ੌਜੀਆਂ ਨੂੰ ਦਰਬਾਰ ਸਹਿਬ ‘ਤੇ ਫ਼ੌਜੀ ਹਮਲੇ ਦੇ ਰੋਸ ਵਜੋਂ ਬੈਰਕਾਂ ਛੱਡਣ ਲਈ ਉਕਸਾਇਆ ਗਿਆ ਸੀ। ਇਹ ਬਿਆਨ ਵੀ ਕੇਂਦਰ ਨੇ ਫ਼ੌਜੀ ਬਗ਼ਾਵਤ ਦੇ ਡਰ ਨੂੰ ਭਾਂਪਦਿਆਂ ਬਾਦਲ ਤੋਂ ਜਾਣ ਬੁੱਝ ਕੇ ਦਿਵਾਇਆ ਸੀ ਤਾਂ ਕਿ ਬਗ਼ਾਵਤ ਕਰਨ ਵਾਲੇ ਸਿੱਖ ਫ਼ੌਜੀਆਂ ਦੀ ਬਗ਼ਾਵਤ ਨੂੰ ਸਮੇਂ ਸਿਰ ਹੀ ਕੁਚਲਿਆ ਜਾ ਸਕੇ।
ਧਰਮਯੁੱਧ ਮੋਰਚੇ ਦੌਰਾਨ ਵਧੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮਬੂਲੀਅਤ ਨੇ ਹੀ ਹਰਮੰਦਰ ਸਹਿਬ ‘ਤੇ ਫ਼ੌਜੀ ਹਮਲੇ ਨੂੰ ਯਕੀਨੀ ਬਣਾਇਆ ਕਿਉਂਕਿ ਪੰਜਾਬ ਦੇ ਲੋਕਾਂ ਦੀ ਵੱਡੀ ਗਿਣਤੀ ਸੰਤ ਜਰਨੈਲ ਸਿੰਘ ਦੀ ਦਿਵਾਨੀ ਹੋ ਚੁੱਕੀ ਸੀ ਜਿਹੜੀ ਹਰ ਤਰ੍ਹਾਂ ਦੇ ਜਬਰ ਜ਼ੁਲਮ ਦਾ ਟਾਕਰਾ ਕਰਨ ਲਈ ਉਨ੍ਹਾਂ ਦੇ ਇਸ਼ਾਰੇ ਦੀ ਉਡੀਕ ਵਿੱਚ ਹੀ ਵਿਆਕੁਲ ਹੋ ਰਹੀ ਸੀ। ਸਿੱਖਾਂ ਦੀ ਸੰਤ ਭਿੰਡਰਾਂ ਵਾਲਿਆਂ ਪ੍ਰਤੀ ਇਹ ਦਿਵਾਨਗੀ ਜਿੱਥੇ ਕੱਟੜ ਹਿੰਦੂ ਸੰਗਠਨ ਆਰ.ਐੱਸ.ਐੱਸ. ਦੀ ਅੱਖ ਵਿੱਚ ਬੁਰੀ ਤਰ੍ਹਾਂ ਰੜਕਨ ਲੱਗੀ, ਉੱਥੇ ਸ਼੍ਰਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਨੂੰ ਵੀ ਭਿੰਡਰਾਂਵਾਲਾ ਦੁਸ਼ਮਣ ਦਿਖਾਈ ਦੇਣ ਲੱਗਾ। ਉਹਨਾਂ ਨੂੰ ਇਹ ਡਰ ਸਤਾਉਣ ਲੱਗਾ ਕਿ ਭਿੰਡਰਾਂਵਾਲੇ ਦੇ ਜਿਊਂਦੇ ਜੀਅ ਹੁਣ ਪੰਜਾਬ ਦਾ ਰਾਜ ਭਾਗ ਉਹਨਾਂ ਨੂੰ ਮਿਲਣਾ ਅਸੰਭਵ ਹੈ ਇਸ ਲਈ ਉਹਨਾਂ ਨੇ ਆਪਣੀ ਬੇਈਮਾਨ ਤੇ ਸੌੜੀ ਸੋਚ ਤਹਿਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖ਼ਤਮ ਕਰਵਾਉਣ ਲਈ ਪਵਿੱਤਰ ਸ੍ਰੀ ਹਰਿਮੰਦਰ ਸਹਿਬ ਅਤੇ ਸਮੁੱਚੀ ਸਿੱਖ ਕੌਮ ਦੀ ਹੀ ਬਲੀ ਦੇਣ ਦਾ ਮਨ ਬਣਾ ਲਿਆ।
ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਉਹਨਾਂ ਨੇ ਆਰ.ਐੱਸ.ਐੱਸ. ਅਤੇ ਕੇਂਦਰੀ ਹਕੂਮਤ ਨਾਲ ਨੇੜਤਾ ਬਣਾ ਕੇ ਦਰਬਾਰ ਸਹਿਬ ‘ਤੇ ਫ਼ੌਜੀ ਹਮਲੇ ਦੀ ਯੋਜਨਾ ਨੂੰ ਅੰਜਾਮ ਦਿੱਤਾ। ਇਸ ਫ਼ੌਜੀ ਹਮਲੇ ਵਿੱਚ ਅਕਾਲੀਆਂ ਦੀ ਭਾਈਵਾਲੀ ਨੂੰ ਗੁਪਤ ਰੱਖੇ ਜਾਣ ਦਾ ਕੇਂਦਰ ਨਾਲ ਬਕਾਇਦਾ ਲਿਖਤੀ ਸਮਝੌਤਾ ਹੋਇਆ ਸੀ ਜਿਸ ਤਹਿਤ ਕੇਂਦਰ ਨੇ ਵਫ਼ਾਦਾਰੀ ਪੁਗਾਉਣ ਬਦਲੇ ਸਮਾ ਆਉਣ ‘ਤੇ ਅਕਾਲੀਆਂ ਨੂੰ ਪੰਜਾਬ ਦੇ ਰਾਜ ਭਾਗ ਦੀ ਗੱਦੀ ਸੌਂਪਣੀ ਸੀ। ਕੇਂਦਰ ਨਾਲ ਪੁਗਾਈ ਇਸ ਵਫ਼ਾਦਾਰੀ ਦਾ ਸਭ ਤੋਂ ਵੱਧ ਲਾਹਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਜਿਹੜਾ ਕੌਮ ਨਾਲ ਧਰੋਹ ਕਮਾ ਕੇ ਹਮੇਸ਼ਾ ਹੀ ਰਾਜ ਅਤੇ ਸੱਤਾ ਦਾ ਸੁੱਖ ਭੋਗਦਾ ਆਇਐ।
ਦੂਜੇ ਪਾਸੇ, ਉਹ ਯੋਧੇ ਜਰਨੈਲ ਸਨ ਜਿਨ੍ਹਾਂ ਫ਼ੌਜੀ ਹਮਲੇ ਲਈ ਕੇਂਦਰ ਦੀ ਬਦਨੀਤੀ ਨੂੰ ਮਹਿਸੂਸ ਕਰਦਿਆਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਅਸਲੀ ਵਾਰਸ ਹੋਣ ਦਾ ਸਬੂਤ ਦਿੰਦਿਆਂ ਹਰ ਜਬਰ ਜ਼ੁਲਮ ਦਾ ਮੁਕਾਬਲਾ ਕਰਨ ਦੀ ਠਾਣੀ ਹੋਈ ਸੀ। ਉਹਨਾਂ ਨੇ ਆਪਣੇ ਆਪ ਅੰਦਰ ਗੁਰੂ ਦੀ ਬਖ਼ਸ਼ੀ ਸੱਚੀ ਸਿੱਖੀ ਦੀ ਅਥਾਹ ਤਾਕਤ ਨੂੰ ਮਹਿਸੂਸ ਕਰਦਿਆਂ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਦਸ ਲੱਖ ਫ਼ੌਜਾਂ ਨਾਲ ਚਾਲੀ ਸਿੰਘਾਂ ਦੀ ਲੜਾਈ ਵਿੱਚ ਵੀ ਜਿੱਤ ਗੁਰੂ ਖ਼ਾਲਸੇ ਨੂੰ ਹੋਈ ਸੀ। ਭਾਰਤੀ ਫ਼ੌਜ ਨਾਲ ਇਸ ਲੜਾਈ ਵਿੱਚ ਅਕਾਲੀਆਂ ਦੀਆਂ ਗ਼ਦਾਰੀਆਂ ਦੇ ਬਾਵਜੂਦ, ਉਹ ਵੀਹਵੀਂ ਸਦੀ ਦਾ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਾ ਦੁਨੀਆਂ ਨੂੰ ਇਹ ਦਰਸਾਉਣ ਵਿੱਚ ਕਾਮਯਾਬ ਰਿਹਾ ਕਿ ਸਿੱਖ ਅੱਜ ਵੀ ਆਪਣੇ ਪਵਿੱਤਰ ਸ੍ਰੀ ਹਰਿਮੰਦਰ ਸਹਿਬ ਦੀ ਆਨ ਸ਼ਾਨ ਨੂੰ ਢਾਹ ਲਾਉਣ ਵਾਲਿਆਂ ਨਾਲ ਲੋਹਾ ਲੈਣ ਦੇ ਓਨੇ ਹੀ ਸਮਰੱਥ ਹਨ ਜਿੰਨੇ ਅਠਾਰਵੀਂ ਸਦੀ ਵਿੱਚ ਨਾਦਰ ਤੇ ਅਬਦਾਲੀਆਂ ਦੇ ਸਿੱਖਾਂ ਨੂੰ ਖ਼ਤਮ ਕਰਨ ਦੇ ਭਰਮ ਨੂੰ ਤੋੜ ਕੇ ਦੰਦ ਖੱਟੇ ਕਰਨ ਵੇਲੇ ਦੇ ਸਿੰਘਾਂ ਵਿੱਚ ਸੀ।
ਵੀਹਵੀਂ ਸਦੀ ਦੀ ਇਸ ਖ਼ੂਨੀ ਲੜਾਈ ਵਿੱਚ ਜਿਥੇ ਭਾਰਤ ਸਰਕਾਰ ਨੇ ਰੂਸ ਅਤੇ ਬਰਤਾਨੀਆਂ ਦੀ ਮਦਦ ਸਮੇਤ ਆਪਣੀ ਸਾਰੀ ਤਾਕਤ ਝੋਕ ਦਿੱਤੀ ਉੱਥੇ ਮੁੱਠੀ ਭਰ ਸਿੰਘਾਂ ਨੇ ਲੱਖਾਂ ਦੀ ਗਿਣਤੀ ਵਿੱਚ ਚੜ੍ਹ ਕੇ ਆਈ ਭਾਰਤੀ ਫ਼ੌਜ ਨੂੰ ਉਹ ਸਬਕ ਸਿਖਾਇਆ ਜਿਹੜਾ ਉਹਨਾਂ ਦੇ ਖ਼ਵਾਬੋ ਖ਼ਿਆਲ ਵਿੱਚ ਵੀ ਨਹੀਂ ਸੀ। ਇਸ ਫ਼ੌਜੀ ਹਮਲੇ ਦੀ ਕਮਾਂਡ ਕਰ ਰਹੇ ਇੱਕ ਫ਼ੌਜੀ ਜਰਨੈਲ ਕੁਲਦੀਪ ਬਰਾੜ ਨੇ ਆਪਣੀ ਪੁਸਤਕ ਦਾ ਟਰੂ ਸਟੋਰੀ ਔਫ਼ ਬਲੂ ਸਟਾਰ” ਵਿੱਚ ਖ਼ੁਦ ਲਿਖਿਆ ਹੈ ਕਿ ਇਸ ਲੜਾਈ ਵਿੱਚ ਜਿੰਨਾ ਭਾਰਤੀ ਫ਼ੌਜ ਦਾ ਨੁਕਸਾਨ ਹੋਇਆ ਓਨਾ 1965 ਅਤੇ 1971 ਦੀਆਂ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਵਿੱਚ ਵੀ ਨਹੀਂ ਸੀ ਹੋਇਆ। ਕਿਸੇ ਵੀ ਲੜਾਈ ਸਮੇ ਪੂਰੇ ਜੋਸ਼ ਨਾਲ ਵੈਰੀ ‘ਤੇ ਹਮਲਾ ਕਰਨ ਲਈ ਹਰ ਸਮੇ ਤਤਪਰ ਰਹਿਣ ਵਾਲੀ ਭਾਰਤੀ ਫ਼ੌਜ ਦੀ ਸਿੱਖਾਂ ਨਾਲ ਹੋਈ ਇਸ ਹਫ਼ਤਾ ਭਰ ਦੀ ਲੜਾਈ ਨੇ ਹੌਸਲੇ ਤੋੜ ਦਿੱਤੇ। ਜਰਨਲ ਬਰਾੜ ਅਨੁਸਾਰ ਵੱਡੀ ਗਿਣਤੀ ਵਿੱਚ ਫ਼ੌਜੀ ਨੌਕਰੀਆਂ ਛੱਡ ਕੇ ਜਾਣ ਨੂੰ ਤਿਆਰ ਹੋ ਗਏ ਸਨ ਜਦੋਂ ਕਿ ਪਾਕਿਸਤਾਨ ਅਤੇ ਚੀਨ ਦੀ ਲੜਾਈ ਸਮੇਂ ਨੌਕਰੀਆਂ ਛੱਡ ਜਾਣ ਵਾਲਿਆਂ ਦੀ ਇਹ ਗਿਣਤੀ ਬਹੁਤ ਹੀ ਘੱਟ ਰਹੀ ਹੈ।
ਜੂਨ 1984 ਦੇ ਇਤਿਹਾਸ ਨੂੰ ਵਾਚਦਿਆਂ ਇਥੇ ਇੱਕ ਅੰਤਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਵਿੱਚ ਅਤੇ ਸ਼੍ਰੋਮਣੀ ਅਕਾਲ ਦਲ ਦੀ ਲੀਡਰਸ਼ਿੱਪ ਵਿੱਚ ਸੁਭਾਵਕ ਹੀ ਅਨੁਭਵ ਕੀਤਾ ਜਾ ਸਕਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਮਿਸ਼ਨ ਸਿੱਖ ਸੰਗਤ ਨੂੰ ਜਗਦੀ ਜੋਤ ਸ੍ਰੀ ਗੁਰੂ ਗਰੰਥ ਸਹਿਬ ਨਾਲ ਜੋੜਨਾ ਅਤੇ ਸਮੁੱਚੀ ਕੌਮ ਨੂੰ ਅੰਮ੍ਰਿਤਧਾਰੀ ਬਣਾਉਣਾ ਸੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿੱਪ ਦਾ ਮਕਸਦ ਰਾਜ ਗੱਦੀ ਦੀ ਭੁਖ ਪੂਰੀ ਕਰਨ ਤਕ ਹੀ ਸਿਮਿਤ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੇ ਉਸ ਮਹਾਨ ਪੁਰਸ਼, ਮਹਾਨ ਸੰਤ ਸਿਪਾਹੀ ਅਤੇ ਸਿਖ ਕੌਮ ਦੀ ਆਣ ਇੱਜ਼ਤ ਦੇ ਪ੍ਰਤੀਕ ਬਾਬੇ ਨੂੰ ਖ਼ਤਮ ਕਰਨ ਲਈ ਭਾਰਤੀ ਹਕੂਮਤ ਦਾ ਸਾਥ ਦੇ ਕੇ ਉਹ ਕਲੰਕ ਖੱਟ ਲਿਆ ਜਿਹੜਾ ਇਤਿਹਾਸ ਵਿੱਚ ਹਮੇਸ਼ਾਂ ਦਰਜ ਰਹਿ ਕੇ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਸ਼ਰਮਸਾਰ ਕਰਦਾ ਰਹੇਗਾ।
ਬਘੇਲ ਸਿੰਘ ਧਾਲੀਵਾਲ
99142-58142
[email protected]