ਪਾਤੜਾਂ : ਸਥਾਨਕ ਸ਼ਹਿਰ ਦੀ ਸਬਜ਼ੀ ਮੰਡੀ ਵਿਖੇ ਇਕ ਨਿੱਜੀ ਸਕੂਲ ਦੀ ਖਟਾਰਾ ਬੱਸ ਲੋਕਾਂ ਤੇ ਚੜ੍ਹ ਗਈ, ਜਿਸ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਲੋਕਾਂ ਵੱਲੋਂ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮੌਕੇ ‘ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਇਹ ਹਾਦਸਾ ਬੱਸ ਦੇ ਬ੍ਰੇਕ ਨਾ ਲੱਗਣ ਕਾਰਨ ਵਾਪਰਿਆ ਜਿਸ ਕਾਰਨ ਦੋ ਵਿਅਕਤੀਆਂ ਨੂੰ ਦਰੜਿਆ ਅਤੇ ਸਬਜ਼ੀ ਆੜਤੀਆਂ ਦੀ ਦੁਕਾਨ ਅੱਗੇ ਪਏ ਸਾਮਾਨ ਨੂੰ ਵੀ ਮਧੋਲਦਿਆਂ ਕਾਫੀ ਨੁਕਸਾਨ ਕਰਦੇ ਹੋਏ ਬੱਸ ਅੱਗੇ ਜਾ ਕਾਬੂ ਕੀਤੀ ਗਈ ਅਤੇ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ। ਹਾਦਸੇ ਵਾਲੀ ਥਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਬੱਸ ਦੇ ਥੱਲਿਓਂ ਬੜੀ ਮੁਸਕਿਤ ਦੇ ਨਾਲ ਬਾਹਰ ਕੱਢਿਆ ਗਿਆ ਹੈ ਜੇਕਰ ਥੋੜ੍ਹੀ ਦੇਰ ਹੋ ਜਾਂਦੀ ਤਾਂ ਉਸਦੀ ਜ਼ਿੰਦਗੀ ਖ਼ਤਮ ਹੋ ਜਾਣੀ ਸੀ।
ਇਸ ਹਾਦਸੇ ਉਪਰੰਤ ਬੱਸ ਦੇ ਡਰਾਈਵਰ ਨੇ ਖੁਦ ਮੰਨਿਆ ਹੈ ਕਿ ਇਸ ਸਬੰਧੀ ਸਕੂਲ ਮਾਲਕਾਂ ਨੂੰ ਕਈ ਵਾਰ ਕਿਹਾ ਹੈ, ਪਰ ਉਨ੍ਹਾਂ ਵੱਲੋਂ ਕੰਮ ਨਹੀਂ ਕਰਵਾਇਆ ਗਿਆ। ਇਹ ਬੱਸ ਕਿਸੇ ਠੇਕੇਦਾਰ ਦੀ ਨਹੀਂ ਬਲਕਿ ਸਕੂਲ ਮਾਲਕਾਂ ਦੀ ਬੱਸ ਹੋਣ ਦਾ ਦਾਅਵਾ ਡਰਾਈਵਰ ਵੱਲੋਂ ਕੀਤਾ ਗਿਆ ਹੈ। ਇਹ ਹਾਦਸਾ ਸ਼ਹਿਰ ਦੇ ਸੰਘਣੀ ਆਬਾਦੀ ਅਤੇ ਪੂਰੀ ਟਰੈਫਿਕ ਵਾਲੇ ਚੁਨਗਰਾ ਰੋਡ ਤੇ ਵਾਪਰਿਆ ਹੈ, ਜਿੱਥੇ ਵੱਡਾ ਜਾਂਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ।
ਇੱਥੇ ਜ਼ਿਕਰਯੋਗ ਹੈ ਕਿ ਸਮਾਣਾ ਵਿਖੇ ਵਾਪਰੇ ਵੱਡੇ ਭਿਆਨਕ ਹਾਦਸੇ ਤੋਂ ਸਕੂਲ ਵਾਲਿਆਂ ਨੇ ਸਬਕ ਨਹੀਂ ਲਿਆ ਹੈ। ਇਹ ਸਕੂਲ ਮਾਲਕ ਹਲੇ ਵੀ ਐਨੇ ਬੇਪ੍ਰਵਾਹ ਹਨ ਕਿ ਫ਼ੇਰ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ। ਹੈਰਾਨੀ ਦੀ ਗੱਲ ਹੈ ਕਿ ਬੱਸ ਦਾ ਬੀਮਾ ਖਤਮ ਹੋਏ ਨੂੰ ਤਿੰਨ ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਅਤੇ ਬੱਸ ਦੀ ਫਿਟਨੈਸ ਵੀ ਹੈ ਖ਼ਤਮ ਹੋਈ ਪਈ ਹੈ, ਪਰ ਫੇਰ ਵੀ ਬੇਖੌਫ ਬੱਸ ਚੱਲ ਰਹੀ ਹੈ ,ਜਿਹੜੀ ਸਥਾਨਕ ਪ੍ਰਸ਼ਾਸ਼ਨ ਅਤੇ ਟਰੈਫਿਕ ਪੁਲਸ ‘ਤੇ ਵੀ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ, ਜੋ ਆਮ ਆਉਂਦੇ ਜਾਂਦੇ ਲੋਕਾਂ ਨੂੰ ਬਿਨਾਂ ਵਜ਼੍ਹਾ ਪ੍ਰੇਸ਼ਾਨ ਕਰਦੀ ਰਹਿੰਦੀ ਹੈ। ਪਰ ਇਹੋ ਜਿਹੀਆਂ ਖਟਾਰਾ ਅਤੇ ਦਸਤਾਵੇਜ਼ ਪੂਰੇ ਨਾ ਹੋਣ ਵਾਲੀਆਂ ਬੱਸਾਂ ਕਾਤਲ ਬਣ ਕੇ ਘੁੰਮ ਰਹੀਆਂ ਹਨ।