ਵਿਆਹ ਇੱਕ ਪਵਿੱਤਰ ਬੰਧਨ ਹੋਵੇ ਤਾਂ ਹੀ ਚੰਗਾ

walia bigਸਾਡੇ ਸਮਾਜਵਿਚ ਬੱਚੇ ਦਾ ਜੰਮਣਾ, ਵਿਆਹ ਅਤੇ ਮੌਤ ਤਿੰਨੇ ਘਟਨਾਵਾਂ ਬਹੁਤ ਮਹੱਤਵਪੂਰਨ ਹਨ। ਬੱਚੇ ਦੇ ਜਨਮ ਤੋਂ ਬਾਅਦ ਹੀ ਉਸਦੇ ਵਿਆਹ ਦੀ ਇੰਤਜ਼ਾਰ ਸ਼ੁਰੂ ਹੋ ਜਾਂਦੀ ਹੈ। ਵਿਆਹ ਸਿਰਫ਼ ਦੁਲਹਨ ਜਾਂ ਲਾੜ੍ਹੀ ਅਤੇ ਲਾੜ੍ਹੇ ਦਾਹੀ ਮਿਲਨ ਨਹੀਂ ਸਗੋਂ ਦੋ ਪਰਿਵਾਰਾਂ ਦਾ ਮਿਲਨ ਹੁੰਦਾ ਹੈ। ਅੱਜ ਵਿਆਹ ਸ਼ਾਦੀ ਇਕ ਖੁਸ਼ੀ ਦੇ ਮੌਕੇ ਦੇਨਾਲ ਨਾਲ ਵੱਡੀ ਪਰਿਵਾਰਕ ਸਮੱਸਿਆ ਦਾ ਰੂਪ ਧਾਰ ਚੁੱਕੀ ਹੈ। ਗਲੋਬਲ ਪੰਜਾਬ ਫ਼ਾਊਂਡੇਸ਼ਨ ਵੱਲੋਂ ਮਾਦਾ ਭਰੂਣ ਹੱਤਿਆ ਵਿਰੁੱਧ ਚਲਾਈ ਮੁਹਿੰਮ ਸਮੇਂ ਇਹ ਤੱਥ ਵੀ ਉਭਰ ਕੇ ਸਾਹਮਣੇ ਆਇਆ ਸੀ ਕਿ ਲੋਕ ਇਸ ਕਰਕੇ ਵੀ ਧੀਆਂ ਨੂੰ ਜੰਮਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੇ ਮਨਾਂ ਵਿਚ ਧੀਆਂ ਦੇ ਵਿਆਹ ਸਮੇਂ ਦਾਜ ਦਹੇਜ ਵਰਗੀਆਂ ਮਾਰੂ ਸਮੱਸਿਆਵਾਂ ਦਾ ਡਰ ਹੁੰਦਾ ਹੈ।ਦਾਜ ਦਹੇਜ ਤੋਂ ਇਲਾਵਾ ਵੀ ਅੱਜ ਸਾਡੇ ਸਮਾਜਵਿਚ ਵਿਆਹ ਇਕ ਕੀਮਤੀ ਕਾਰ ਵਿਹਾਰ ਬਣ ਚੁੱਕਾਹੈ। ਵਿਆਹ ਸ਼ਾਦੀਆਂ ਵਿਚ ਪਹਿਲਾਂ ਵਾਲੀ ਸਾਦਗੀ ਖੰਭ ਲਾ ਕੇ ਉਡ ਚੁੱਕੀ ਹੈ। ਵਿਆਹ ਨੂੰ ਫ਼ੋਕੀ ਸਮਾਜਿਕ ਪ੍ਰਤਿਸ਼ਠਾ ਅਤੇ ਦਿਖਾਵੇ ਦਾ ਮੌਕਾ ਬਣਾ ਦਿੱਤਾ ਗਿਆ ਹੈ। ਮੱਧ ਵਰਗੀ ਲੋਕ ਇਸ ਦਲਦਲ ਵਿਚ ਬੁਰੀ ਤਰ੍ਹਾਂ ਫ਼ਸੇ ਮਹਿਸੂਸ ਕਰਦੇ ਹਨ। ਮੈਂ ਪਿਛਲੇ ਦਿਨੀਂ ਆਪਣੇ ਬੇਟੇਦੀ ਸ਼ਾਦੀ ਕਰਕੇ ਹਟਿਆ ਹਾਂ ਅਤੇ ਇਸੇ ਕਰਕੇ ਵਿਆਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਬਹੁਤ ਨੇੜਿਉਂ ਦੇਖਿਆ ਅਤੇ ਵਾਂਚਿਆ ਹੈ।ਇਹਨਾਂ ਵਿਚ ਕੁਝ ਕੁ ਨੂੰ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ।
ਵਰ ਲੱਭਣ ਦੀ ਸਮੱਸਿਆ
