ਵਰੁਣ, ਦਿਲਜੀਤ ਅਤੇ ਅਰਜੁਨ ਕਪੂਰ ਇਕੱਠੇ ਆਉਣਗੇ ਨਜ਼ਰ

ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਰਜੁਨ ਕਪੂਰ ਫ਼ਿਲਮ ਨੋ ਐਂਟਰੀ 2 ‘ਚ ਇਕੱਠੇ ਦਿਖਾਈ ਦੇਣਗੇ। ਫ਼ਿਲਮ ਦੇ ਨਿਰਮਾਤਾ ਬੋਨੀ ਕਪੂਰ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਲ 2005 ‘ਚ ਬਣੀ ਫ਼ਿਲਮ ਨੋ ਐਂਟਰੀ ਦਾ ਨਿਰਦੇਸ਼ਨ ਅਨੀਸ ਬਜ਼ਮੀ ਨੇ ਕੀਤਾ ਸੀ ਜਿਸ ‘ਚ ਸਲਮਾਨ ਖ਼ਾਨ, ਅਨਿਲ ਕਪੂਰ ਅਤੇ ਫ਼ਰਦੀਨ ਖ਼ਾਨ ਅਹਿਮ ਭੂਮਿਕਾਵਾਂ ‘ਚ ਸਨ।
ਬੋਨੀ ਕਪੂਰ ਨੇ ਦੱਸਿਆ ਕਿ ਨਵੀਂ ਫ਼ਿਲਮ ‘ਚ ਪੁਰਾਣੇ ਸਿਤਾਰੇ ਨਜ਼ਰ ਨਹੀਂ ਆਉਣਗੇ, ਅਤੇ ਫ਼ਿਲਹਾਲ ਫ਼ਿਲਮ ਦੀ ਟੀਮ ਇਸ ਪ੍ਰੌਜੈਕਟ ਲਈ 10 ਮਹਿਲਾ ਅਦਾਕਾਰਾਂ ਦੀ ਚੋਣ ‘ਚ ਜੁਟੀ ਹੋਈ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਬੋਨੀ ਕਪੂਰ ਨੇ ਕਿਹਾ, “ਪੁਰਾਣਾ ਅਧਿਆਏ ਖ਼ਤਮ ਹੋ ਚੁੱਕਾ ਹੈ। ਹੁਣ ਸਾਡੇ ਕੋਲ ਦਿਲਜੀਤ, ਵਰੁਣ ਅਤੇ ਅਰਜੁਨ ਹਨ। ਵਰੁਣ ਅਤੇ ਅਰਜੁਨ ਚੰਗੇ ਦੋਸਤ ਹਨ ਜਦ ਕਿ ਦਿਲਜੀਤ ਦੀ ਕੌਮੇਡੀ ਬਹੁਤ ਸ਼ਾਨਦਾਰ ਹੈ। ਇਸ ਲਈ ਮੈਨੂੰ ਇਹ ਇੱਕ ਚੰਗੀ ਅਤੇ ਦਿਲਚਸਪ ਜੁਗਲਬੰਦੀ ਜਾਪਦੀ ਹੈ।” ਉਸ ਨੇ ਕਿਹਾ ਕਿ ਪੁਰਸ਼ ਅਦਾਕਾਰ ਅਤੇ ਬਜ਼ਮੀ ਫ਼ਿਲਮ ਲਈ ਚੁਣੇ ਜਾ ਚੁੱਕੇ ਹਨ, ਪਰ 10 ਮਹਿਲਾ ਅਦਾਕਾਰਾਂ ਦੀ ਚੋਣ ਕਰਨੀ ਬਾਕੀ ਹੈ। ਬੋਨੀ ਕਪੂਰ ਨੇ ਆਖਿਆ ਕਿ ਫ਼ਿਲਮ ਨੋ ਐਂਟਰੀ 2 ਦੀ ਦਸੰਬਰ ਮਹੀਨੇ ਤਕ ਸ਼ੂਟਿੰਗ ਹੋ ਜਾਵੇਗੀ।