ਵਾਲ-ਵਾਲ ਬਚੀ PM ਟਰੂਡੋ ਦੀ ਕੁਰਸੀ, ਫੇਲ੍ਹ ਹੋਇਆ ਬੇਭਰੋਸਗੀ ਮਤਾ

ਟੋਰਾਂਟੋ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖ਼ਿਲਾਫ਼ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦਾ ਗਿਆ ਮਤਾ ਫੇਲ੍ਹ ਹੋ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਸੰਸਦ ਵਿੱਚ ਭਰੋਸੇ ਦਾ ਵੋਟ ਜਿੱਤ ਲਿਆ ਅਤੇ ਆਪਣੀ ਸਰਕਾਰ ਨੂੰ ਢਹਿਣ ਤੋਂ ਬਚਾ ਲਿਆ। ਹਾਲਾਂਕਿ ਸੱਤਾ ‘ਤੇ ਉਨ੍ਹਾਂ ਦੀ ਪਕੜ ਅਜੇ ਵੀ ਕਮਜ਼ੋਰ ਹੈ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ ਅਗਲੇ ਹਫਤੇ ਫਿਰ ਤੋਂ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਲਈ ਹੈ।
ਸੰਸਦ ‘ਚ ਕਈ ਘੰਟਿਆਂ ਤੱਕ ਚੱਲੀ ਗਰਮਾ-ਗਰਮ ਬਹਿਸ ਦੌਰਾਨ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਕ-ਦੂਜੇ ‘ਤੇ ਦੋਸ਼ ਲਾਏ। ਲੰਬੇ ਹੰਗਾਮੇ ਤੋਂ ਬਾਅਦ ਕੰਜ਼ਰਵੇਟਿਵ ਪ੍ਰਸਤਾਵ ਨੂੰ 120 ਦੇ ਮੁਕਾਬਲੇ 211 ਵੋਟਾਂ ਨਾਲ ਰੱਦ ਕਰ ਦਿੱਤਾ ਗਿਆ। ਕੈਨੇਡਾ ਦੇ ਮੁੱਖ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਚੋਣਾਂ ਤੋਂ ਪਹਿਲਾਂ ਹੀ ਟਰੂਡੋ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਟਰੂਡੋ ਦੀ ਲਿਬਰਲ ਪਾਰਟੀ ਦੀ ਸਹਿਯੋਗੀ ਐਨ.ਡੀ.ਪੀ ਨੇ ਵੀ ਉਨ੍ਹਾਂ ਤੋਂ ਦੂਰੀ ਬਣਾ ਲਈ ਹੈ। ਹਾਲਾਂਕਿ ਇਸ ਸਥਿਤੀ ਵਿੱਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ ਨੇ ਲਿਬਰਲ ਨੂੰ ਹੀ ਵੋਟ ਦਿੱਤੀ ਹੈ।
ਕੰਜ਼ਰਵੇਟਿਵ ਲਗਾਤਾਰ ਦੇ ਰਹੇ ਚੁਣੌਤੀ
ਕੰਜ਼ਰਵੇਟਿਵ ਆਗੂ ਪੀਅਰੇ ਪੋਲੀਵਰੇ ਨੇ ਦੇਸ਼ ਦੇ ਮਾੜੇ ਹਾਲਾਤ ਲਈ ਟਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੈਨੇਡਾ ਵਿੱਚ ਮਹਿੰਗਾਈ, ਮਕਾਨਾਂ ਦਾ ਕਿਰਾਇਆ, ਬੇਰੁਜ਼ਗਾਰੀ ਅਤੇ ਟੈਕਸ ਵਿੱਚ ਵਾਧੇ ਤੋਂ ਬਾਅਦ ਟਰੂਡੋ ‘ਤੇ ਫੇਲ੍ਹ ਲੀਡਰਸ਼ਿਪ ਦੇ ਦੋਸ਼ ਲੱਗੇ ਹਨ। ਦੇਸ਼ ਵਿਚ ਉਸ ਖ਼ਿਲਾਫ਼ ਵਿਰੋਧ ਵਧਦਾ ਜਾ ਰਿਹਾ ਹੈ। ਪੋਲੀਵਰੇ ਨੇ ਕਿਹਾ, “ਨੌਂ ਸਾਲਾਂ ਦੀ ਲਿਬਰਲ ਸਰਕਾਰ ਦੇ ਬਾਅਦ, ਕੈਨੇਡਾ ਦੀ ਹਾਲਤ ਬੁਰੀ ਹੈ। ਲਿਬਰਲ ਪਾਰਟੀ ਦੀ ਭਾਈਵਾਲ ਐਨ.ਡੀ.ਪੀ ਦੇ ਪਿੱਛੇ ਹਟਣ ਕਾਰਨ ਟਰੂਡੋ ਸਰਕਾਰ ਹੋਰ ਕਮਜ਼ੋਰ ਹੋ ਗਈ ਹੈ।