ਜਿਸਦੇ ਘਰ ਵਿਆਹੁਣਯੋਗ ਕੁੜੀ ਜਾਂ ਮੁੰਡਾ ਹੈ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਹਨ। ਕਮਾਲ ਇਸ ਗੱਲ ਦੀ ਹੈ ਕਿ ਤਲਾਸ਼ ਭਾਵੇਂ ਮੁੰਡੇ ਲਈ ਹੋਵੇ ਜਾਂ ਕੁੜੀ ਲਈ, ਤੁਹਾਨੂੰ ਮਨਪਸੰਦ ਵਰ ਲੱਭਣਾ ਮੁਸ਼ਕਿਲ ਹੈ। ਜੇਕਰ ਤੁਸੀਂ ਕੁੜੀ ਦੇ ਮਾਪੇ ਹੋ ਤਾਂ ਤੁਹਾਡੀ ਮੁਸ਼ਕਿਲ ਕਾਫ਼ੀ ਜ਼ਿਆਦਾ ਹੈ। ਕੁੜੀ ਪੜ੍ਹ-ਲਿਖ ਗਈ ਹੈ ਅਤੇਤੁਹਾਡੀ ਜਾਤ ਬਰਾਦਰੀ ਵਿਚ ਤੁਹਾਨੂੰ ਉਸਦੇ ਲਾਇਕ ਕੋਈ ਵਰ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਦੂਜੀ ਵੱਡੀ ਸਮੱਸਿਆ ਕੁੜੀ ਦੀ ਉਮਰ ਦੀ ਹੁੰਦੀ ਹੈ। ਉਧਰ ਯੋਗ ਵਰ ਨਹੀਂ ਮਿਲਦਾ, ਉਪਰੋਂਕੁੜੀ ਦੀ ਉਮਰ ਵੱਧ ਰਹੀ ਹੁੰਦੀ ਹੈ। ਅਜਿਹੀ ਮਾਨਸਿਕ ਉਲਝਣ ਦੇ ਸ਼ਿਕਾਰ ਸਿਰਫ਼ ਮਾਪੇ ਹੀ ਨਹੀਂ ਹੁੰਦੇ ਲੜਕੀ ਖੁਦ ਵੀ ਹੁੰਦੀ ਹੈ। ਨਤੀਜੇ ਵਜੋਂ ਨਕਾਰਾਤਮਕ ਸੋਚ ਦਾ ਸਿੱਟਾ ਕੁੜੀ ਦੇ ਚਿਹਰੇ ਤੋਂ ਨਜ਼ਰ ਆਉਣ ਲੱਗਦਾ ਹੈ। ਕਈ ਵਾਰ ਇਹ ਸੋਚ ਕੇ ਕਿ ਕੁੜੀ ਦੀ ਉਮਰ 30 ਵਰ੍ਹਿਆਂ ਤੋਂ ਟੱਪ ਨਾ ਜਾਵੇ, ਮਾਪੇ ਮਜਬੂਰਨ ਵਰ ਲੱਭਣ ਵਿਚ ਕੁਝ ਸਮਝੌਤਾ ਕਰ ਲੈਂਦੇ ਹਨ। ਨਤੀਜੇ ਵਜੋਂ ਮੈਚ ਅਣਜੋੜ ਅਤੇ ਫ਼ਰਕ ਵਾਲਾ ਹੋ ਜਾਂਦਾ ਹੈ, ਜਿਸ ਨਾਲ ਪਰਿਵਾਰਕ ਉਲਝਣਾਂ ਵਿਚ ਵਾਧਾ ਹੁੰਦਾ ਹੈ। ਫ਼ਰਜ਼ ਕਰੋ ਕਿ ਕੁੜੀ ਜ਼ਿਆਦਾ ਪੜ੍ਹੀ-ਲਿਖੀ ਹੈ ਅਤੇ ਮੁੰਡੇ ਕੁੜੀ ਦੇ ਮਾਨਸਿਕ ਪੱਧਰ ਵਿਚ ਵੱਡਾ ਫ਼ਰਕ ਹੈ ਤਾਂ ਲੜਕੀ ਵੱਲੋਂ ਆਪਣੀ ਮਾਨਸਿਕ ਸੰਤੁਸ਼ਟੀ ਲਈ ਆਪਣੇ ਦਫ਼ਤਰ ਵਿਚ ਕੰਮ ਕਰਦੇ ਕਿਸੇ ਸਹਿਕਰਮੀ ਨਾਲ ਦੋਸਤੀ ਬਣਾ ਲਈ ਜਾਂਦੀ ਹੈ ਜੋ ਅੱਗੇ ਜਾ ਕੇ ਨਜਾਇਜ਼ ਸਬੰਧਾਂ ਵਿਚ ਤਬਦੀਲ ਹੋ ਜਾਂਦੀ ਹੈ। ਇਹ ਇਸ ਤੋਂ ਉਲਟ ਵੀ ਹੋ ਸਕਦਾ ਹੈ ਜੇ ਕੁੜੀ ਮੁੰਡੇ ਦੇ ਬਰਾਬਰ ਦੀ ਨਹੀਂ ਹੈ ਤਾਂ ਅਜਿਹਾ ਕੁਝ ਮੁੰਡਾ ਕਰ ਲੈਂਦਾ ਹੈ। ਵਰ ਲੱਭਣ ਸਮੇਂ ਅਜੇ ਵੀ ਸਾਡਾ ਸਮਾਜ ਕੁੰਡਲੀਆਂ ਤੇ ਬਹੁਤ ਵਿਸ਼ਵਾਸ ਕਰਦਾ ਹੈ। ਮੰਗਲੀਕ ਮੁੰਡੇ ਕੁੜੀ ਲਈ ਮੰਗਲੀਕ ਹੋਣ ਕਾਰਨ ਵਿਆਹ ਦੀ ਉਮਰ ਲੰਘਾ ਜਾਂਦੇ ਹਨ। ਸਮਾਜ ਜਿੰਨੀ ਮਰਜ਼ੀ ਤਰੱਕੀ ਦੇ ਦਾਅਵੇ ਕਰੇ ਪਰ ਵਿਆਹ ਸ਼ਾਦੀ ਦੇ ਮਾਮਲੇ ਵਿਚ ਅਜੇ ਵੀ ਲੋਕ ਆਪਣੀ ਜਾਤ ਬਰਾਦਰੀ ਨੂੰ ਤਰਜੀਹ ਦਿੰਦੇ ਹਨ। ਇਹ ਗੱਲ ਵੀ ਠੀਕ ਹੈ ਕਿ ਪਹਿਲਾਂ ਨਾਲੋਂ ਜਾਤ ਬਰਾਦਰੀ ਦੀ ਪਕੜ ਢਿੱਲੀ ਪੈ ਰਹੀ ਹੈ।
ਦਾਜ ਦਹੇਜ ਦੀ ਸਮੱਸਿਆ
ਮੈਂ ਪਿੱਛੇ ਜਿਹੇ ਆਪਣੇ ਇਕ ਬਾਣੀਆ ਬਰਾਦਰੀ ਨਾਲ ਸਬੰਧਤ ਇਕ ਦੋਸਤ ਦੀ ਬੇਟੀ ਦੀ ਸ਼ਾਦੀ ਵਿਚ ਗਿਆ। ਮੁੰਡਾ ਕੁੜੀ ਦੋਵੇਂ ਡਾਕਟਰ ਸਨ। ਵਿਆਹ ਵੀ ਬੜੀ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ ਪਰ ਇਸਦੇ ਬਾਵਜੂਦ ਮੈਨੂੰ ਪਤਾ ਲੱਗਾ ਕਿਦਾਜਵਿਚ ਮੁੰਡੇ ਨੂੰ 1 ਕਰੋੜ ਦਿੱਤਾ ਗਿਆ। ਮੈਂ ਹੱਸਦੇ ਹੋਏ ਕਿਹਾ ਕਿ ਫ਼ਿਰ ਕੁੜੀ ਨੂੰ ਡਾਕਟਰ ਬਣਾਉਣ ਦਾ ਕੀ ਫ਼ਾਇਦਾ ਤਾਂ ਜਵਾਬ ਮਿਲਿਆ ਕਿ ਕੁੜੀ ਦਾ ਭਰਾ ਵੀ ਤਾਂ ਡਾਕਟਰ ਹੈ। ਉਸਦੇ ਵਿਆਹ ਵਿਚ ਘਾਟਾ ਪੂਰਾ ਹੋ ਜਾਵੇਗਾ।ਇਹ ਕੈਸ਼ ਲੈਣ ਦੇਣਦਾ ਰਿਵਾਜ ਭਾਵੇਂ ਬਾਣੀਆਂਵਿਚ ਹੀ ਚਲਦਾ ਹੈ ਪਰ ਬਾਕੀ ਜਾਤਾਂ ਅਤੇ ਬਰਾਦਰੀਆਂ ਵੀ ਪੂਰੀ ਤਰ੍ਹਾਂ ਇਸ ਤੋਂ ਮੁਕਤ ਨਹੀਂ। ਕਈ ਵਾਰ ਤਾਂ ਅਸੀਂ ਖੁਦ ਵੀ ਇਸ ਪ੍ਰਥਾ ਤੋਂ ਨਿਜਾਤ ਨਹੀਂ ਪਾਉਣਾ ਚਾਹੁੰਦੇ। ਜਦੋਂ ਮੈਂ ਆਪਣੇ ਕੁੜਮ ਨੂੰ ਕਿਹਾ ਕਿ ਆਪਾਂ ਇਹਨਾਂ ਗੱਲਾਂ ਵਿਚ ਨਹੀਂ ਪੈਣਾ ਤਾਂ ਉਹਨਾਂ ਦਾ ਕਹਿਣਾ ਸੀ ਕਿ ”ਤੁਹਾਡਾ ਤਾਂ ਪਤਾ ਹੈ ਪਰ ਸਰ ਸਾਕ ਸਰੀਕੇ ਵਿਚ ਨੱਕ ਥੋੜੀ ਢਾਉਣਾ ਹੈ”।
