‘ਵਨ ਰੈਂਕ-ਵਨ ਪੈਨਸ਼ਨ’ ਨਾਲ ਲੱਖਾਂ ਪੈਨਸ਼ਨਰਾਂ ਨੂੰ ਹੋਵੇਗਾ ਲਾਭ : ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਬਕਾ ਫੌਜੀਆਂ ਲਈ ‘ਵਨ ਰੈਂਕ-ਵਨ ਪੈਨਸ਼ਨ’ (ਓ. ਆਰ. ਓ. ਪੀ) ਯੋਜਨਾ ਨੂੰ ਲਾਗੂ ਕਰਨਾ ਆਪਣੇ ਨਾਇਕਾਂ ਪ੍ਰਤੀ ਰਾਸ਼ਟਰ ਦੇ ਧੰਨਵਾਦ ਦੀ ਪੁਸ਼ਟੀ ਕਰਨ ਲਈ ਇਕ ਅਹਿਮ ਕਦਮ ਹੈ। ਵੀਰਵਾਰ ਇਸ ਯੋਜਨਾ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਓ. ਆਰ. ਓ. ਪੀ. ਹਥਿਆਰਬੰਦ ਫੋਰਸਾਂ ਦੇ ਜਵਾਨਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਇਸ ਇਤਿਹਾਸਕ ਪਹਿਲਕਦਮੀ ਤੋਂ ਲੱਖਾਂ ਪੈਨਸ਼ਨਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਹੋਇਆ ਹੈ। ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਯੋਜਨਾ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਸੱਤਾ ’ਚ ਆਉਣ ਤੋਂ ਬਾਅਦ ਮੋਦੀ ਨੇ ਸੇਵਾਮੁਕਤ ਰੱਖਿਆ ਮੁਲਾਜ਼ਮਾਂ ਦੀਆਂ ਵੱਡੀਆਂ ਸ਼ਿਕਾਇਤਾਂ ਦੇ ਹੱਲ ਲਈ ਯੋਜਨਾ ਨੂੰ ਲਾਗੂ ਕਰਨ ਨੂੰ ਪਹਿਲ ਦਿੱਤੀ ਸੀ। ਮੋਦੀ ਨੇ ਕਿਹਾ ਕਿ ‘ਅੰਕੜਿਆਂ ਤੋਂ ਪਰੇ ਓ. ਆਰ. ਓ.ਪੀ. ਸਾਡੀਆਂ ਹਥਿਆਰਬੰਦ ਫੋਰਸਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਹਮੇਸ਼ਾ ਆਪਣੀਆਂ ਫੋਰਸਾਂ ਨੂੰ ਮਜ਼ਬੂਤ ​​ਕਰਨ ਤੇ ਜਵਾਨਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
ਗੜ੍ਹੀ ਨੂੰ ਪਾਰਟੀ ‘ਚੋਂ ਕੱਢਣ ਤੋਂ ਬਾਅਦ ਬਸਪਾ ਨੂੰ ਇਕ ਹੋਰ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ
ਲੁਧਿਆਣਾ/ਖੰਨਾ (ਵਿਪਨ)- ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਅਨੁਸ਼ਾਸਨਹੀਨਤਾ ਦਾ ਹਵਾਲਾ ਦਿੰਦੇ ਹੋਏ ਹਾਈਕਮਾਂਡ ਨੇ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਸੀ। ਪਾਰਟੀ ਦੇ ਇਸ ਕਦਮ ਤੋਂ ਬਾਅਦ ਬਸਪਾ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਜਸਪ੍ਰੀਤ ਸਿੰਘ ਬੀਜਾ ਨੇ ਵੀ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਨ੍ਹਾਂ ਨੇ ਪਾਰਟੀ ਦੇ ਨਾਂ ਇਕ ਭਾਵੁਕ ਪੱਤਰ ‘ਚ ਲਿਖਿਆ- ”ਮੈਂ ਡਾ. ਜਸਪ੍ਰੀਤ ਸਿੰਘ ਬੀਜਾ (ਜਨਰਲ ਸਕੱਤਰ ਬਸਪਾ ਪੰਜਾਬ, ਇੰਚਾਰਜ ਲੋਕ ਸਭਾ ਸ੍ਰੀ ਫਤਹਿਗੜ੍ਹ ਸਾਹਿਬ, ਇੰਚਾਰਜ ਵਿਧਾਨ ਸਭਾ ਹਲਕਾ ਪਾਇਲ) ਮਿਤੀ 07/11/2024 ਨੂੰ ਆਪਣੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਭਰੇ ਮਨ ਨਾਲ ਅਸਤੀਫਾ ਦਿੰਦਾ ਹਾਂ। ਮੈਂ ਪਿਛਲੇ 20 ਸਾਲਾਂ ਤੋਂ ਲਗਾਤਾਰ ਪਾਰਟੀ ਦੇ ਵੱਖ ਵੱਖ ਅਹੁਦਿਆਂ ਤੇ ਜਿਵੇਂ ਜਨਰਲ ਸਕੱਤਰ ਪੰਜਾਬ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਹਲਕਾ ਪ੍ਰਧਾਨ ਯੂਥ ਵਿੰਗ ਅਤੇ ਸੈਕਟਰ ਇੰਚਾਰਜ ਆਦਿ ਦੇ ਅਹੁਦਿਆਂ ਤੇ ਰਹਿ ਕੇ ਪਾਰਟੀ ਦੀ ਸੇਵਾ ਨਿਭਾ ਚੁੱਕਾ ਹਾਂ।”
ਉਨ੍ਹਾਂ ਅੱਗੇ ਲਿਖਿਆ, ”ਮੈਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਧਾਨ ਸਭਾ ਹਲਕਾ ਪਾਇਲ ਤੋਂ (ਬਸਪਾ-ਸ਼੍ਰੋਮਣੀ ਅਕਾਲੀ ਦਲ ) ਗਠਜੋੜ ਵੱਲੋਂ ਲੜ ਚੁੱਕਾ ਹਾਂ ਅਤੇ 21,000 ਦੇ ਲੱਗਭਗ ਵੋਟਾਂ ਹਾਸਲ ਕੀਤੀਆਂ ਸਨ। ਪਿਛਲੇ ਦਿਨੀਂ ਬਸਪਾ ਦੇ ਕੇਂਦਰੀ ਇੰਚਾਰਜ ਰਣਧੀਰ ਸਿੰਘ ਸੈਨੀਵਾਲ ਵਲੋਂ ਇੱਕ ਨਾਦਰਸ਼ਾਹੀ ਤੁਗਲਕੀ ਫੁਰਮਾਨ ਜਾਰੀ ਕਰ ਕੇ ਬਸਪਾ ਦੇ ਇਮਾਨਦਾਰ, ਮਿਹਨਤੀ, ਸੁਲਝੇ ਹੋਏ ਅਤੇ ਤਜਰਬੇਕਾਰ ਲੀਡਰ, ਪਾਰਟੀ ਲਈ ਆਪਣੀ ਸਰਕਾਰੀ ਨੌਕਰੀ ਦੀ ਕੁਰਬਾਨੀ ਦੇ ਕੇ ਪਾਰਟੀ ਲਈ ਦਿਨ-ਰਾਤ ਇਕ ਕਰ ਕੇ ਲੱਗੇ ਹੋਏ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਨੂੰ ਸਾਜ਼ਿਸ਼ ਤਹਿਤ ਜ਼ਲੀਲ ਕਰ ਕੇ ਪਾਰਟੀ ਵਿਚੋਂ ਬਿਨਾਂ ਸੋਚੇ ਸਮਝੇ ਕੱਢ ਦਿੱਤਾ ਗਿਆ ਸੀ, ਜਿਸ ਦਾ ਪੂਰੇ ਦੇਸ਼-ਵਿਦੇਸ਼ ਦੇ ਵਰਕਰਾਂ ਅਤੇ ਆਗੂਆਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ।”