ਟਰੂਡੋ ਸਰਵੇ ‘ਚ ਪਛੜ ਰਹੇ
ਹਾਲ ਹੀ ਵਿੱਚ ਹੋਏ ਐਂਗਸ ਰੀਡ ਪੋਲ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੂੰ ਲਿਬਰਲਾਂ ਨਾਲੋਂ ਬਹੁਤ ਅੱਗੇ ਦਿਖਾਇਆ ਗਿਆ ਹੈ, ਜਿਸ ਵਿੱਚ ਕੰਜ਼ਰਵੇਟਿਵਜ਼ ਦੇ ਨਾਲ 43 ਫੀਸਦੀ ਵੋਟਿੰਗ ਹੋਈ ਹੈ, ਜਦੋਂ ਕਿ ਸਿਰਫ 21 ਫੀਸਦੀ ਨੇ ਸੱਤਾਧਾਰੀ ਪਾਰਟੀ ਨੂੰ ਵੋਟ ਦਿੱਤੀ ਹੈ। ਐਨ.ਡੀ.ਪੀ ਨੂੰ 19 ਫੀਸਦੀ ਸਮਰਥਨ ਮਿਲਿਆ ਹੈ, ਐਨ.ਡੀ.ਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਸਦ ਵਿੱਚ ਹਰ ਬਿੱਲ ਦਾ ਮੁਲਾਂਕਣ ਕਰੇਗੀ, ਫਿਰ ਹੀ ਫ਼ੈਸਲਾ ਕਰੇਗੀ ਕਿ ਵੋਟ ਕਿਵੇਂ ਪਾਉਣੀ ਹੈ।
ਜਾਣੋ ਕੈਨੇਡੀਅਨ ਪਾਰਲੀਮੈਂਟ ਦੇ ਸਮੀਕਰਨ ਬਾਰੇ
ਟਰੂਡੋ ਨੂੰ ਸੱਤਾ ‘ਚ ਬਣੇ ਰਹਿਣ ਲਈ ਸਦਨ ‘ਚ ਭਰੋਸਾ ਬਣਾਈ ਰੱਖਣਾ ਜ਼ਰੂਰੀ ਹੈ। ਇਸ ਸਮੇਂ ਲਿਬਰਲ ਪਾਰਟੀ ਕੋਲ 153 ਸੰਸਦ ਮੈਂਬਰ ਹਨ, ਜਦੋਂ ਕਿ ਮੁੱਖ ਵਿਰੋਧੀ ਕੰਜ਼ਰਵੇਟਿਵ ਕੋਲ 119 ਸੀਟਾਂ, ਬਲਾਕ ਕਿਊਬੇਕੋਇਸ ਕੋਲ 33 ਅਤੇ ਐਨ.ਡੀ.ਪੀ ਕੋਲ 25 ਸੀਟਾਂ ਹਨ। ਟਰੂਡੋ ਦੀ ਕਮਜ਼ੋਰ ਹੋ ਰਹੀ ਸਰਕਾਰ ਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੂੰ ਘੱਟ ਗਿਣਤੀ ਸਰਕਾਰ ਨੂੰ ਸੱਤਾ ਵਿੱਚ ਰੱਖਣ ਲਈ ਹੋਰ ਪਾਰਟੀਆਂ ਦੇ ਸਮਰਥਨ ਦੀ ਲੋੜ ਹੈ। ਜੇਕਰ ਉਹ ਇਨ੍ਹਾਂ ਪਾਰਟੀਆਂ ਦੀਆਂ ਮੰਗਾਂ ਨੂੰ ਪਹਿਲ ਨਹੀਂ ਦਿੰਦਾ ਤਾਂ ਉਸ ਵਿਰੁੱਧ ਵਿਰੋਧੀ ਪਾਰਟੀਆਂ ਦੀ ਸਥਿਤੀ ਹੋਰ ਮਜ਼ਬੂਤ ​​ਹੋ ਸਕਦੀ ਹੈ।
ਵਿਰੋਧੀ ਧਿਰ ਦਾ ਹਮਲਾ ਰਹੇਗਾ ਜਾਰੀ
ਪੋਲੀਵਰੇ ਨੇ ਕੋਸ਼ਿਸ਼ ਜਾਰੀ ਰੱਖਣ ਦੀ ਸਹੁੰ ਖਾਧੀ ਹੈ ਅਤੇ ਕਿਹਾ ਹੈ ਕਿ ਸਰਕਾਰ ਨੂੰ ਡੇਗਣ ਦਾ ਅਗਲਾ ਮੌਕਾ ਅਗਲੇ ਹਫ਼ਤੇ ਪੇਸ਼ ਕੀਤਾ ਜਾਵੇਗਾ। ਜੇਕਰ ਉਹ ਅਸਫਲ ਰਹਿੰਦਾ ਹੈ, ਤਾਂ ਸਾਲ ਦੇ ਅੰਤ ਤੋਂ ਪਹਿਲਾਂ ਉਸ ਕੋਲ ਕੁਝ ਹੋਰ ਮੌਕੇ ਹੋਣਗੇ। ਵੱਖਵਾਦੀ ਬਲਾਕ ਕਿਊਬੇਕੋਇਸ ਨੇ ਵੀ ਸੱਤਾਧਾਰੀ ਲਿਬਰਲਾਂ ਤੋਂ ਅਕਤੂਬਰ ਦੇ ਅੰਤ ਤੋਂ ਬਾਅਦ ਵੀ ਸੰਸਦ ਵਿੱਚ ਲਗਾਤਾਰ ਸਮਰਥਨ ਦੇਣ ਲਈ ਰਿਆਇਤਾਂ ਦੀ ਮੰਗ ਕੀਤੀ ਹੈ।