ਕਈ ਵਾਰ ਦਾਜ ਦੀ ਸਮੱਸਿਆ ਨੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਅਪਵਿੱਤਰ ਕਰਨ ਵਿਚ ਵੱਡੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਦਾਜ ਦੀ ਬਲੀ ਕੁੜੀ ਨੂੰ ਚੜ੍ਹਦੇ ਦੇਖਿਆ ਜਾ ਸਕਦਾ ਹੈ, ਉਥੇ ਦਾਜ ਵਿਰੋਧੀ ਕਾਨੂੰਨ ਦੀ ਆੜ ਵਿਚ ਕਈ ਵਾਰ ਲੜਕੇ ਵਾਲਿਆਂ ਨੂੰ ਸਬਕ ਸਿਖਾਉਣ ਦੇ ਕਿੱਸੇ ਵੀ ਸੁਣਨ ਨੂੰ ਮਿਲੇ ਹਨ। ਕੀ ਕਦੇ ਅਸੀਂ ਇਸ ਘਿਨਾਉਣੀ ਪ੍ਰਥਾ ਤੋਂ ਪੂਰਨ ਰੂਪ ਵਿਚ ਨਿਜਾਤ ਪਾ ਸਕਾਂਗੇ।ਇਹ ਸਵਾਲ ਸਾਡੇ ਸਾਹਮਣੇ ਹੈ। ਸਮਾਜ ਨੂੰ ਬਦਲਣਾ ਤਾਂ ਔਖਾਹੈ ਪਰ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ। ਜੇ ਸਾਰੀ ਦੁਨੀਆਂ ਦੇ ਕੰਡੇ ਨਹੀਂ ਚੁਗੇ ਜਾ ਸਕਦੇ ਤਾਂ ਆਪਣੇ ਪੈਰਾਂ ਵਿਚ ਤਾਂ ਜੁੱਤੀ ਪਾਈ ਜਾ ਸਕਦੀ ਹੈ।
ਵਿਆਹ ਸਮੇਂ ਰਸਮਾਂ ਦੀ ਬਹੁਤਾਤ
ਅੱਜਕਲ੍ਹ ਦੇ ਵਿਆਹ ਪੁਰਾਣੇ ਸਮੇਂ ਦੇ ਵਿਆਹਾਂ ਨਾਲੋਂ ਵੀ ਜ਼ਿਆਦਾ ਲੰਬੇ ਹੁੰਦੇ ਜਾਂਦੇ ਹਨ। ਪਹਿਲੇ ਸਮੇਂ ਵਿਚ ਮੰਗਣਾ ਅਤੇ ਵਿਆਹ ਦੋ ਵੱਡੀਆਂ ਰਸਮਾਂ ਹੁੰਦੀਆਂ ਸਨ। ਵਿਆਹ ਸਮੇਂ ਬਰਾਤ ਇਕ ਦੋ ਦਿਨ ਲਈ ਜਾਂਦੀ ਸੀ। ਪਰ ਅੱਜਕਲ੍ਹ ਤਾਂਵਿਆਹ ਦੀਆਂ ਰਸਮਾਂ ਜਿੱਥੇ ਵੱਧ ਗਈਆਂ ਹਨ, ਉਥੇ ਬਹੁਤ ਖਰਚੀਲੇ ਹੋ ਗਏ ਹਨ। ਮੁੰਡੇ ਕੁੜੀ ਦੀ ਦੇਖ-ਦਿਖਾਈ ਤੋਂ ਬਾਅਦ ਰੋਕੇ ਦੀ ਰਸਮ ਕੀਤੀ ਜਾਂਦੀ ਹੈ। ਰੋਕੇ ਦੀਰਸਮ ਸਮੇਂ ਮੁੰਡੇ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਸ਼ਗਨ ਅਤੇ ਸੂਟਾਂ ਨਾਲ ਨਿਵਾਜਿਆ ਜਾਂਦਾ ਹੈ। ਮੁੰਡੇ ਨੂੰ ਆਪਣੀ ਵਿੱਤ ਮੁਤਾਬਕ ਕੁੜੀ ਵਾਲੇ ਸ਼ਗਨ ਦੇ ਕੇ ‘ਰੋਕਦੇ’ ਹਨ। ਇਸ ਰਸਮ ਤੋਂ ਬਾਅਦ ਰਿੰਗ ਸੈਰੇਮਨੀ ਦੀ ਰਸਮ ਹੋਣ ਲੱਗ ਪਈ ਹੈ। ਇਸ ਰਸਮ ਵਿਚ ਮੁੰਡਾ ਕੁੜੀ ਮੁੰਦਰੀਆਂ ਦੀ ਤਬਦੀਲੀ ਕਰਦੇ ਹਨ। ਇਸ ਰਸਮ ਵਿਚ ਮੁੰਡੇ ਦੇ ਕਰੀਬੀ ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤ ਸ਼ਾਮਲ ਹੁੰਦੇ ਹਨ। ਉਧਰ ਕੁੜੀ ਵਾਲਿਆਂ ਵੱਲੋਂ ਵੀ ਕਰੀਬੀ ਰਿਸ਼ਤੇਦਾਰਾਂ ਦਾ ਇਕੱਠ ਹੁੰਦਾ ਹੈ। ਇਸ ਵਿਚ ਵੀ ਸ਼ਗਨ, ਤੋਹਫ਼ੇ ਅਤੇ ਕੱਪੜੇ ਦਿੱਤੇਜਾਂਦੇ ਹਨ। ਵਿਆਹ ਵਾਂਗ ਹੀ ਖਾਣ ਪੀਣ ਅਤੇ ਨੱਚਣ ਗਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਕ ਉਚ ਮੱਧ ਵਰਗ ਦੀ ਰਿੰਗ ਸੈਰੇਮਨੀ ਵਿਚ ਇਕ ਹੇਠਲੇ ਵਰਗ ਦੇ ਪਰਿਵਾਰ ਦੇ ਵਿਆਹ ਜਿੰਨਾ ਖਰਚ ਹੋ ਜਾਂਦਾ ਹੈ।
ਰਿੰਗ ਸੈਰੇਮਨੀ ਤੋਂ ਬਾਅਦ ਸ਼ਗਨ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਰਸਮ ਵਿਚ ਲੜਕੀ ਵਾਲੇ ਲੜਕੇ ਵਾਲਿਆਂ ਦੇ ਘਰ ਸ਼ਗਨ ਲੈ ਕੇ ਆਉਂਦੇ ਹਨ। ਲੜਕੀ ਵਾਲੇ ਆਪਣੇ ਕਰੀਬੀ ਰਿਸ਼ਤੇਦਾਰਾਂ, ਸਾਕ, ਸਬੰਧੀਆਂ ਅਤੇ ਦੋਸਤਾਂ ਨੂੰ ਲੈ ਕੇ ਲੜਕੇ ਵਾਲਿਆਂ ਦੀ ਮਹਿਮਾਨ ਨਿਵਾਜੀ ਮਾਣਦੇ ਹਨ। ਸ਼ਗਨ ਵਿਚ ਜਿੱਥੇ ਬੇਹਿਸਾਬ ਖਰਚ ਲੜਕੀ ਵਾਲੇ ਕਰਦੇ ਹਨ, ਉਥੇ ਲੜਕੇ ਵਾਲੇ ਵੀ ਖੂਬ ਦਿਖਾਵਾ ਕਰਦੇ ਹਨ। ਇਹ ਉਹ ਰਸਮ ਹੈ ਜਿਸ ਵਿਚ ਮੁੰਡੇ ਦੇ ਫ਼ੁੱਫ਼ੜ, ਮਾਮੇ, ਚਾਚੇ, ਤਾਏ ਅਤੇ ਹੋਰ ਕਰੀਬੀਆਂ ਨੂੰ ਮੁੰਦੀਆਂ, ਸੂਟਾਂ ਅਤੇ ਸ਼ਗਨਾਂ ਨਾਲ ਨਿਵਾਜਿਆ ਜਾਂਦਾ ਹੈ। ਸ਼ਗਨ ਤੋਂ ਬਾਅਦ ਅਤੇ ਵਿਆਹ ਤੋਂ ਪਹਿਲਾਂ ‘ਚੁੰਨੀ ਚੜ੍ਹਾਈ’ ਦੀ ਰਸਮ ਕੀਤੀ ਜਾਂਦੀ ਹੈ, ਜਿਸ ਵਿਚ ਲੜਕੇ ਵਾਲੇ ਲਾੜ੍ਹੀ ਨੂੰ ‘ਚੁੰਨੀ’ ਚੜ੍ਹਾਉਣ ਜਾਂਦੇ ਹਨ। ਮੁੰਡੇ ਦੀ ਮਾਂ, ਭੈਣਾਂ ਅਤੇ ਚਾਚੀਆਂ, ਤਾਈਆਂ ਕੁੜੀ ਵਾਲਿਆਂ ਦੇ ਘਰ ਜਾ ਕੇ ਇਹ ਰਸਮ ਕਰਦੀਆਂ ਹਨ। ਇਸ ਵਿਚ ਵੀ ਕੁੜੀ ਵਾਲਿਆਂ ਨੂੰ ਚਾਹ, ਪਾਣੀ, ਖਾਣ-ਪੀਣ ਅਤੇ ਹੋਰ ਮਹਿਮਾਨ ਨਿਵਾਜੀ ਕਰਨੀ ਪੈਂਦੀ ਹੈ।
ਲੇਡੀਜ਼ ਸੰਗੀਤ ਵਿਆਹ ਤੋਂ ਪਹਿਲਾਂ ਆਖਰੀ ਰਸਮ ਹੁੰਦੀ ਹੈ ਜੋ ਮੁੰਡੇ ਅਤੇ ਕੁੜੀ ਵਾਲੇ ਆਪਣੇ ਆਪਣੇ ਘਰ ਕਰਦੇ ਹਨ। ਇਸ ਵਿਚ ਵੀ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਜਾਣਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਅੱਜਕਲ੍ਹ ਜਾਂ ਤਾਂ ਇਹ ਹੋਟਲਾਂ ਵਿਚ ਕੀਤੀ ਜਾਂਦੀ ਹੈ ਜਾਂ ਫ਼ਿਰ ਮੈਰਿਜ ਪੈਲੇਸਾਂ ਵਿਚ। ਡੀ. ਜੇ. ਲਾਕੇ ਖੂਬ ਡਾਂਸ ਕੀਤਾ ਜਾਂਦਾ ਹੈ। ਨਾਚ ਗਾਣੇ ਦੇ ਨਾਲ ਸ਼ਰਾਬ ਦਾ ਦੌਰ ਚੱਲਦਾ ਹੈ। ਲੱਖਾਂ ਰੁਪਏ ਲੇਡੀਜ਼ ਸੰਗੀਤ ਉਤੇ ਖਰਚ ਕਰਕੇ ਦੋਵੇਂ ਧਿਰਾਂ ਵਿਆਹ ਲਈ ਤਿਆਰ ਹੁੰਦੀਆਂ ਹਨ। ਲੇਡੀਜ਼ ਸੰਗੀਤ ਤੋਂ ਬਾਅਦ ਵਿਆਹ ਦੀ ਰਸਮ ਹੁੰਦੀ ਹੈ, ਜੋ ਅੱਜਕਲ੍ਹ ਮੈਰਿਜ ਪੈਲੇਸਾਂ ਵਿਚ ਕਰਨ ਦਾ ਰਿਵਾਜ਼ ਹੈ। ਆਨੰਦ ਕਾਰਜ ਵਿਚ ਸ਼ਾਮਲ ਹੋਣ ਵਾਲੇ ਤਾਂ ਕਰੀਬੀ ਰਿਸ਼ਤੇਦਾਰ ਹੁੰਦੇ ਹਨ, ਬਾਕੀ ਲੋਕ ਤਾਂ ਮੈਰਿਜ ਪੈਲੇਸ ਵਿਚ ਖਾਣ-ਪੀਣ ਦਾ ਆਨੰਦ ਮਾਣਦੇ ਰਹਿੰਦੇ ਹਨ।
ਅੱਜਕਲ੍ਹ ਵਿਆਹ ਦੀਆਂ ਰਸਮਾਂ ਦਾ ਅੰਤ ਰਿਸੈਪਸ਼ਨ ਨਾਲ ਹੁੰਦਾ ਹੈ। ਰਿਸੈਪਸ਼ਨ ਵਿਆਹ ਤੋਂ ਬਾਅਦ ਕਿਸੇ ਮੈਰਿਜ ਪੈਲੇਸ ਵਿਚ ਜਾਂ ਹੋਟਲ ਵਿਚ ਕੀਤੇ ਜਾਣ ਦਾ ਰਿਵਾਜ਼ਹੈ। ਮੁੰਡੇ ਵਾਲਿਆਂ ਵੱਲੋਂ ਰਿਸੈਪਸ਼ਨ ਉਤੇ ਵਿੱਤੋਂ ਬਾਹਰ ਜਾ ਕੇ ਖਰਚਾ ਕੀਤਾ ਜਾਂਦਾ ਹੈ। ਸਮਾਜਿਕ ਤੌਰ ‘ਤੇ ਦਿਖਾਵਾ ਕਰਨ ਦਾ ਵੱਡਾ ਸਾਧਨ ਰਿਸੈਪਸ਼ਨ ਪਾਰਟੀਆਂ ਹੀ ਹਨ। ਇਸ ਪਾਰਟੀ ਵਿਚ ਕੁੜੀ ਵਾਲੇ ਵੀ ਆਪਣੇ ਕਰੀਬੀਆਂ ਸਮੇਤ ਸ਼ਾਮਲ ਹੁੰਦੇ ਹਨ। ਰਿਸੈਪਸ਼ਨ ਪਾਰਟੀਆਂ ਵਿਚ ਪੰਜ ਸੱਤ ਸੌ ਮਹਿਮਾਨਾਂ ਦੇ ਇਕੱਠ ਆਮ ਵੇਖਣ ਨੂੰ ਮਿਲਦੇ ਹਨ। ਇਹਨਾਂ ਪਾਰਟੀਆਂ ਵਿਚ ਕੇਟਰਾਂ ਦੀ ਚਾਂਦੀ ਹੁੰਦੀ ਹੈ। ਇਕ ਪਲੇਟ ਦੇ 1000 ਤੋਂ ਲੈ ਕੇ 1800 ਰੁਪਏ ਤੱਕ ਲਏ ਜਾਂਦੇ ਹਨ। ਉਚ ਸ਼੍ਰੇਣੀ ਦੇ ਖਰਚੇ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਇਹ ਤਾਂ ਮੈਂ ਮੱਧ ਸ਼੍ਰੇਣੀ ਦੇ ਪਰਿਵਾਰਾਂ ਬਾਰੇ ਦੱਸ ਰਿਹਾ ਹਾਂ।
ਸ਼ਰਾਬ ਦਾ ਖਰਚਾ ਇਹਨਾਂ ਖਰਚਿਆਂ ਤੋਂ ਅਲੱਗ ਹੁੰਦਾ ਹੈ। ਵਿਆਹਾਂ ਵਿਚ ਫ਼ੋਟੋਗ੍ਰਾਫ਼ਰਾਂ ਦਾ ਬਿਲ ਵੀ ਲੱਖ ਡੇਢ ਲੱਖ ਬਣਦਾ ਹੈ। ਡੀ. ਜੇ. ਵਾਲੇ ਵੀ ਸੱਠ ਸੱਤਰ ਹਜ਼ਾਰ ਲੈ ਜਾਂਦੇ ਹਨ। ਲਾਈਟਾਂ ਅਤੇ ਟੈਂਟਾਂ ਵਾਲਿਆਂ ਦੇ ਲੱਖ ਸਵਾ ਲੱਖ ਰੁਪਏ ਬਣ ਜਾਂਦੇ ਹਨ।
