ਵਿਧਾਨ ਸਭਾ ਚੋਣਾਂ ਨਹੀਂ ਲੜਨਗੇ ਗੁਲਾਮ ਨਬੀ ਆਜ਼ਾਦ, ਸਿਹਤ ਵਿਗੜਨ ਕਾਰਨ ਲਿਆ ਫ਼ੈਸਲਾ

ਨੈਸ਼ਨਲ ਡੈਸਕ– ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀ.ਪੀ.ਏ.ਪੀ.) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਸਿਹਤ ਕਾਰਨਾਂ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ ਪਰ ਪਾਰਟੀ ਜੰਮੂ-ਕਸ਼ਮੀਰ ਦੀਆਂ ਚੋਣਵੀਆਂ ਸੀਟਾਂ ’ਤੇ ਚੋਣ ਲੜੇਗੀ। ਪਾਰਟੀ ਦੇ ਮੁੱਖ ਬੁਲਾਰੇ ਸਲਮਾਨ ਨਿਜ਼ਾਮੀ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਆਜ਼ਾਦ ਪਹਿਲਾਂ ਡੋਡਾ ਖੇਤਰ ਤੋਂ ਚੋਣ ਲੜਨ ਵਾਲੇ ਸਨ ਪਰ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ ਹੁਣ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ’ਤੇ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ।
ਨਿਜ਼ਾਮੀ ਨੇ ਕਿਹਾ ਕਿ ਡੀ.ਪੀ.ਏ.ਪੀ. ਚੋਣ ਦੌੜ ਤੋਂ ਪਿੱਛੇ ਨਹੀਂ ਹਟੀ, ਜਿਵੇਂ ਕਿ ਅਫਵਾਹ ਸੀ ਅਤੇ ਇਸ ਦੀ ਬਜਾਏ ਸੀਮਤ ਸੀਟਾਂ ’ਤੇ ਚੋਣ ਲੜੇਗੀ, ਜਿੱਥੇ ਉਸ ਦੇ ਉਮੀਦਵਾਰ ਮਜ਼ਬੂਤ ​​ਹਨ। ਉਨ੍ਹਾਂ ਨੇ ਪਾਰਟੀ ਵਰਕਰਾਂ, ਸਮਰਥਕਾਂ ਅਤੇ ਸ਼ੁਭਚਿੰਤਕਾਂ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿਚ ਹਾਲ ਹੀ ਵਿਚ ਦਾਖ਼ਲ ਹੋਣ ਤੋਂ ਬਾਅਦ ਆਜ਼ਾਦ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ, ‘ਆਜ਼ਾਦ ਜਲਦੀ ਹੀ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਸ਼ੁਰੂ ਕਰਨਗੇ।’