ਉਕਤ ਤਫ਼ਸੀਲ ਦੇਣ ਦਾ ਮੇਰਾ ਮਕਸਦ ਇਹ ਦੱਸਣਾ ਹੈ ਕਿ ਅੱਜਕਲ੍ਹ ਵਿਆਹ ਵਿਚ ਵੱਧ ਰਹੀ ਫ਼ਜ਼ੂਲ ਖਰਚੀ ਅਤੇ ਵੱਧ ਰਹੀਆਂ ਵਿਆਹ ਦੀਆਂ ਰਸਮਾਂ ‘ਤੇ ਰੋਕ ਲੱਗਣੀ ਚਾਹੀਦੀ ਹੈ। ਇਹ ਕੰਮ ਔਖਾ ਜ਼ਰੂਰ ਹੈ ਪਰ ਅਸੰਭਵ ਨਹੀਂ। ਜਿਵੇਂ ਕਿ ਮੈਂ ਉਪਰ ਦੱਸਿਆ ਹੈ ਕਿ ਮੈਂ ਆਪਣੇ ਬੇਟੇ ਦਾ ਵਿਆਹ ਕਰਕੇ ਹਟਿਆ ਹਾਂ। ਮੈਂ ਇਸ ਸਬੰਧੀ ਕੋਸ਼ਿਸ਼ ਕੀਤੀ ਅਤੇ ਕੁਝ ਹੱਦ ਤੱਕ ਕਾਮਯਾਬ ਵੀ ਹੋਇਆ, ਭਾਵੇਂ ਮੈਨੂੰ ਆਪਣਿਆਂ ਅਤੇ ਸੱਜਣਾਂ ਮਿੱਤਰਾਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਸਭ ਤੋਂ ਪਹਿਲਾਂ ਮੈਂ ਇਹ ਕੀਤਾ ਕਿ ਰਿੰਗ ਸੈਰੇਮਨੀ, ਸ਼ਗਨ ਅਤੇ ਰੋਕਾ ਆਦਿ ਸਭ ਰਸਮਾਂ ਨੂੰ ਇਕੋ ਰਸਮ ਵਿਚ ਤਬਦੀਲ ਕਰਕੇ ਕੁੜੀ ਵਾਲਿਆਂ ਦੇ ਲੇਡੀਜ਼ ਸੰਗੀਤ ਵਾਲੇ ਫ਼ੰਕਸ਼ਨ ਵਿਚ ਸ਼ਾਮਲ ਹੋ ਕੇ ਇਹ ਰਸਮਾਂ ਅਦਾ ਕਰ ਲਈਆਂ। ਇਸਦਾ ਫ਼ਾਇਦਾ ਦੋਹਾਂ ਧਿਰਾਂ ਦੇ ਰਿਸ਼ਤੇਦਾਰਾਂ ਅਤੇ ਕੁੜੀ ਵਾਲਿਆਂ ਨੂੰ ਇਹ ਹੋਇਆ ਕਿ ਵੱਖਰੇ ਤੌਰ ‘ਤੇ ਕੋਈ ਖਰਚ ਨਹੀਂ ਕਰਨਾ ਪਿਆ ਅਤੇ ਨਾ ਹੀ ਮੈਨੂੰ ਤਿੰਨ ਚਾਰ ਰਸਮਾਂ ਲਈ ਦੌੜ ਭੱਜ ਅਤੇ ਖਰਚ ਕਰਨਾ ਪਿਆ। ਦੂਜੀ ਗੱਲ ਮੈਂ ਇਹ ਕੀਤੀ ਕਿ ਮੈਂ ਆਪਣੇ ਕਰੀਬੀ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸਮੇਤ ਕੁੜੀ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਗੀਤ ਸੰਗੀਤ ਸਮਾਰੋਹ ‘ਤੇ ਵਿਆਹ ਤੋਂ ਇਕ ਦਿਨ ਪਹਿਲਾਂ ਬੁਲਾ ਲਿਆ। ਵਿਆਹ ਵਾਲੇ ਫ਼ੰਕਸ਼ਨ ‘ਤੇ ਬਹੁਤ ਹੀ ਸੀਮਤ ਜਿਹੀ ਗਿਣਤੀ ਰੱਖੀ ਗਈ। ਮੇਰੀ ਸਭ ਤੋਂ ਵੱਧ ਆਲੋਚਨਾ ਰਿਸੈਪਸ਼ਨ ਨਾ ਕਰਨ ‘ਤੇ ਕੀਤੀ ਗਈ। ਮੇਰਾ ਤਰਕ ਸੀ ਕਿ ਰਿਸੈਪਸ਼ਨ ਜਾਂ ਗੀਤ ਸੰਗੀਤ ਦੋਹਾਂ ਵਿਚ ਇਕ ਫ਼ੰਕਸ਼ਨ ਕਰਵਾ ਲਵੋ ਅਤੇ ਉਹ ਵੀ ਸੀਮਤ ਗਿਣਤੀ ਦੇ ਮਹਿਮਾਨਾਂ ਨਾਲ। ਮੈਂ ਕਿਸੇ ਦਿਖਾਵੇ ਦੇ ਹੱਕ ਵਿਚ ਨਹੀਂ ਅਤੇ ਨਾ ਹੀ ਸਿਰਫ਼ ਪ੍ਰਭਾਵ ਜਮਾਉਣ ਲਈ ਸਿਆਸੀ ਅਤੇ ਹੋਰ ਵੀ. ਆਈ. ਪੀ. ਸਮਝਦੇ ਲੋਕਾਂ ਨੂੰ ਬੁਲਾਉਣ ਦੇ ਹੱਕ ਵਿਚ। ਇਸੇ ਕਾਰਨ ਮੈਂ ਵਿਆਹ ਸਿਰਫ਼ ਉਹਨਾਂ ਮਿੱਤਰਾਂ ਦੋਸਤਾਂ ਅਤੇ ਸਨੇਹੀਆਂ ਨੂੰ ਸੱਦਾ ਦਿੱਤਾ ਜਿਹਨਾਂ ਨਾਲ ਮੇਰਾ ਵਰ੍ਹਿਆਂ ਤੋਂ ਪਰਿਵਾਰਕ ਰਿਸ਼ਤਾ ਬਣਿਆ ਹੋਇਆ ਹੈ। ਰਿਸੈਪਸ਼ਨ ਨਾ ਕਰਨ ਕਰਕੇ ਮੇਰੇ ਪਰਿਵਾਰ ਵਿਚ ਵੀ ਮੈਨੂੰ ਉਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਮੈਂ ਇਹ ਕਿਹਾ ਕਿ ‘ਆਪਾਂ ਨੂੰ ਵਿਆਹ ਵਿਚ ਸ਼ਗਨ ਨਹੀਂ ਲੈਣਾ ਚਾਹੀਦਾ।’ ਖੈਰ, ਮੇਰੀ ਰਾਏ ਹੈ ਕਿ ਜਦੋਂ ਵੀ ਕੋਈ ਤਬਦੀਲੀ ਲਿਆਉਣੀ ਹੋਵੇ ਤਾਂ ਅਜਿਹੇ ਵਿਰੋਧ ਤਾਂ ਸੁਭਾਵਿਕ ਹੁੰਦੇ ਹਨ।
ਮੇਰੀ ਇੱਛਾ ਹੈ ਕਿ ਵਿਆਹ ਦੀਆਂ ਰਸਮਾਂ ਨੂੰ ਸਾਦਗੀ ਦਾ ਜਾਮਾ ਪਹਿਨਾਇਆ ਜਾਵੇ। ਖਰਚੇ ਘਟਾਏ ਜਾਣ ਅਤੇ ਫ਼ਜ਼ੂਲ ਖਰਚੀ ਤਾਂ ਉੱਕਾ ਹੀ ਬੰਦ ਕੀਤੀ ਜਾਵੇ। ਦਾਜ ਨਾ ਲੈਣ ਅਤੇ ਨਾ ਦੇਣ ਲਈ ਸਮਾਜ ਨੂੰ ਮਾਨਸਿਕ ਤੌਰ ‘ਤੇ ਤਿਆਰ ਕੀਤਾ ਜਾਵੇ। ਵਿਆਹ ਨੂੰ ਪਵਿੱਤਰ ਰਸਮ ਬਣਾਇਆ ਜਾਵੇ ਨਾ ਕਿ ਦਿਖਾਵੇ ਦਾ ਸਾਧਨ। ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਵਿਚ ਵੀ ਵਿਆਹ ਨੂੰ ਪਵਿੱਤਰ ਬੰਧਨ ਬਣਾਉਣ ਵਿਚ ਹੀ ਫ਼ਾਇਦਾ ਹੈ। ਇਸ ਤਰ੍ਹਾਂ ਦੇ ਬੰਧਨ ਹੀ ਸਮਾਜ ਵਿਚ ਪਿਆਰ ਵੰਡਣ ਦੇ ਯੋਗ ਹੁੰਦੇ ਹਨ। ਰਿਸ਼ਤੇਦਾਰੀ ਵਿਚ ਮਨ ਮੁਟਾਵ ਅਤੇ ਖੁੰਦਕਾਂ ਕੱਢਣ ਦਾ ਮੌਕਾ ਵੀ ਵਿਆਹ ਹੀ ਬਣਦੇ ਹਨ, ਇਸ ਤੋਂ ਬਚਣ ਦੀ ਲੋੜ ਹੈ ਜਾਂ ਇਉਂ ਕਹਿ ਲਵੋ ਕਿ ਵਿਆਹ ਵਿਚ ਫ਼ੁੱਫ਼ੜ ਨਾ ਰੁੱਸੇ ਤਾਂ ਚੰਗਾ ਹੀ ਹੈ।

LEAVE A REPLY